ਲੁਧਿਆਣਾ ਚ ਵੱਡੀ ਵਾਰਦਾਤ : ਮੋਟਰਸਾਈਕਲ ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ

ਲੁਧਿਆਣਾ ਚ ਵੱਡੀ ਵਾਰਦਾਤ : ਮੋਟਰਸਾਈਕਲ ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ

ਲੁਧਿਆਣਾ : ਝੰਡੂ ਚੌਂਕ ਨੇੜੇ ਮੋਟਰਸਾਈਕਲ ’ਤੇ ਦੋਸਤਾਂ ਨਾਲ ਜਾ ਰਹੇ 7ਵੀਂ ਕਲਾਸ ਦੇ ਵਿਦਿਆਰਥੀ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲ਼ ਵੱਢ ਦਿੱਤਾ, ਜਦਕਿ ਉਸ ਦੇ ਦੋਸਤ ਆਪਣੀ ਜਾਨ ਬਚਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਨੌਜਵਾਨ ਘੁਮਾਰ ਮੰਡੀ ਦਾ ਰਹਿਣ ਵਾਲਾ ਅਨੁਜ ਹੈ। ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਗਲ਼ੇ ’ਤੇ ਲਗਭਗ 5 ਇੰਚ ਤੱਕ ਦਾ ਡੂੰਘਾ ਕੱਟ ਪੈ ਗਿਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ 2 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ। ਥਾਣਾ ਡਵੀਜ਼ਨ ਨੰ. 8 ਦੇ ਅਧੀਨ ਚੌਂਕੀ ਘੁਮਾਰਮੰਡੀ ਦੀ ਪੁਲਸ ਨੇ ਹੁਣ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਜਾਣਕਾਰੀ ਦਿੰਦਿਆਂ ਲਵਕੁਸ਼ ਨੇ ਦੱਸਿਆ ਕਿ ਉਹ ਬੈਂਕ ’ਚ ਨੌਕਰੀ ਕਰਦਾ ਹੈ। ਉਸ ਦਾ ਛੋਟਾ ਭਰਾ ਅਨੁਜ ਹੈ, ਜੋ ਕਿ ਝੰਡੂ ਚੌਂਕ ਨੇੜੇ ਸਥਿਤ ਸਰਕਾਰੀ ਸਕੂਲ ’ਚ 7ਵੀਂ ਕਲਾਸ ਦਾ ਵਿਦਿਆਰਥੀ ਹੈ। ਲਵਕੁਸ਼ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਕਤ ਨੌਜਵਾਨ ਰੰਜਿਸ਼ ਰੱਖਣ ਲੱਗੇ ਸਨ। ਉਸ ਨੂੰ ਪਤਾ ਲੱਗਾ ਸੀ ਕਿ ਉਕਤ ਨੌਜਵਾਨ ਨਸ਼ਾ ਸਮੱਗਲਰ ਹਨ। ਇਸ ਲਈ ਉਹ ਪਿੱਛੇ ਹਟ ਗਿਆ ਸੀ ਪਰ ਵੀਰਵਾਰ ਦੀ ਰਾਤ ਨੂੰ ਉਸ ਦਾ ਭਰਾ ਅਨੁਜ ਆਪਣੇ ਦੋਸਤਾਂ ਨਾਲ ਨਕੋਦਰ ਮੇਲੇ ’ਚ ਜਾਣ ਲਈ ਨਿਕਲਿਆ ਸੀ। ਝੰਡੂ ਚੌਂਕ ਨੇੜੇ ਮੁਲਜ਼ਮਾਂ ਨੇ ਉਸ ਦੇ ਭਰਾ ਨੂੰ ਰੋਕ ਲਿਆ ਅਤੇ ਉਸ ਨਾਲ ਬਹਿਸ ਕਰਨ ਲੱਗੇ।
ਇਸ ਦੌਰਾਨ ਇਕ ਮੁੱਖ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਕੱਢਿਆ ਅਤੇ ਉਸ ਦੇ ਭਰਾ ਦੇ ਗਲ਼ ’ਤੇ ਮਾਰਿਆ, ਜਿਸ ਕਾਰਨ ਉਸ ਦੇ ਭਰਾ ਦੇ ਗਲ਼ ’ਤੇ ਡੂੰਘਾ ਜ਼ਖ਼ਮ ਹੋ ਗਿਆ। ਉਹ ਜ਼ਖ਼ਮੀ ਹਾਲਤ ’ਚ ਡਿੱਗ ਗਿਆ, ਜਦਕਿ ਉਸ ਦੇ ਦੋਸਤ ਜਾਨ ਬਚਾਉਂਦੇ ਹੋਏ ਇਧਰ-ਉੱਧਰ ਭੱਜ ਗਏ ਪਰ ਅਨੁਜ ਦੇ ਇਕ ਦੋਸਤ ਦੇ ਹੱਥ ’ਤੇ ਤੇਜ਼ਧਾਰ ਹਥਿਆਰ ਨਾਲ ਜ਼ਖ਼ਮ ਕਰ ਦਿੱਤਾ ਸੀ।
ਜਦ ਮੁਲਜ਼ਮ ਚਲੇ ਗਏ ਤਾਂ ਉਨ੍ਹਾਂ ਨੇ ਤੁਰੰਤ ਅਨੁਜ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। ਲਵਕੁਸ਼ ਨੇ ਦੋਸ਼ ਲਾਇਆ ਕਿ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਆਦਤਨ ਅਪਰਾਧੀ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਹ ਨਸ਼ਾ ਵੇਚਦਾ ਹੈ। ਮੁਲਜ਼ਮ ਉਸ ਨੂੰ ਧਮਕਾਉਂਦਾ ਹੈ ਕਿ ਉਸ ਦੀ ਪੁਲਸ ਨਾਲ ਸੈਟਿੰਗ ਹੈ। ਇਸ ਲਈ ਪੁਲਸ ਕੋਈ ਕਾਰਵਾਈ ਨਹੀਂ ਕਰਦੀ। ਲਵਕੁਸ਼ ਨੇ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ’ਤੇ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।