ਲੰਗਰ ਘਪਲਾ: ਮੁਅੱਤਲ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਵਿਰੋਧ

ਲੰਗਰ ਘਪਲਾ: ਮੁਅੱਤਲ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਵਿਰੋਧ

ਅੰਮ੍ਰਿਤਸਰ- ਲੰਗਰ ਦੇ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ 51 ਮੁਲਾਜ਼ਮਾਂ ਵਿਚੋਂ ਵੱਡੀ ਗਿਣਤੀ ਨੇ ਸ਼੍ਰੋਮਣੀ ਕਮੇਟੀ ਦੇ ਫੈਸਲਾ ਦਾ ਵਿਰੋਧ ਕਰਦਿਆਂ ਇਹ ਫੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਜ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਧਿਆਨ ਵਿੱਚ ਲਿਆ ਕੇ ਉਕਤ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਆਖਿਆ ਕਿ ਉਹ ਸਿੱਧੇ ਤੌਰ ’ਤੇ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹਨ ਜਦੋਕਿ ਉਨ੍ਹਾਂ ਨੂੰ ਆਪਣੀ ਸਫਾਈ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਇਨ੍ਹਾਂ ਮੁਲਾਜ਼ਮਾਂ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਦੀ ਵਿਰੋਧੀ ਧਿਰ ਵੀ ਨਿੱਤਰ ਆਈ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਅਤੇ ਸਿਰਫ਼ ਅਣਗਹਿਲੀ ਵਰਤੀ ਹੈ, ਉਨ੍ਹਾਂ ਮੁਲਾਜ਼ਮਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਅਤੇ ਸਰਬੰਸ ਸਿੰਘ ਮਾਣਕੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਖਿਆ ਕਿ ਲੰਗਰ ਘਰ ਦੇ ਪ੍ਰਸ਼ਾਦਿਆਂ ਦੀ ਵਿਕਰੀ ਦੇ ਮਾਮਲੇ ਵਿੱਚ ਹੋਈ ਬੇਨਿਯਮੀ ਖ਼ਿਲਾਫ਼ ਕੀਤੀ ਗਈ ਕਾਰਵਾਈ ਸਵਾਗਤ ਯੋਗ ਹੈ। ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਭਵਿੱਖ ਵਾਸਤੇ ਚਿਤਾਵਨੀ ਦਿੱਤੀ ਜਾਵੇ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਇਸ ਮਾਮਲੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਕੁਝ ਮੈਨੇਜਰ ਪੱਧਰ ਦੇ ਅਧਿਕਾਰੀ ਚਰਚਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਕਈ ਤਰ੍ਹਾਂ ਦੇ ਘਪਲੇ ਹੋਏ ਹਨ ਅਤੇ ਇਨ੍ਹਾਂ ਘਪਲਿਆਂ ਕਾਰਨ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਢਾਹ ਲੱਗੀ ਹੈ। ਇੱਥੇ ਦੱਸਣ ਯੋਗ ਹੈ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 51 ਕਰਮਚਾਰੀ ਮੁਅੱਤਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਅੱਠ ਮੈਨੇਜਰ ਵੀ ਸ਼ਾਮਲ ਹਨ। ਇਹ ਮੈਨੇਜਰ ਵੱਖ-ਵੱਖ ਸਮਿਆਂ ’ਤੇ ਲੰਗਰ ਘਰ ਦੇ ਪ੍ਰਬੰਧਕ ਰਹੇ ਹਨ। ਪਰ ਕੁਝ ਇਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਮੇਂ ਵਿੱਚ ਤਾਂ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਵੀ ਨਹੀਂ ਹੋਈ ਸੀ। ਪਰ ਕਾਰਵਾਈ ਵਿੱਚ ਉਨ੍ਹਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ।