ਲੰਘ ਆ ਜਾ ਪੱਤਣ ਝਨਾਂ ਦਾ…

ਲੰਘ ਆ ਜਾ ਪੱਤਣ ਝਨਾਂ ਦਾ…

ਸ਼ਵਿੰਦਰ ਕੌਰ

ਪੰਜਾਬ ਨਾਂ ਫ਼ਾਰਸੀ ਦੇ ਸ਼ਬਦ ਪੰਜ+ਆਬ ਤੋਂ ਪਿਆ ਹੈ ਭਾਵ ਪੰਜ ਪਾਣੀਆਂ ਦੀ ਧਰਤੀ। ਪਰਬਤਾਂ ’ਚੋਂ ਨਿਕਲਦੇ ਇਨ੍ਹਾਂ ਪੰਜ ਦਰਿਆਵਾਂ ਰਾਹੀਂ ਲਿਆਂਦੀ ਮਿੱਟੀ ਨੇ ਇਸ ਦੀ ਭੂਮੀ ਨੂੰ ਜਰਖੇਜ਼ ਬਣਾਇਆ ਹੈ। ਇਸ ਲਈ ਇਸ ਦੇ ਮੈਦਾਨੀ ਭਾਗ ਬਹੁਤ ਉਪਜਾਊ ਹਨ। ਇਸੇ ਲਈ ਇਹ ਖਿੱਤਾ ਪੈਦਾਵਾਰ ਪੱਖੋਂ ਸਭ ਤੋਂ ਵੱਧ ਉਤਪਾਦਕ ਹੈ। ਇਨ੍ਹਾਂ ਦਰਿਆਵਾਂ ਕੰਢੇ ਸਾਡੇ ਅਮੀਰ ਸੱਭਿਆਚਾਰ ਦੀ ਉਤਪਤੀ ਹੋਈ। ਦਰਿਆਵਾਂ ਦੇ ਪਾਣੀਆਂ ਨੇ ਪ੍ਰੇਮੀਆਂ ਦੇ ਇਸ਼ਕ ਨੂੰ ਹੁਲਾਰਾ ਦਿੱਤਾ। ਹੀਰ-ਰਾਂਝਾ, ਸੋਹਣੀ-ਮਹੀਂਵਾਲ ਦੀ ਮੁਹੱਬਤ ਦੀ ਕਹਾਣੀ ਅੱਜ ਵੀ ਇਹ ਦਰਿਆ ਸਾਂਭੀ ਬੈਠੇ ਹਨ।

ਪੰਜਾਬ ਦੀ ਹੋਈ ਵੰਡ ਨੇ ਜਿੱਥੇ ਹਮਸਾਇਆ ਨੂੰ ਵੰਡ ਦਿੱਤਾ ਉੱਥੇ ਦਰਿਆ ਵੀ ਵੰਡੇ ਗਏ। ਅੱਜ ਅਸੀਂ ਚਨਾਬ ਜਿਸ ਨੂੰ ਲੋਕ ਜੀਵਨ ਤੇ ਖ਼ਾਸ ਕਰਕੇ ਲੋਕ ਸਾਹਿਤ ਵਿੱਚ ਝਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੀ ਗੱਲ ਕਰਾਂਗੇ। ਇਹ ਉੱਤਰ-ਪੱਛਮੀ ਭਾਰਤ ਅਤੇ ਪਾਕਿਸਤਾਨ ਵਿੱਚ ਵਗਣ ਵਾਲਾ ਵੱਡਾ ਦਰਿਆ ਹੈ। ਇਹ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਲਾਹੁਣ ਦੇ ਨੇੜਿਉਂ ਦੋ ਨਦੀਆਂ ਚੰਦ੍ਰਾ ਅਤੇ ਭਾਗਾ ਦੇ ਸੰਗਮ ਨਾਲ ਹੋਂਦ ਵਿੱਚ ਆਉਂਦਾ ਹੈ। ਚੰਦ੍ਰਾ ਦੇ ਤੰਦ ਦੇ ਸਥਾਨ ਤੋਂ ਭਾਗਾ ਨਦੀ ਨਾਲ ਸੰਗਮ ਕਰਕੇ ਇਨ੍ਹਾਂ ਇਕੱਠੀਆਂ ਹੋਈਆਂ ਨਦੀਆਂ ਨੂੰ ਚੰਦ੍ਰਭਾਗਾ ਜਾਂ ਚਨਾਬ ਦਰਿਆ ਕਿਹਾ ਜਾਂਦਾ ਹੈ।

