ਲੰਗਰ ਘਪਲਾ: ਸ਼੍ਰੋਮਣੀ ਕਮੇਟੀ ਵੱਲੋਂ 23 ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ

ਲੰਗਰ ਘਪਲਾ: ਸ਼੍ਰੋਮਣੀ ਕਮੇਟੀ ਵੱਲੋਂ 23 ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ

ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੁੱਕੇ ਪ੍ਰਸ਼ਾਦਿਆਂ ਦੇ ਘਪਲੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਅੱਤਲ ਕੀਤੇ ਗਏ 51 ਮੁਲਾਜ਼ਮਾਂ ਵਿੱਚੋਂ ਅੱਜ 23 ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ ਹੋ ਗਈਆਂ ਹਨ। ਇਹ ਮੁਲਾਜ਼ਮ ਲਗਪਗ 1 ਕਰੋੜ ਦੇ ਘਪਲੇ ਦੇ ਦੋਸ਼ ਹੇਠ ਮੁਅੱਤਲ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚੋਂ 23 ਜਣਿਆਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਬਣੀ ਇੱਕ ਜਾਂਚ ਕਮੇਟੀ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਕੀਤੀ ਗਈ, ਜਿਸ ਦੀ ਰਿਪੋਰਟ ਕੱਲ੍ਹ ਅੰਤ੍ਰਿੰਗ ਕਮੇਟੀ ਨੂੰ ਸੌਂਪੀ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਰਿਪੋਰਟ ਦੇ ਆਧਾਰ ’ਤੇ ਇੰਸਪੈਕਟਰ ਵਜੋਂ ਤਾਇਨਾਤ 23 ਮੁਲਾਜ਼ਮ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਗੱਲ ਕਰਦਿਆਂ ਸ੍ਰੀ ਗਰੇਵਾਲ ਨੇ ਆਖਿਆ ਕਿ ਜਾਂਚ ਕਮੇਟੀ ਨੇ ਇਸ ਮਾਮਲੇ ਵਿਚ ਮੁੱਅਤਲ ਕੀਤੇ ਗਏ ਕਰਮਚਾਰੀਆਂ ਦਾ ਪੱਖ ਸੁਣਿਆ ਹੈ ਅਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇੰਸਪੈਕਟਰਾਂ ਨੇ ਆਪਣੀ ਡਿਊਟੀ ਨਿਭਾਉਣ ’ਚ ਕੁੱਝ ਲਾਪ੍ਰਵਾਹੀ ਵਰਤੀ ਸੀ ਪਰ ਉਹ ਸਿੱਧੇ ਤੌਰ ’ਤੇ ਇਸ ਘਪਲੇ ਵਿੱਚ ਸ਼ਾਮਲ ਨਹੀਂ ਪਾਏ ਗਏ। ਇਸ ਲਈ ਚਿਤਾਵਨੀ ਦੇ ਕੇ ਦੀਆਂ ਸੇਵਾਵਾਂ ਮੁੜ ਬਹਾਲ ਕੀਤੀਆਂ ਹਨ, ਪਰ ਇਸ ਲਾਪ੍ਰਵਾਹੀ ਦੀ ਸਜ਼ਾ ਵਜੋਂ ਉਨ੍ਹਾਂ ਦੀ ਇੱਕ ਇੰਕਰੀਮੈਂਟ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਰੇ ਮੁਲਾਜ਼ਮ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ।