ਲੁੱਟ ਦਾ ਮਾਮਲਾ: ਮੁੱਖ ਮੁਲਜ਼ਮ ਹਾਲੇ ਵੀ ਪਹੁੰਚ ਤੋਂ ਬਾਹਰ

ਲੁੱਟ ਦਾ ਮਾਮਲਾ: ਮੁੱਖ ਮੁਲਜ਼ਮ ਹਾਲੇ ਵੀ ਪਹੁੰਚ ਤੋਂ ਬਾਹਰ

ਲੁਧਿਆਣਾ ਪੁਲੀਸ ਦੀਆਂ ਟੀਮਾਂ ਕਈ ਸੂਬਿਆਂ ’ਚ ਲਗਾਤਾਰ ਮਾਰ ਰਹੀਆਂ ਨੇ ਛਾਪੇ
ਲੁਧਿਆਣਾ – ਸੀਐਮਐੱਸ ਕੰਪਨੀ ਦੇ ਸਾਢੇ 8 ਕਰੋੜ ਰੁਪਏ ਲੁੱਟਣ ਦੀ ਪੂਰੀ ਯੋਜਨਾ ਬਣਾਉਣ ਵਾਲੀ ਮੁੱਖ ਮੁਲਜ਼ਮ ਮਨਦੀਪ ਕੌਰ ਮੋਨਾ ਦਾ 6 ਦਿਨ ਬੀਤ ਜਾਣ ਦੇ ਬਾਵਜੂਦ ਕੁਝ ਪਤਾ ਨਹੀਂ ਲੱਗਿਆ ਹੈ। ਮੋਨਾ ਦੇ ਨਾਲ ਨਾਲ ਉਸ ਦਾ ਪਤੀ ਜਸਵਿੰਦਰ ਸਿੰਘ ਤੇ ਤਿੰਨ ਹੋਰ ਮੁਲਜ਼ਮ ਵੀ ਹਾਲੇ ਤੱਕ ਫ਼ਰਾਰ ਹਨ। ਸੂਤਰ ਇਹ ਦੱਸਦੇ ਹਨ ਕਿ ਮੁਲਜ਼ਮ ਇਕ-ਦੂਜੇ ਦੇ ਨਾਲ ਹਨ। ਮੁਲਜ਼ਮਾਂ ਦਾ ਪਤਾ ਲਾਉਣ ਲਈ ਲੁਧਿਆਣਾ ਪੁਲੀਸ ਦੀਆਂ ਟੀਮਾਂ ਵੀ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਸੂਬਿਆਂ ’ਚ ਗਈ ਕਮਿਸ਼ਨਰੇਟ ਪੁਲੀਸ ਦੀਆਂ ਚਾਰ ਟੀਮਾਂ ਦੇ ਹੱਥ ਵੀ ਹਾਲੇ ਤੱਕ ਕੋਈ ਸਬੂਤ ਨਹੀਂ ਲੱਗਿਆ ਹੈ, ਜਿਸ ਨਾਲ ਕਿ ਮਨਦੀਪ ਕੌਰ ਜਾਂ ਫਿਰ ਉਸਦੇ ਪਤੀ ਜਸਵਿੰਦਰ ਸਿੰਘ ਦਾ ਪਤਾ ਲੱਗ ਸਕੇ। ਡੇਹਲੋਂ ਇਲਾਕੇ ਦੀ ਮੂਲ ਰੂਪ ’ਚ ਰਹਿਣ ਵਾਲੀ ਮਨਦੀਪ ਕੌਰ ਦੇ ਪਿੰਡ ਦੇ ਲੋਕ ਵੀ ਹੈਰਾਨ ਹਨ ਕਿ ਉਨ੍ਹਾਂ ਦੇ ਪਿੰਡ ’ਚ ਗਰੀਬਾਂ ’ਚ ਪਲੀ ਅਤੇ ਵੱਡੀ ਹੋਈ ਲੜਕੀ ਦਾ ਹੱਥ ਇੰਨ੍ਹੇ ਵੱਡੇ ਜੁਰਮ ’ਚ ਹੈ। ਜਦੋਂ ਕਿ ਮਨਦੀਪ ਕੌਰ ਦੀ ਮਾਂ ਲੋਕਾਂ ਦੇ ਘਰਾਂ ’ਚ ਭਾਂਡੇ ਤੇ ਸਾਫ਼ ਸਫ਼ਾਈ ਦਾ ਕੰਮ ਕਰਦੀ ਹੈ, ਜਦੋਂ ਕਿ ਇੱਕ ਭਰਾ ਮਿਹਨਤ ਮਜ਼ਦੂਰੀ ਕਰਦਾ ਹੈ। ਮਨਦੀਪ ਕੌਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰ ਦੂਸਰੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਮਨੀ ਤੇ ਉਸਦੇ ਸਾਥੀਆਂ ਨੂੰ ਲੁਧਿਆਣਾ ਪੁਲੀਸ ਸ਼ਨਿੱਚਰਵਾਰ ਰਿਮਾਂਡ ਖਤਮ ਤੋਂ ਬਾਅਦ ਦੁਬਾਰਾ ਅਦਾਲਤ ’ਚ ਪੇਸ਼ ਕਰਨ ਲਈ ਲਿਆਵੇਗੀ। ਜਿੱਥੋਂ ਉਨ੍ਹਾਂ ਦਾ ਰਿਮਾਂਡ ਹੋਰ ਵਧਾਇਆ ਜਾ ਸਕਦਾ ਹੈ। ਹਾਲੇ ਤੱਕ ਛੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਮਿਸ਼ਨਰੇਟ ਪੁਲੀਸ ਨੇ 5 ਕਰੋੜ 75 ਲੱਖ ਰੁਪਏ ਬਰਾਮਦ ਕਰ ਲਏ ਹਨ। ਮਨਦੀਪ ਕੌਰ ਦਾ ਭਰਾ ਛੋਟੀ ਉਮਰ ’ਚ ਹੀ ਮਨਦੀਪ ਦੇ ਨਾਲ ਰਹਿੰਦਾ ਸੀ। ਇਸ ਸਮੇਂ ਵੀ ਉਹ ਬਰਨਾਲਾ ’ਚ ਰਹਿ ਰਿਹਾ ਸੀ। ਮਨਦੀਪ ਕੌਰ ਨਾਲ ਉਸਦੀ ਕਾਫ਼ੀ ਬਣਦੀ ਸੀ ਤੇ ਦੋਵੇਂ ਇੱਕ ਦੂਸਰੇ ਨੂੰ ਸਮਰਥਨ ਕਰਦੇ ਸਨ।

