ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦਾ ਇਸ਼ਤਿਹਾਰ ਛਪਵਾਉਣ ਵਾਲੇ ਪਿਓ-ਪੁੱਤ ਕਾਬੂ

ਜੇਤੂ ਲੜਕੀ ਲਈ ਕੈਨੇਡਾ ਦੇ ਪੀਆਰ ਲੜਕੇ ਨਾਲ ਵਿਆਹ ਕਰਵਾਉਣ ਦੀ ਕੀਤੀ ਸੀ ਪੇਸ਼ਕਸ਼

ਬਠਿੰਡਾ- ਲੜਕੀਆਂ ਦਾ ਸੁੰਦਰਤਾ ਮੁਕਾਬਲਾ ਕਰਵਾਉਣ ਅਤੇ ਜੇਤੂ ਲੜਕੀ ਨੂੰ ਕੈਨੇਡਾ ਦੇ ਪੀਆਰ ਲੜਕੇ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕਰਨ ਦੇ ਦੋਸ਼ ਹੇਠ ਸਥਾਨਕ ਪੁਲੀਸ ਨੇ ਉਕਤ ਇਸ਼ਤਿਹਾਰ ਛਪਵਾਉਣ ਵਾਲੇ ਮੁਲਜ਼ਮ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸ਼ਹਿਰ ਦੀਆਂ ਪ੍ਰਮੁੱਖ ਜਨਤਕ ਥਾਵਾਂ ’ਤੇ ਵੱਡ ਆਕਾਰੀ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ਵਿੱਚ 23 ਅਕਤੂਬਰ ਨੂੰ ਸਥਾਨਕ ਹੋਟਲ ‘ਸਟੀਵ ਮਿਲਣ’ ਵਿੱਚ ‘ਜਨਰਲ ਵਰਗ ਦੀਆਂ ਸੁੰਦਰ ਲੜਕੀਆਂ ਦਾ ਮੁਕਾਬਲਾ’ ਕਰਵਾਉਣ ਦੀ ਸੂਚਨਾ ਦਿੱਤੀ ਗਈ ਸੀ। ਇਸ ਇਸ਼ਤਿਹਾਰ ਵਿੱਚ ਪੇਸ਼ਕਸ਼ ਕੀਤੀ ਗਈ ਸੀ ਕਿ ਜੇਤੂ ਲੜਕੀ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਵਸਦੇ ਜਨਰਲ ਵਰਗ ਦੇ ਲੜਕੇ ਨਾਲ ਵਿਆਹਿਆ ਜਾਵੇਗਾ। ਇਸ ਪੋਸਟਰ ਦਾ ਵਿਆਪਕ ਪੱਧਰ ’ਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਬੀਤੀ ਦੇਰ ਸ਼ਾਮ ਪੁਲੀਸ ਨੇ ਥਾਣਾ ਕੋਤਵਾਲੀ ’ਚ ਇਸ ਮਾਮਲੇ ’ਚ ਸ਼ਹਿਰ ਦੀ ਮੁਲਤਾਨੀ ਰੋਡ ’ਤੇ ਵਸਨੀਕ ਸੁਰਿੰਦਰ ਸਿੰਘ ਤੇ ਉਸ ਦੇ ਪਿਤਾ ਰਾਮ ਦਿਆਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਹੋਟਲ ਦੇ ਮਾਲਕ ਵੱਲੋਂ ਪੁਲੀਸ ਕੋਲ ਕੀਤੀ ਗਈ ਸ਼ਿਕਾਇਤ ਮਗਰੋਂ ਇਹ ਕਾਰਵਾਈ ਹੋਈ ਹੈ। ਹੋਟਲ ਦੇ ਮਾਲਕ ਸ੍ਰੀ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਪਤਾ ਲੱਗਿਆ ਸੀ ਕਿ ਉਨ੍ਹਾਂ ਦੇ ਹੋਟਲ ਵਿੱਚ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਬਾਰੇ ਪੋਸਟਰ ਲੱਗੇ ਹੋਏ ਹਨ, ਜਦਕਿ ਉਕਤ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਸਬੰਧੀ ਉਸ ਦੇ ਹੋਟਲ ਵਿੱਚ ਕਿਸੇ ਵੱਲੋਂ ਕੋਈ ਬੁਕਿੰਗ ਨਹੀਂ ਕਰਵਾਈ ਗਈ ਸੀ। ਪੋਸਟਰ ਦੇਖਣ ਮਗਰੋਂ ਉਨ੍ਹਾਂ ਪੁਲੀਸ ਕੋਲ ਇਸ ਦੀ ਸ਼ਿਕਾਇਤ ਦਿੱਤੀ। ਸ਼ਿਕਾਇਤ ’ਚ ਸ਼ਰਾਰਤੀਆਂ ਵੱਲੋਂ ਹੋਟਲ ਨੂੰ ਬਦਨਾਮ ਕਰਨ ਲਈ ਅਜਿਹਾ ਕੀਤੇ ਜਾਣ ਬਾਰੇ ਖ਼ਦਸ਼ਾ ਪ੍ਰਗਟਾਇਆ ਗਿਆ।

ਐੱਸਐੱਸਪੀ ਬਠਿੰਡਾ ਜੇ ਏਲੈਂਚੇਜ਼ੀਅਨ ਨੇ ਕਿਹਾ ਕਿ ਮਾਮਲੇ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕੈਨੇਡਾ ਸਥਿਤ ਐੱਨਆਰਆਈ ਦੇ ਰਿਸ਼ਤੇਦਾਰ ਹਨ, ਜੋ ਉਸ ਦੇ ਵਿਆਹ ਲਈ ਢੁਕਵੀਂ ਲੜਕੀ ਦੀ ਤਲਾਸ਼ ਕਰ ਰਹੇ ਸਨ। ਇਸ ਦੌਰਾਨ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟਜ਼ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਹੋਟਲ ਮਾਲਕ ਦੀ ਕੋਈ ਭੂਮਿਕਾ ਨਹੀਂ ਹੈ ਤੇ ਹੋਟਲ ਮਾਲਕ ਵੱਲੋਂ ਹੀ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।