ਦਰਿਆਵਾਂ ਨਾਲ ਮਨੁੱਖ ਦਾ ਗੂੜ੍ਹਾ ਸਬੰਧ ਹੈ। ਦਰਿਆਵਾਂ ਦੇ ਪਾਣੀਆਂ ਨਾਲ ਸਾਡੀਆਂ ਫ਼ਸਲਾਂ ਹੀ ਨਹੀਂ ਪਲਦੀਆਂ ਸਗੋਂ ਸਾਡੀ ਆਰਥਿਕਤਾ ਇਨ੍ਹਾਂ ਨਾਲ ਜੁੜੀ ਹੋਈ ਹੈ। ਇਹ ਸਾਡੀ ਸੱਭਿਅਤਾ ਨੂੰ ਜਨਮ ਦੇਣ ਵਾਲੇ ਹਨ। ਪੰਜਾਬੀਆਂ ਦੀਆਂ ਦਰਿਆਵਾਂ ਪ੍ਰਤੀ ਭਾਵਨਾਵਾਂ ਨੂੰ ਪ੍ਰੋ. ਪੂਰਨ ਸਿੰਘ ਨੇ ਆਪਣੀ ਇੱਕ ਕਵਿਤਾ ਵਿੱਚ ਪ੍ਰਗਟ ਕੀਤਾ ਹੈ:

ਰਾਵੀ ਸੋਹਣੀ ਪਈ ਵਗਦੀ, ਮੈਨੂੰ ਸਤਲੁਜ ਪਿਆਰਾ ਹੈ,

ਮੈਨੂੰ ਬਿਆਸ ਪਿਆ ਖਿੱਚਦਾ, ਮੈਨੂੰ ਝਨਾਂ ’ਵਾਜ਼ਾਂ ਮਾਰਦੀ

ਮੈਨੂੰ ਜੇਹਲਮ ਪਿਆਰਦਾ, ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ।

ਝਨਾਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ਼ਕ ਝਨਾਂ ਦੇ ਪਾਣੀਆਂ ਵਿੱਚ ਨੱਚਦਾ ਹੈ। ਇਸ ਲਈ ਪੰਜਾਬੀ ਲੋਕਧਾਰਾ ਵਿੱਚ ਗੀਤ, ਟੱਪੇ, ਬੋਲੀਆਂ ਅਤੇ ਸਾਹਿਤ ਵਿੱਚ ਝਨਾਂ ਨੂੰ ਪੂਰੀ ਥਾਂ ਮਿਲੀ ਹੋਈ ਹੈ।

ਪਹਾੜੀ ਖੇਤਰ ਦਾ ਇੱਕ ਲੋਕ ਗੀਤ ਝਨਾਂ ਦੀ ਚਾਲ ਦੀ ਗੱਲ ਕਰਦਾ ਹੈ :