ਮਨਦੀਪ ਕੋਰ ਛੋਟੇ ਭਰਾ ਹਰਪ੍ਰੀਤ ਨੂੰ ਲਗਜ਼ਰੀ ਜ਼ਿੰਦਗੀ ਦਾ ਲਾਲਚ ਦਿੰਦੀ ਸੀ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹਾਲੇ ਤੱਕ ਮਨਦੀਪ ਦਾ ਕੁਝ ਪਤਾ ਨਹੀਂ ਲੱਗਿਆ। ਪੁਲੀਸ ਨੂੰ ਫ਼ਰਾਰ ਮੁਲਜ਼ਮਾਂ ਤੱਕ ਪੁੱਜਣ ’ਚ ਦਿੱਕਤ ਇਸ ਲਈ ਆ ਰਹੀ ਹੈ ਕਿਉਂਕਿ ਉਹ ਮੋਬਾਇਲ ਦੀ ਵਰਤੋਂ ਨਹੀਂ ਕਰ ਰਹੇ, ਪਰ ਪੁਲੀਸ ਆਪਣੇ ਸੂਤਰਾਂ ਲਾ ਕੇ ਉਨ੍ਹਾਂ ਤੱਕ ਪੁੱਜਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਚਾਰ ਟੀਮਾਂ ਹਾਲੇ ਕਈ ਥਾਂਵਾਂ ’ਤੇ ਭਾਲ ਕਰਨ ’ਚ ਲੱਗੀਆਂ ਹਨ।