ਲੁਧਿਆਣਾ: ਲਾਪਤਾ ਹੋਏ ਅੱਠ ਸਾਲਾ ਬੱਚੇ ਦੀ ਲਾਸ਼ ਨਹਿਰ ਵਿੱਚੋਂ ਮਿਲੀ

ਲੁਧਿਆਣਾ: ਲਾਪਤਾ ਹੋਏ ਅੱਠ ਸਾਲਾ ਬੱਚੇ ਦੀ ਲਾਸ਼ ਨਹਿਰ ਵਿੱਚੋਂ ਮਿਲੀ

ਤਾਏ ਨੇ ਹੀ ਸਹਿਜਪ੍ਰੀਤ ਸਿੰਘ ਨੂੰ ਨਹਿਰ ਵਿੱਚ ਦਿੱਤਾ ਸੀ ਧੱਕਾ; ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ

ਲੁਧਿਆਣਾ-ਪੁਲੀਸ ਨੇ ਇੱਥੋਂ ਦੀ ਅਬਦੁੱਲਾਪੁਰ ਬਸਤੀ ਦੇ ਪਿਛਲੇ ਦੋ ਦਿਨ ਤੋਂ ਲਾਪਤਾ ਅੱਠ ਸਾਲਾ ਬੱਚੇ ਸਹਿਜਪ੍ਰੀਤ ਸਿੰਘ ਦੀ ਲਾਸ਼ ਸਿੱਧਵਾਂ ਨਹਿਰ ਵਿੱਚੋਂ ਬਰਾਮਦ ਕਰ ਲਈ ਹੈ। ਸਹਿਜਪ੍ਰੀਤ ਨੂੰ ਉਸ ਦੇ ਤਾਏ ਸਵਰਨ ਸਿੰਘ ਨੇ ਹੀ ਨਹਿਰ ਵਿੱਚ ਧੱਕਾ ਦਿੱਤਾ ਸੀ। ਮੁਲਜ਼ਮ ਸਵਰਨ ਸਿੰਘ ਦੀ ਨਿਸ਼ਾਨਦੇਹੀ ’ਤੇ ਅੱਜ ਕਮਿਸ਼ਨਰੇਟ ਪੁਲੀਸ ਨੇ ਲਾਸ਼ ਬਰਾਮਦ ਮਗਰੋਂ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਪਹਿਲਾਂ ਤੋਂ ਦਰਜ ਕੇਸ ’ਚ ਕਤਲ ਦੀ ਧਾਰਾ ਜੋੜ ਦਿੱਤੀ ਹੈ। ਪੁਲੀਸ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਰਹੀ ਹੈ।

ਪੁਲੀਸ ਅਨੁਸਾਰ ਸਵਰਨ ਸਿੰਘ ਦੀ ਸਾਲੀ ਦਾ ਵਿਆਹ ਉਸ ਦੇ ਛੋਟੇ ਭਰਾ ਨਾਲ ਹੋਇਆ ਸੀ। ਸਵਰਨ ਸਿੰਘ ਆਪਣੀ ਮਾਂ ਦੀ ਕਾਫ਼ੀ ਸੇਵਾ ਕਰਦਾ ਸੀ ਅਤੇ ਉਸ ਦੀ ਪਤਨੀ ਤੇ ਸਾਲੀ ਦੋਵੇਂ ਉਸ ਨੂੰ ਰੋਕਦੀਆਂ ਸੀ, ਜਿਸ ਕਾਰਨ ਮੁਲਜ਼ਮ ਕਾਫ਼ੀ ਪ੍ਰੇਸ਼ਾਨ ਸੀ। ਮੁਲਜ਼ਮ ਨੇ ਆਪਣੀ ਮਾਂ ਤੋਂ ਉਸ ਨੂੰ ਵੱਖ ਕਰਨ ਦੀ ਕਿੜ ਕੱਢਦਿਆਂ ਘਰ ਵਾਲੀ ਤੇ ਸਾਲੀ ਤੋਂ ਬਦਲਾ ਲੈਣ ਲਈ ਸਹਿਜਪ੍ਰੀਤ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਕੀਤਾ। ਉਹ 18 ਅਗਸਤ ਦੀ ਰਾਤ ਸਹਿਜਪ੍ਰੀਤ ਨੂੰ ਆਪਣੇ ਨਾਲ ਲੈ ਗਿਆ। ਉਸ ਨੇ ਜਗਰਾਉਂ ਪੁਲ ਨੇੜੇ ਬੱਚੇ ਤੋਂ ਸਾਈਕਲ ਖੜ੍ਹਾ ਕਰਵਾਇਆ ਅਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਗੱਲ ਕਹੀ। ਲਾਡੋਵਾਲ ਨੇੜੇ ਬੱਚੇ ਵੱਲੋਂ ਨੀਂਦ ਆਉਣ ਬਾਰੇ ਦੱਸਣ ’ਤੇ ਉਹ ਵਾਪਸ ਜਲੰਧਰ ਬਾਈਪਾਸ ਪੁੱਜਿਆ ਅਤੇ ਉੱਥੋਂ ਬੱਚੇ ਨੂੰ ਫਲ ਲੈ ਕੇ ਦਿੱਤੇ ਅਤੇ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਚਲਾ ਗਿਆ। ਉਥੋਂ ਵਾਪਸੀ ਲਈ ਨਹਿਰ ਦੇ ਨਾਲ-ਨਾਲ ਰਵਾਨਾ ਹੋਇਆ ਅਤੇ ਰਾਹ ਵਿੱਚ ਹਰਨਾਮਪੁਰਾ ਕੋਲ ਉਸ ਨੇ ਬੱਚੇ ਨੂੰ ਨਹਿਰ ’ਚ ਧੱਕਾ ਦਿੱਤਾ ਅਤੇ ਘਰ ਮੁੜ ਆਇਆ ਤੇ ਪਰਿਵਾਰ ਨਾਲ ਨਾਲ ਬੱਚੇ ਦੇ ਲੱਭਣ ਦਾ ਢੌਂਗ ਕਰਨ ਲੱਗਿਆ। ਪੁਲੀਸ ਮੁਲਜ਼ਮ ਸਵਰਨ ਨੂੰ ਸੋਮਵਾਰ ਅਦਾਲਤ ’ਚ ਪੇਸ਼ ਕਰੇਗੀ ਤੇ ਫਿਲਹਾਲ ਉਸ ਤੋਂ ਪੜਤਾਲ ਕੀਤੀ ਜਾ ਰਹੀ ਹੈ।

ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਲੁਧਿਆਣਾ: ਸਹਿਜਪ੍ਰੀਤ ਸਿੰਘ ਦੀ ਮੌਤ ਲਈ ਪਰਿਵਾਰ ਪੁਲੀਸ ਨੂੰ ਵੀ ਬਰਾਬਰ ਦੋਸ਼ੀ ਠਹਿਰਾ ਰਿਹਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ ਪੁਲੀਸ ਨੇ ਸਮੇਂ ਸਿਰ ਸਹੀ ਢੰਗ ਨਾਲ ਪੜਤਾਲ ਕੀਤੀ ਹੁੰਦੀ ਤਾਂ ਹੋ ਸਕਦਾ ਅੱਜ ਸਹਿਜਪ੍ਰੀਤ ਜਿਊਂਦਾ ਹੁੰਦਾ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਸਹਿਜ ਦੇ ਘਰ ਤੋਂ ਲਾਪਤਾ ਹੁੰਦਿਆਂ ਹੀ ਪੁਲੀਸ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਸੀ ਪਰ ਪੁਲੀਸ ਨੇ ਪਹਿਲੇ 24 ਘੰਟੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲੀਸ ਕੋਲ ਵਾਰ ਵਾਰ ਸੀਸੀਟੀਵੀ ਫੁਟੇਜ ਚੈੱਕ ਕਰਨ ਦਾ ਜ਼ਿਕਰ ਕੀਤਾ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਸ਼ਨਿੱਚਰਵਾਰ ਨੂੰ ਪਰਿਵਾਰ ਲਾਪਤਾ ਬੱਚੇ ਦੀ ਭਾਲ ਲਈ ਹੱਥਾਂ ਵਿੱਚ ਪੋਸਟਰ ਫੜ ਕੇ ਸੜਕਾਂ ’ਤੇ ਉੱਤਰਿਆ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਕਲ ਹੋਣ ਮਗਰੋਂ ਪੁਲੀਸ ਨੇ ਮਾਮਲੇ ਵੱਲ ਧਿਆਨ ਦਿੱਤਾ। ਪਰਿਵਾਰ ਦੇ ਕਹਿਣ ’ਤੇ ਹੀ ਤਾਏ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਸੱਚਾਈ ਸਾਹਮਣੇ ਆਈ।

ਮੁਲਜ਼ਮ ਦੇ ਪੁੱਤਰ ਵੱਲੋਂ ਪਿਤਾ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਦਾ ਦਾਅਵਾ
ਇੱਕ ਪਾਸੇ ਜਿੱਥੇ ਸਵਰਨ ਦੀ ਪਤਨੀ ਉਸ ਲਈ ਮੌਤ ਦੀ ਸਜ਼ਾ ਮੰਗ ਰਹੀ ਹੈ, ਉੱਥੇ ਉਸ ਦਾ ਲੜਕਾ ਆਪਣੇ ਪਿਤਾ ਦੇ ਬਚਾਅ ’ਚ ਉਤਰਿਆ ਹੈ। ਉਸ ਨੇ ਕਿਹਾ ਕਿ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਪੰਜ ਸਾਲ ਪਹਿਲਾਂ ਮੁਲਜ਼ਮ ਸਵਰਨ ਸਿੰਘ ਦੇ ਦਿਮਾਗ ਦਾ ਅਪ੍ਰੇਸ਼ਨ ਹੋਇਆ ਸੀ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਪੂਰੀ ਤਰ੍ਹਾਂ ਠੀਕ ਨਹੀਂ ਹੈ।