ਲੁਧਿਆਣਾ ਲੁੱਟ ਕਾਂਡ: ਡਾਕੂ ਹਸੀਨਾ ਪਤੀ ਸਣੇ ਉਤਰਾਖੰਡ ਤੋਂ ਗ੍ਰਿ੍ਫ਼ਤਾਰ

ਲੁਧਿਆਣਾ ਲੁੱਟ ਕਾਂਡ: ਡਾਕੂ ਹਸੀਨਾ ਪਤੀ ਸਣੇ ਉਤਰਾਖੰਡ ਤੋਂ ਗ੍ਰਿ੍ਫ਼ਤਾਰ

ਲੁਧਿਆਣਾ- ਇਥੇ ਸੀਐੱਮਐੱਸ ਕੰਪਨੀ ਦੇ ਦਫਤਰ ’ਚੋਂ ਸਾਢੇ 8 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਦੀ ਮੁੱਖ ਮੁਲਜ਼ਮ ਡਾਕੂ ਹਸੀਨਾ ਉਰਫ਼ ਮਨਦੀਪ ਕੌਰ ਮੋਨਾ ਨੂੰ ਪੁਲੀਸ ਨੇ 7 ਦਿਨਾਂ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮਨਦੀਪ ਕੌਰ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉਤਰਾਖੰਡ ਦੇ ਸ੍ਰੀ ਹੇਮਕੁੰਟ ਸਾਹਿਬ ਤੋਂ ਯਾਤਰਾ ਕਰ ਵਾਪਸ ਆਉਂਦੇ ਸਮੇਂ ਰਸਤੇ ’ਚੋਂ ਕਾਬੂ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਸਵੇਰੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮੁਲਜ਼ਮਾਂ ਨੇ ਤੈਅ ਕੀਤਾ ਸੀ ਕਿ ਜੇਕਰ ਉਹ ਲੁੱਟ ਕਰਨ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਹੇਮਕੁੰਟ ਸਾਹਿਬ, ਕੇਦਾਰਨਾਥ ਤੇ ਹਰਿਦੁਆਰ ਮੱਥਾ ਟੇਕਣ ਲਈ ਜਾਣਗੇ।

ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹਾਲੇ ਵੀ ਇਸ ਮਾਮਲੇ ਦੇ ਤਿੰਨ ਮੁਲਜ਼ਮ ਫ਼ਰਾਰ ਹਨ। ਇਸ ਮਾਮਲੇ ’ਚ ਕਾਊਂਟਰ ਇਟੈਂਲੀਜੈਂਸ ਦੀ ਕਾਫ਼ੀ ਮਦਦ ਮਿਲੀ ਹੈ। ਉਸ ਤੋਂ ਵੀ ਵੱਡੀ ਮਦਦ ਲੋਕਾਂ ਦੀ ਮਿਲੀ ਹੈ, ਜਿਨ੍ਹਾਂ ਨੇ ਮੁਲਜ਼ਮਾਂ ਦੇ ਹੁਲੀਏ ਬਾਰੇ ਦੱਸਿਆ ਤੇ ਨਾਲ ਹੀ ਇਹ ਵੀ ਦੱਸਿਆ ਕਿ ਮੁਲਜ਼ਮ ਕਿਸ ਪਾਸੇ ਹੋਣਗੇ ਅਤੇ ਉਨ੍ਹਾਂ ਦਾ ਪਹਿਰਾਵਾ ਕੀ ਹੈ। ਇਸ ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਵੀ ਸਬੂਤ ਮਿਲੇ ਸਨ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰਿਆਂ ਨੇ ਉਤਾਰਖੰਡ ਲਈ ਰਵਾਨਾ ਹੋਣਾ ਸੀ। ਕਿਸੇ ਨੇ ਸ੍ਰੀ ਹੇਮਕੁੰਟ ਸਾਹਿਬ ਜਾਣਾ ਸੀ, ਕਿਸੇ ਨੇ ਕੇਦਾਰਨਾਥ ਤੇ ਕਿਸੇ ਨੇ ਹਰਿਦੁਆਰ ਜਾਣਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਕੌਰ ਦੀ ਸਕੂਟੀ ਦੀ ਡਿੱਗੀ ’ਚੋਂ 12 ਲੱਖ ਰੁਪਏ ਅਤੇ ਉਸ ਦੇ ਪਤੀ ਦੇ ਕਬਜ਼ੇ ’ਚੋਂ 9 ਲੱਖ ਰੁਪਏ ਬਰਾਮਦ ਕੀਤੇ ਹਨ। ਹਾਲੇ ਤੱਕ ਪੁਲੀਸ ਇਸ ਮਾਮਲੇ ’ਚ 5 ਕਰੋੜ 96 ਲੱਖ ਰੁਪਏ ਬਰਾਮਦ ਕਰ ਚੁੱਕੀ ਹੈ।

ਸਾਧਾਰਨ ਘਰ ਵਿੱਚ ਰਹਿਣ ਵਾਲੀ ਮੋਨਾ ਬਣੀ ਡਾਕੂ ਹਸੀਨਾ
ਮੰਡੀ ਅਹਿਮਦਗੜ੍ਹ : ਬ੍ਰਿਟਿਸ਼ ਸਰਕਾਰ ਵੇਲੇ ਦੇ ਮਸ਼ਹੂਰ ਇੰਟੈਰੋਗੇਸ਼ਨ ਸੈਂਟਰ ਦੇ ਨਾਂ ਨਾਲ ਜਾਣੇ ਜਾਂਦੇ ਲੁਧਿਆਣਾ ਜ਼ਿਲ੍ਹੇ ਦਾ ਕਸਬਾ ਡੇਹਲੋਂ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਮੋਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਿਰ ਚਰਚਾ ’ਚ ਆ ਗਿਆ ਹੈ। ਥਾਣਾ ਡੇਹਲੋਂ ਦੇ ਸਾਹਮਣੇ ਸੜਕੋਂ ਪਾਰ ਸਥਿਤ ਵਿਹੜੇ ਦੇ ਵਸਨੀਕ ਇਹ ਸੋਚ ਕੇ ਹੈਰਾਨ ਹਨ ਕਿ ਇੱਕ ਸਾਦੇ ਤੇ ਖਸਤਾਹਾਲ ਕੱਚੇ ਮਕਾਨ ਵਿੱਚ ਜੰਮੀ-ਪਲੀ ਇੱਕ ਕੁੜੀ ਇੰਨੀ ਵੱਡੀ ਵਾਰਦਾਤ ਕਿਵੇਂ ਕਰ ਸਕਦੀ ਹੈ? ਲੋਕਾਂ ਨੇ ਦੱਸਿਆ ਕਿ ਹਨੀ ਟਰੈਪਰ ਡਾਕੂ ਹਸੀਨਾ ਵਜੋਂ ਜਾਣੀ ਜਾਂਦੀ ਮਨਦੀਪ ਕੌਰ ਮੋਨਾ ਆਮ ਲੜਕੀ ਸੀ। ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਪੜ੍ਹਦਿਆਂ ਮਨਦੀਪ ਕੌਰ ਉਸ ਦੀ ਪਤਨੀ ਕੋਲ ਟਿਊਸ਼ਨ ਲਈ ਆਉਂਦੀ ਸੀ ਪਰ ਕਰੋਨਾ ਕਾਲ ਦੌਰਾਨ ਜਦੋਂ ਉਸ ਨੇ ਪੰਜਾਬ ਪੁਲੀਸ ਵਿੱਚ ਵਾਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਦੀ ਜੀਵਨ ਸ਼ੈਲੀ ਵਿੱਚ ਵੱਡੀ ਤਬਦੀਲੀ ਆ ਗਈ। ਪੁਰਸ਼ਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅਤੇ ਆਰਕੈਸਟਰਾ ਸਟਾਫ਼ ਰਾਹੀਂ ਨੌਜਵਾਨਾਂ ਨੂੰ ਫਸਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਉਸ ਲਈ ਬਹੁਤ ਸੌਖਾ ਕੰਮ ਸੀ। ਇੱਕ ਭਰਾ (ਜੋ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ) ਨੂੰ ਛੱਡ ਕੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਮਾਨਦਾਰ ਅਤੇ ਮਿਹਨਤੀ ਦੱਸਿਆ ਗਿਆ ਹੈ। ਪਿੰਡ ਦੇ ਸਰਪੰਚ ਨਿਰਮਲ ਸਿੰਘ ਚਾਹਲ ਨੇ ਦੱਸਿਆ ਕਿ ਉਸਦੀ ਮਾਂ ਉਨ੍ਹਾਂ ਦੇ ਮੈਰਿਜ ਪੈਲੇਸ ਵਿੱਚ ਦਿਹਾੜੀਦਾਰ ਵਜੋਂ ਕੰਮ ਕਰਦੀ ਹੈ ਅਤੇ ਉਸ ਬਾਰੇ ਕਦੇ ਕੋਈ ਸ਼ਿਕਾਇਤ ਨਹੀਂ ਮਿਲੀ।