ਲੁਧਿਆਣਾ ਵਿੱਚ ਨੌਜਵਾਨਾਂ ਵੱਲੋਂ ਨਿਹੰਗ ਸਿੰਘ ਦਾ ਕਤਲ

ਲੁਧਿਆਣਾ ਵਿੱਚ ਨੌਜਵਾਨਾਂ ਵੱਲੋਂ ਨਿਹੰਗ ਸਿੰਘ ਦਾ ਕਤਲ

ਲੁਧਿਆਣਾ – ਡਾਬਾ ਇਲਾਕੇ ਦੀ ਗਿੱਲ ਕਲੋਨੀ ’ਚ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਨਿਹੰਗ ਸਿੰਘ ਦੀ ਪਛਾਣ ਬਲਦੇਵ ਸਿੰਘ (32) ਵਜੋਂ ਹੋਈ ਹੈ। ਥਾਣਾ ਡਾਬਾ ਪੁਲੀਸ ਨੇ ਕਤਲ ਕਰਨ ਵਾਲੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਉਸੇ ਇਲਾਕੇ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੀ ਪਛਾਣ ਪ੍ਰਿੰਸ ਅਤੇ ਅੰਕਿਤ ਵਜੋਂ ਹੋਈ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਬਲਦੇਵ ਦੀ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ, ਜਿਸ ਦਾ ਬਾਅਦ ਵਿਚ ਸਸਕਾਰ ਕਰ ਦਿੱਤਾ ਗਿਆ। ਥਾਣਾ ਡਾਬਾ ਦੇ ਐੱਸਐੱਚਓ ਸਬ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਅਤੇ ਮੁਲਜ਼ਮਾਂ ਵਿਚਾਲੇ ਚਾਰ ਦਿਨ ਪਹਿਲਾਂ ਛਬੀਲ ਲਾਉਣ ਸਮੇਂ ਝਗੜਾ ਹੋਇਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਨਿਹੰਗ ਦੀ ਭੈਣ ਨਾਲ ਬਦਸਲੂਕੀ ਕੀਤੀ ਸੀ ਤਾਂ ਬਲਦੇਵ ਨੇ ਉਨ੍ਹਾਂ ਨੂੰ ਰੋਕਿਆ ਸੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋਈ ਸੀ। ਵੀਰਵਾਰ ਦੀ ਦੇਰ ਰਾਤ ਨੂੰ ਬਲਦੇਵ ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ। ਬਲਦੇਵ ਦੇ ਪਿਤਾ ਨੇ ਉਸ ਨੂੰ ਰਸਤੇ ’ਚ ਉਤਾਰ ਦਿੱਤਾ ਅਤੇ ਕਿਹਾ ਸੀ ਕਿ ਉਹ ਘਰ ਪੁੱਜੇ, ਉਹ ਦਵਾਈ ਲੈ ਕੇ ਆਉਂਦੇ ਹਨ। ਇਸ ਦੌਰਾਨ ਦੋਹਾਂ ਮੁਲਜ਼ਮਾਂ ਨੇ ਮੌਕਾ ਦੇਖ ਕੇ ਤੇਜ਼ਧਾਰ ਹਥਿਆਰਾਂ ਨਾਲ ਬਲਦੇਵ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਪੁਲੀਸ ਸ਼ਨਿਚਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਫਿਲਹਾਲ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਹਥਿਆਰ ਬਰਾਮਦ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।