ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਸਿਟ ਕਾਇਮ

ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਸਿਟ ਕਾਇਮ

ਡੀਸੀਪੀ ਹੁੰਦਲ ਦੀ ਅਗਵਾਈ ਹੇਠ ਬਣੀ ਟੀਮ ਕਰੇਗੀ ਜਾਂਚ

ਲੁਧਿਆਣਾ-ਗਿਆਸਪੁਰਾ ਇਲਾਕੇ ’ਚ ਗੈਸ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ ਪੁਲੀਸ ਨੇ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕੀਤੀ ਹੈ। ਐਤਵਾਰ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ 11 ਵਿਅਕਤੀਆ ਦੀ ਮੌਤ ਹੋ ਗਈ ਸੀ। ਉਧਰ ਐੱਨਡੀਆਰਐੱਫ ਦੀ ਟੀਮ ਮੁਤਾਬਕ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਲਾਕੇ ’ਚ ਹਾਈਡਰੋਜਨ ਸਲਫਾਈਡ ਐੱਚ-2-ਐੱਸ ਗੈਸ ਦੀ ਮਾਤਰਾ ਜ਼ਿਆਦਾ ਸੀ ਜੋ ਸਿੱਧੀ ਸੀਵਰੇਜ ’ਚੋਂ ਨਿਕਲ ਕੇ ਫੈਲੀ ਜਿਸ ਕਾਰਨ ਮੌਤਾਂ ਹੋਈਆਂ ਹਨ। ਉਂਜ ਪਟਿਆਲਾ ਤੋਂ ਆਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਵੀ ਗੈਸ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਜਾਂਚ) ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਿਟ ਬਣਾਈ ਗਈ ਹੈ। ਸਿਟ ’ਚ ਏਡੀਸੀਪੀ-2 ਸੁਹੇਲ ਮੀਰ, ਏਡੀਸੀਪੀ-4 ਤੁਸ਼ਾਰ ਗੁਪਤਾ, ਏਸੀਪੀ ਸਾਊਥ ਅਤੇ ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਦਰਜੀਤ ਸਿੰਘ ਬੋਪਾਰਾਏ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਮ ਜਲਦੀ ਹੀ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਦੇਵੇਗੀ ਜਿਸ ਮਗਰੋਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕਿਸੇ ਸਨਅਤੀ ਇਕਾਈ ਨੇ ਆਪਣੇ ਰਸਾਇਣਕ ਕਚਰੇ ਨੂੰ ਸੀਵਰੇਜ ਲਾਈਨ ’ਚ ਤਾਂ ਨਹੀਂ ਸੁੱਟਿਆ ਸੀ ਜਿਥੋਂ ਇਹ ਜ਼ਹਿਰੀਲੀ ਗੈਸ ਬਣੀ ਅਤੇ 11 ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਇੰਡਸਟਰੀਅਲ ਵੇਸਟ ਪਹਿਲਾਂ ਵੀ ਸੀਵਰੇਜ ਲਾਈਨਾਂ ’ਚ ਸੁੱਟਿਆ ਜਾਂਦਾ ਰਿਹਾ ਹੈ ਜਿਸ ਬਾਰੇ ਪ੍ਰਦੂਸ਼ਣ ਬੋਰਡ ਦੇ ਮੁਲਾਜ਼ਮਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ’ਚ ਜੇਕਰ ਪ੍ਰਦੂਸ਼ਣ ਬੋਰਡ ਦੇ ਕਿਸੇ ਮੁਲਾਜ਼ਮ ਦੀ ਗਲਤੀ ਸਾਹਮਣੇ ਆਈ ਜਾਂ ਸਹਿਯੋਗ ਨਾ ਕੀਤਾ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਐੱਨਡੀਆਰਐੱਫ ਦੇ ਅਧਿਕਾਰੀ ਡੀ ਐੱਲ ਜਾਖੜ ਨਾਲ ਗੱਲ ਕਰਨ ਤੋਂ ਬਾਅਦ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੀਵਰੇਜ ਲਾਈਨਾਂ ’ਚ ਕਾਸਟਿਕ ਸੋਡਾ ਪਾਇਆ ਗਿਆ ਤਾਂ ਜੋ ਜ਼ਹਿਰੀਲੀ ਗੈਸ ਦਾ ਅਸਰ ਘੱਟ ਹੋ ਸਕੇ। ਪ੍ਰਸ਼ਾਸਨ ਵੱਲੋਂ ਉਸ ਸੀਵਰੇਜ ਦਾ ਢੱਕਣ ਵੀ ਬਦਲਵਾ ਦਿੱਤਾ ਗਿਆ ਹੈ, ਜਿੱਥੋਂ ਗੈਸ ਲੀਕ ਹੋਣ ਦਾ ਸ਼ੱਕ ਸੀ।

ਇਲਾਕੇ ’ਚ ਜ਼ਹਿਰੀਲੀ ਗੈਸ ਦਾ ਅਸਰ ਖ਼ਤਮ ਹੋਇਆ

ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਵੀ ਇਲਾਕੇ ਦਾ ਦੌਰਾ ਕੀਤਾ। ਡੀਸੀ ਨੇ ਕਿਹਾ ਕਿ ਹੁਣ ਇਲਾਕੇ ਦੀ ਹਵਾ ’ਚ ਸੁਧਾਰ ਹੋ ਗਿਆ ਹੈ ਅਤੇ ਗੈਸ ਦਾ ਅਸਰ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਮੈਨਹੋਲਾਂ ’ਚ ਹਾਈਡਰੋਜਨ ਸਲਫਾਈਡ ਦਾ ਪੱਧਰ ਕਿਤੇ ਵੱਧ ਸੀ ਪਰ ਹੁਣ ਇਹ ਖ਼ਤਮ ਕਰ ਦਿੱਤੀ ਗਈ ਹੈ। ਸ਼ਹਿਰ ਦੀਆਂ ਸਨਅਤਾਂ ’ਚੋਂ ਪਾਣੀ ਦੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ ਜੋ ਖਰੜ ’ਚ ਬਣੀ ਕੈਮੀਕਲ ਲੈਬ ’ਚ ਟੈਸਟਿੰਗ ਲਈ ਭੇਜੇ ਜਾਣਗੇ। ਨਗਰ ਨਿਗਮ ਦੀਆਂ ਟੀਮਾਂ ਸੀਵਰੇਜ ਪਾਈਪਾਂ ਨੂੰ ