ਲੜਕੀ ’ਤੇ ਤਸ਼ੱਦਦ ਕਰਨ ਵਾਲਾ ਥਾਣਾ ਮੁਖੀ ਤੇ ਤਿੰਨ ਏਐੱਸਆਈ ਲਾਈਨ ਹਾਜ਼ਰ

ਲੜਕੀ ’ਤੇ ਤਸ਼ੱਦਦ ਕਰਨ ਵਾਲਾ ਥਾਣਾ ਮੁਖੀ ਤੇ ਤਿੰਨ ਏਐੱਸਆਈ ਲਾਈਨ ਹਾਜ਼ਰ

ਗੁਰਦਾਸਪੁਰ- ਇਥੋਂ ਦੇ ਜੱਜ ਦੇ ਘਰ ’ਚ ਹੋਈ ਚੋਰੀ ਦੇ ਮਾਮਲੇ ’ਚ 23 ਸਾਲਾ ਲੜਕੀ ’ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਹੇਠ ਐੱਸਐੱਸਪੀ ਵੱਲੋਂ ਥਾਣਾ ਮੁਖੀ ਗੁਰਮੀਤ ਸਿੰਘ, ਏਐੱਸਆਈ ਮੰਗਲ ਸਿੰਘ, ਏਐੱਸਆਈ ਅਸ਼ਵਨੀ ਕੁਮਾਰ ਅਤੇ ਮਹਿਲਾ ਜੱਜ ਦੀ ਸੁਰੱਖਿਆ ਵਿਚ ਤਾਇਨਾਤ ਏਐੱਸਆਈ ਸਰਵਣ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਕਿਸਾਨ ਸੰਗਠਨਾਂ ਵੱਲੋਂ ਮੁਲਜ਼ਮ ਪੁਲੀਸ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਅੱਜ ਪੁਲੀਸ ਦਾ ਪੁਤਲਾ ਫ਼ੂਕ ਕੇ ਰੋਸ ਜ਼ਾਹਿਰ ਕੀਤਾ।
ਦੱਸਣਯੋਗ ਹੈ ਕਿ ਸ਼ਹਿਰ ਵਿੱਚ 24 ਜੂਨ ਨੂੰ ਇਕ ਮਹਿਲਾ ਜੱਜ ਦੇ ਘਰੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਥਾਣਾ ਸਿਟੀ ਪੁਲੀਸ ਵੱਲੋਂ 23 ਸਾਲਾ ਲੜਕੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ। ਲੜਕੀ ਨੇ ਦੋਸ਼ ਲਾਇਆ ਸੀ ਕਿ ਥਾਣਾ ਮੁਖੀ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਦੋ ਦਿਨ ਅਣਮਨੁੱਖੀ ਤਸ਼ੱਦਦ ਕੀਤਾ। ਉਦੋਂ ਤੋਂ ਹੀ ਲੜਕੀ ਦੇ ਹੱਕ ਵਿੱਚ ਕਿਸਾਨ, ਮਸੀਹ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ। ਅੱਜ ਕਿਸਾਨਾਂ ਵੱਲੋਂ ਹਾਈਵੇਅ ’ਤੇ ਪੁਲੀਸ ਪ੍ਰਸ਼ਾਸਨ ਦਾ ਪੁਤਲਾ ਵੀ ਫੂਕਿਆ ਗਿਆ ਸੀ ਜਿਸ ਤੋਂ ਬਾਅਦ ਐੱਸਐੱਸਪੀ ਹਰੀਸ਼ ਕੁਮਾਰ ਨੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਸਣੇ ਚਾਰ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਸ ਮਾਮਲੇ ਵਿਚ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ ਵੱਲੋਂ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕਮੇਟੀ ਵਿੱਚ ਸ਼ਾਮਲ ਮੈਂਬਰ ਪੀੜਤ ਪਰਿਵਾਰ ਮੈਂਬਰਾਂ, ਕਿਸਾਨ ਯੂਨੀਅਨ ਦੇ ਆਗੂਆਂ, ਪੁਲੀਸ ਅਫ਼ਸਰਾਂ, ਪਿੰਡ ਦੇ ਮੋਹਤਬਰਾਂ, ਅਤੇ ਬਾਕੀ ਪਹਿਲੂਆਂ ਦੀ ਜਾਂਚ ਪੜਤਾਲ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕਰਨਗੇ।