ਲੋਕਾਂ ਨੂੰ ਦਿਖਾਵੇ ਨਹੀਂ, ਮਦਦ ਦੀ ਲੋੜ: ਜਾਖੜ

ਲੋਕਾਂ ਨੂੰ ਦਿਖਾਵੇ ਨਹੀਂ, ਮਦਦ ਦੀ ਲੋੜ: ਜਾਖੜ

ਫ਼ਿਰੋਜ਼ਪੁਰ- ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਫ਼ਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਹੜ੍ਹ ਦੇ ਪਾਣੀ ਵਿਚ ਖੜ੍ਹੇ ਹੋ ਕੇ ਸਿਰਫ਼ ਤਸਵੀਰਾਂ ਖਿਚਾ ਕੇ ਡਰਾਮੇਬਾਜ਼ੀ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਉਨ੍ਹਾਂ ਦੇ ਨਾਂ ’ਤੇ ਨਹੀਂ ਹੋਈਆਂ, ਉਨ੍ਹਾਂ ਦੇ ਵਿਸ਼ੇਸ਼ ਕੇਸ ਤਿਆਰ ਕਰਵਾ ਕੇ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ‘ਆਪ’ ਆਗੂ ਆਨਲਾਈਨ ਸਰਗਰਮ ਰਹਿਣ ਦੇ ਸ਼ੌਕੀਨ ਹਨ ਪਰ ਇਸ ਵੇਲੇ ਲੋਕਾਂ ਨੂੰ ‘ਆਪ’ ਆਗੂਆਂ ਦੇ ਸਟੰਟ ਦੀ ਨਹੀਂ, ਫੌਰੀ ਰਾਹਤ ਦੀ ਲੋੜ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜਦੋਂ 4 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਸਨ ਤਾਂ ਉਨ੍ਹਾਂ ਨੇ ਹੜ੍ਹ ਦੀਆਂ ਤਿਆਰੀਆਂ ਦਾ ਜਾਇਜ਼ਾ ਕਿਉਂ ਨਹੀਂ ਲਿਆ? 6 ਜੁਲਾਈ ਨੂੰ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਦੂਜੇ ਰਾਜਾਂ ਦੇ ਦੌਰੇ ’ਤੇ ਰੁੱਝੇ ਹੋਏ ਸਨ। ਜੇ ਮੁੱਖ ਮੰਤਰੀ ਨੇ ਸਮੇਂ ਸਿਰ ਸਥਿਤੀ ਦਾ ਜਾਇਜ਼ਾ ਲਿਆ ਹੁੰਦਾ ਤਾਂ ਅੱਜ ਸਥਿਤੀ ਇੰਨੀ ਚਿੰਤਾਜਨਕ ਨਾ ਹੁੰਦੀ। ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਸੂਬਾ ਸਰਕਾਰ ਨਾਲ ਪ੍ਰਭਾਵੀ ਅਤੇ ਸਮੇਂ ਸਿਰ ਮੁਆਵਜ਼ੇ ਲਈ ਆਪਣੀ ਲੜਾਈ ਲੜਨਗੇ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣਗੇ। ਸੁਨੀਲ ਜਾਖੜ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 218.4 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ।