ਲੰਪੀ ਸਕਿਨ: ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ

ਲੰਪੀ ਸਕਿਨ: ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ

ਪੀੜਤ ਪਸ਼ੂਆਂ ਦਾ ਅੰਕੜਾ 27 ਹਜ਼ਾਰ ’ਤੇ ਪੁੱਜਿਆ; ਹੁਣ ਤੱਕ ਸੂਬੇ ਵਿੱਚ ਪੌਣੇ ਛੇ ਸੌ ਪਸ਼ੂਆਂ ਦੀ ਹੋਈ ਮੌਤ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਪਸ਼ੂਆਂ ’ਚ ਚਮੜੀ ਰੋਗ ਦੀ ਬਿਮਾਰੀ (ਲੰਪੀ ਸਕਿਨ) ਦੇ ਫ਼ੈਲਾਅ ਨੂੰ ਠੱਲ੍ਹਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਪੌਣੇ ਛੇ ਸੌ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤ ਪਸ਼ੂਆਂ ਦਾ ਅੰਕੜਾ 27 ਹਜ਼ਾਰ ਨੂੰ ਛੂਹ ਗਿਆ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਹੁਣ ਹੱਡਾ ਰੋੜੀਆਂ ਵੀ ਪਸ਼ੂਆਂ ਨੂੰ ਝੱਲ ਨਹੀਂ ਰਹੀਆਂ। ਆਵਾਰਾ ਪਸ਼ੂ ਤਾਂ ਸੜਕਾਂ ਕਿਨਾਰੇ ਹੀ ਪਏ ਹਨ, ਜਿਨ੍ਹਾਂ ਕਾਰਨ ਹਾਲਾਤ ਹੋਰ ਵਿਗੜਨ ਦਾ ਵੀ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਤਲਵੰਡੀ ਸਾਬੋ ਦੇ ਪਿੰਡ ਕਮਾਲੂ ਦੇ ਸਮਾਜ ਸੇਵੀ ਨੌਜਵਾਨ ਮੇਜਰ ਸਿੰਘ ਨੇ ਦੱਸਿਆ ਕਿ ਸੜਕਾਂ ਤੇ ਨਹਿਰਾਂ ਕਿਨਾਰੇ ਮਰੇ ਹੋਏ ਪਸ਼ੂ ਪਏ ਹਨ, ਜਿਨ੍ਹਾਂ ਨੂੰ ਕੋਈ ਨਹੀਂ ਚੁੱਕ ਰਿਹਾ। ਸੰਗਰੂਰ ਦੇ ਪਿੰਡ ਢੰਡੋਲੀ ਕਲਾਂ ਦੀ ਹੱਡਾਂ ਰੋੜੀ ਦੇ ਗੇਟ ’ਤੇ ਹੀ ਮਰੇ ਪਸ਼ੂ ਪਏ ਹਨ, ਜਿਸ ਕਾਰਨ ਰਾਹਗੀਰਾਂ ਦਾ ਵੀ ਉੱਥੋਂ ਲੰਘਣਾ ਔਖਾ ਹੋ ਗਿਆ ਹੈ।

ਗ਼ੌਰਤਲਬ ਹੈ ਕਿ ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਦਾ ਕੇਸ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਆਇਆ ਸੀ ਤੇ ਗੁਜਰਾਤ ਤੇ ਰਾਜਸਥਾਨ ਵੱਲੋਂ ਸੂਬੇ ਵਿੱਚ ਇਸ ਬਿਮਾਰੀ ਦਾ ਪ੍ਰਵੇਸ਼ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮਾਹਰ ਆਖਦੇ ਹਨ ਕਿ ਇਹ ਬਿਮਾਰੀ ਪਾਕਿਸਤਾਨ ’ਚੋਂ ਆਈ ਹੈ, ਜਿਸ ਦਾ ਪਾਸਾਰ ਹੁਣ ਹਰਿਆਣਾ ਸੂਬੇ ਵਿੱਚ ਵੀ ਵੱਡੇ ਪੱਧਰ ’ਤੇ ਹੋ ਗਿਆ ਹੈ। ਇਸ ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਵਿੱਚ ਲੱਗਣ ਵਾਲੇ ਪਸ਼ੂਆਂ ਮੇਲਿਆਂ ’ਤੇ ਰੋਕ ਲਗਾਈ ਗਈ ਹੈ। ਪੰਚਾਇਤ ਮਹਿਕਮੇ ਨੂੰ ਪਿੰਡਾਂ ਦੀਆਂ ਹੱਡਾ ਰੋੜੀਆਂ ’ਤੇ ਨਿਗ੍ਹਾ ਰੱਖਣ ਲਈ ਕਿਹਾ ਗਿਆ ਹੈ।