ਬੁੱਤ ਵਨੋਟਿਆਂ, ਤੇਰੀ ਠੰਢੀ ਲਹਿਰ ਹੈ ਕਾਫ਼ੀ ਛਾਂ ਦੀ।

ਮਿੱਠੀ ਬੋਲੀ ਥਲ ਦੀ, ਲਿਡਕਾਵੀਂ ਚਾਲ ਝਨਾਂ ਦੀ।

ਝਨਾਂ ਨਾਲ ਕਈ ਪ੍ਰੀਤ ਕਹਾਣੀਆਂ ਜੁੜੀਆਂ ਹੋਣ ਕਰਕੇ ਇਹ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੈ। ਇਸ ਦੇ ਪਾਣੀਆਂ ਨੇ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ। ਇਸੇ ਕਰਕੇ ਸਾਹਿਤ ਵਿੱਚ ਇਸ ਨੂੰ ਅਕਸਰ ਪ੍ਰੇਮ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ। ਸੌਦਾਗਰ ਇੱਜ਼ਤ ਬੇਗ ਤੇ ਝਨਾਂ ਦੇ ਕੰਢਿਆਂ ਦੀ ਖੂਬਸੂਰਤੀ ਅਤੇ ਸੋਹਣੀ ਦੇ ਸੁਹੱਪਣ ਨੇ ਅਜਿਹਾ ਜਾਦੂ ਕੀਤਾ ਕਿ ਉਹ ਮੁੜ ਬੁਖਾਰੇ ਜਾਣ ਜੋਗਾ ਨਾ ਰਿਹਾ। ਸੋਹਣੀ ਦੇ ਪਿਆਰ ਵਿੱਚ ਗੁਆਚੇ ਇੱਜ਼ਤ ਬੇਗ ਨੇ ਮਹੀਵਾਲ ਬਣ ਕੁੱਲੀ ਵੀ ਝਨਾਂ ਦੇ ਕੰਢੇ ਪਾ ਲਈ ਸੀ। ਸੋਹਣੀ ਆਪਣੇ ਪ੍ਰੇਮੀ ਮਹੀਂਵਾਲ ਨੂੰ ਹਰ ਰੋਜ਼ ਘੜੇ ਉੱਤੇ ਠਾਠਾਂ ਮਾਰਦੇ ਝਨਾਂ ਦੇ ਪਾਣੀ ਨੂੰ ਪਾਰ ਕਰ ਕੇ ਮਿਲਣ ਜਾਇਆ ਕਰਦੀ ਸੀ। ਇੱਕ ਦਨਿ ਨਨਾਣ ਵੱਲੋਂ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖਣ ਕਰ ਕੇ ਘੜਾ ਖੁਰਨਾ ਸ਼ੁਰੂ ਹੋ ਗਿਆ। ਸੋਹਣੀ ਆਪਣੇ ਇਸ਼ਟ ਨੂੰ ਧਿਆਉਂਦੀ ਕਹਿੰਦੀ ਹੈ :

ਰਾਤ ਹਨੇਰੀ ਲਿਸ਼ਕਣ ਤਾਰੇ, ਕੱਚੇ ਘੜੇ ਉੱਤੇ ਮੈਂ ਤਰਦੀ,

ਵੇਖੀਂ ਰੱਬਾ ਖੈਰ ਕਰੀਂ, ਤੇਰੀ ਆਸ ’ਤੇ ਮੂਲ ਨਾ ਡਰਦੀ।

ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ,

ਮੈਨੂੰ ਵੀ ਲੈ ਚੱਲ ਪਾਰ ਘੜਿਆ।

ਵੇਖਣ ਨੂੰ ਦੋਵੇਂ ਨੈਣ ਤਰਸਦੇ,

ਮੇਲ ਦਈਂ ਦਿਲਦਾਰ ਘੜਿਆ।

ਸੋਹਣੀ ਝਨਾਂ ਦੇ ਪਾਣੀਆਂ ਵਿੱਚ ਆਪ ਤਾਂ ਡੁੱਬ ਜਾਂਦੀ ਹੈ, ਪਰ ਆਪਣੇ ਇਸ਼ਕ ਨੂੰ ਅਮਰ ਕਰ ਜਾਂਦੀ ਹੈ ਅਤੇ ਪੰਜਾਬੀਆਂ ਦੇ ਦਿਲਾਂ ’ਤੇ ਆਪਣੀ ਪ੍ਰੀਤ ਕਹਾਣੀ ਦੀ ਅਮਿੱਟ ਛਾਪ ਛੱਡ ਜਾਂਦੀ ਹੈ:

ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ

ਸ਼ੂਕਦੇ ਪਾਣੀਆਂ ’ਚ ਘੜੇ ’ਤੇ ਤਰਦੀ

ਵਿੱਚ ਝਨਾਂ ਦੇ ਡੁੱਬ ਕੇ ਸੋਹਣੀ

ਅਮਰ ਪ੍ਰੀਤ ਨੂੰ ਕਰ ਗਈ।

ਤਖ਼ਤ ਹਜ਼ਾਰੇ ਦੇ ਚੌਧਰੀ ਦਾ ਮੁੰਡਾ ਧੀਦੋ ਇੱਕ ਵਾਰ ਝਨਾਂ ਦੇ ਪੱਤਣ ਨੂੰ ਪਾਰ ਕਰ ਕੇ ਪ੍ਰੇਮ ਦਾ ਪੱਟਿਆ ਮੁੜ ਘਰ ਨਾ ਪਰਤਿਆ। ਹੀਰ ਦੇ ਪਿਆਰ ਵਿੱਚ ਡੁੱਬਿਆ ਬਾਰਾਂ ਸਾਲ ਇਸ ਦੇ ਕੰਢੇ ਬੇਲਿਆਂ ਵਿੱਚ ਉਨ੍ਹਾਂ ਦੀਆਂ ਮੱਝਾਂ ਚਾਰਦਾ ਰਿਹਾ, ਪਰ ਇੱਕ ਅਮੀਰ ਬਾਪ ਮੱਝੀਆਂ ਦੇ ਝੇੜੂ ਨੂੰ ਆਪਣੀ ਧੀ ਵਿਹਾਉਣ ਤੋਂ ਇਨਕਾਰੀ ਹੋ ਗਿਆ। ਬੇਸ਼ੱਕ ਉਨ੍ਹਾਂ ਦਾ ਪਿਆਰ ਸਮਾਜਿਕ ਬੰਦਸ਼ਾਂ ਕਾਰਨ ਸਿਰੇ ਨਹੀਂ ਚੜ੍ਹ ਸਕਿਆ, ਪਰ ਉਨ੍ਹਾਂ ਦੇ ਪਿਆਰ ਦੀਆਂ ਕਥਾਵਾਂ ਲੋਕਾਂ ਅੰਦਰ ਐਨੀਆਂ ਮਕਬੂਲ ਹੋਈਆਂ ਕਿ ਲੋਕ ਮਨਾਂ ਵਿੱਚ ਅਮਰ ਹੋ ਗਈਆਂ। ਹੀਰ, ਰਾਂਝੇ ਦੇ ਇਸ਼ਕ ਵਿੱਚ ਆਪਾ ਵਾਰ ਕੇ ਕੂਕ ਉੱਠੀ ਸੀ:

ਰਾਂਝਾ ਰਾਂਝਾ ਕਰਦੀ ਨੀਂ ਮੈਂ ਆਪੇ ਰਾਂਝਾ ਹੋਈ,

ਸੱਦੋ ਨੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।

ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਹੋਰ ਖਿਆਲ ਨਾ ਕੋਈ।

ਮੈਂ ਨਹੀਂ, ਉਹ ਆਪੇ ਹੈ, ਆਪਣੀ ਆਪ ਕਰੇ ਦਿਲਜੋਈ।

ਪ੍ਰੋਫੈਸਰ ਮੋਹਨ ਸਿੰਘ ਝਨਾਂ ਨਾਲ ਆਪਣੇ ਇਸ਼ਕ ਦੀ ਬਾਤ ਕਵਿਤਾ ‘ਝਨਾਂ’ ਵਿੱਚ ਪਾਉਂਦੇ ਹੋਏ ਕਹਿੰਦੇ ਹਨ :

ਮੇਰੇ ਫੁੱਲ ਝਨਾਂ ਵਿੱਚ ਪਾਣੇ

ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ,

ਕਦਰ ਇਨ੍ਹਾਂ ਦੀ ਕੋਈ ਆਸ਼ਕ ਪਾਵੇ

ਮੇਰੇ ਫੁੱਲ ਝਨਾਂ ਵਿੱਚ ਪਾਣੇ।

ਅੱਜ ਲੋੜ ਹੈ ਕਿ ਅਸੀਂ ਆਪਣੇ ਦਰਿਆਵਾਂ ਨੂੰ ਪਲੀਤ ਕਰਨ ਦੀ ਥਾਂ ਇਨ੍ਹਾਂ ਦੀ ਸੰਭਾਲ ਕਰੀਏ। ਕੁਦਰਤ ਵੱਲੋਂ ਬਖ਼ਸ਼ੇ ਇਨ੍ਹਾਂ ਅਨਮੋਲ ਤੋਹਫਿਆਂ ਦੀ ਕਦਰ ਕਰੀਏ। ਪੰਜਾਬ ਦੀ ਹੋਂਦ ਦਰਿਆਵਾਂ ਨਾਲ ਜੁੜੀ ਹੋਈ ਹੈ। ਜਿੰਨੀ ਦੇਰ ਸਾਡੇ ਦਰਿਆ ਸਲਾਮਤ ਰਹਿਣਗੇ, ਉਦੋਂ ਤੱਕ ਸੁਰਿੰਦਰ ਕੌਰ ਦੀ ਮਿੱਠੀ ਆਵਾਜ਼ ’ਚ ਗਾਇਆ ਇਹ ਗੀਤ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਗੂੰਜਦਾ ਰਹੇਗਾ :

ਲੰਘ ਆ ਜਾ ਪੱਤਣ ਝਨਾਂ ਦਾ, ਓ ਯਾਰ।

ਲੰਘ ਆ ਜਾ ਪੱਤਣ ਝਨਾਂ ਦਾ।

ਸਿਰ ਸਦਕੇ ਮੈਂ ਜਾਵਾਂ ਤੇਰੇ ਨਾਂ, ਓ ਯਾਰ।

ਲੰਘ ਆ ਜਾ ਪੱਤਣ ਝਨਾਂ ਦਾ।