ਲੋਕਾਂ ਦੇ ਹੱਕਾਂ ਦੇ ਘਾਣ ਖ਼ਿਲਾਫ਼ ਹਮੇਸ਼ਾ ਲੜਾਂਗੀ: ਮਮਤਾ ਬੈਨਰਜੀ

ਲੋਕਾਂ ਦੇ ਹੱਕਾਂ ਦੇ ਘਾਣ ਖ਼ਿਲਾਫ਼ ਹਮੇਸ਼ਾ ਲੜਾਂਗੀ: ਮਮਤਾ ਬੈਨਰਜੀ

ਟੀਐਮਸੀ ਸੁਪਰੀਮੋ ਤੇ ਮੁੱਖ ਮੰਤਰੀ ਨੇ ਸਿੰਗੂਰ ਸੰਘਰਸ਼ ਦੀ ਵਰ੍ਹੇਗੰਢ ਮੌਕੇ ਕੀਤਾ ਟਵੀਟ
ਕੋਲਕਾਤਾ-ਲੋਕਾਂ ਨੂੰ ਸੋਲਾਂ ਸਾਲ ਪਹਿਲਾਂ ਕੀਤੀ ਆਪਣੀ 26 ਦਿਨਾਂ ਦੀ ਭੁੱਖ ਹੜਤਾਲ ਚੇਤੇ ਕਰਾਉਂਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਅੱਜ ਵੀ ਅਜਿਹਾ ਸੰਘਰਸ਼ ਵਿੱਢ ਸਕਦੀ ਹੈ। ਜ਼ਿਕਰਯੋਗ ਹੈ ਕਿ ਮਮਤਾ ਨੇ ਸਿੰਗੂਰ ਵਿਚ ਇਕ ਕਾਰ ਫੈਕਟਰੀ ਲਈ ਜ਼ਮੀਨਾਂ ਗ੍ਰਹਿਣ ਕਰਨ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ।

ਬੈਨਰਜੀ ਨੇ ਇਕ ਟਵਿੱਟਰ ਪੋਸਟ ਵਿਚ ਕਿਹਾ ਕਿ ਜੇ ਲੋਕਾਂ ਦੇ ਹੱਕਾਂ ਦਾ ਘਾਣ ਹੋਵੇਗਾ ਤਾਂ ਉਹ ਚੁੱਪ ਨਹੀਂ ਬੈਠਣਗੇ। ਮੁੱਖ ਮੰਤਰੀ ਨੇ ਕਿਹਾ, ‘16 ਸਾਲ ਪਹਿਲਾਂ, ਮੈਂ ਸਿੰਗੂਰ ਦੇ ਕਿਸਾਨਾਂ ਤੇ ਬਾਕੀ ਮੁਲਕ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਨ੍ਹਾਂ ਲੋਕਾਂ ਲਈ ਲੜਨਾ ਮੇਰਾ ਨੈਤਿਕ ਫ਼ਰਜ਼ ਸੀ ਜਿਨ੍ਹਾਂ ਨੂੰ ਤਾਕਤਵਰ ਲੋਕਾਂ ਦੇ ਲਾਲਚ ਕਾਰਨ ਬੇਵੱਸ ਕਰ ਦਿੱਤਾ ਗਿਆ ਸੀ। ਉਹ ਸੰਘਰਸ਼ ਅੱਜ ਵੀ ਮੇਰੇ ਅੰਦਰ ਜਿਊਂਦਾ ਹੈ।’ ਹੁਗਲੀ ਜ਼ਿਲ੍ਹੇ ਵਿਚ ਪੈਂਦਾ ਸਿੰਗੂਰ ਉਸ ਵੇਲੇ ਸੁਰਖੀਆਂ ਵਿਚ ਆਇਆ ਸੀ ਜਦ ਉੱਥੇ ਟਾਟਾ ਮੋਟਰਜ਼ ਦੇ ਨੈਨੋ ਕਾਰ ਪਲਾਂਟ ਲਈ 2006 ਵਿਚ ਜ਼ਮੀਨ ਗ੍ਰਹਿਣ ਕੀਤੀ ਗਈ ਸੀ। ਇਹ ਖੇਤਰ ਖੇਤੀਬਾੜੀ ਲਈ ਜਾਣਿਆ ਜਾਂਦਾ ਸੀ। 997 ਏਕੜ ਜ਼ਮੀਨ ਉਸ ਵੇਲੇ ਦੀ ਖੱਬੇ ਮੋਰਚੇ ਦੀ ਸਰਕਾਰ ਨੇ ਗ੍ਰਹਿਣ ਕੀਤੀ ਸੀ ਜੋ ਕਿ ਕੌਮੀ ਮਾਰਗ ਦੇ ਨਾਲ ਸੀ। ਇਸ ਨੂੰ ਮਗਰੋਂ ਕੰਪਨੀ ਨੂੰ ਸੌਂਪਿਆ ਗਿਆ ਸੀ।

ਬੈਨਰਜੀ ਨੇ ਚਾਰ ਦਸੰਬਰ ਨੂੰ ਹੜਤਾਲ ਆਰੰਭੀ ਸੀ ਤੇ ਧੱਕੇ ਨਾਲ ਲਈ ਗਈ 347 ਏਕੜ ਜ਼ਮੀਨ ਵਾਪਸ ਕਰਨ ਦੀ ਮੰਗ ਰੱਖੀ ਸੀ। ਮਮਤਾ ਨੇ 29 ਦਸੰਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੱਤਰ ਮਿਲਣ ਤੋਂ ਬਾਅਦ ਹੜਤਾਲ ਖ਼ਤਮ ਕੀਤੀ ਸੀ। ਸੰਘਰਸ਼ ਹਾਲਾਂਕਿ ਜਾਰੀ ਰਿਹਾ ਤੇ ਟਾਟਾ ਨੇ 2008 ਵਿਚ ਸਿੰਗੂਰ ਛੱਡ ਦਿੱਤਾ ਸੀ।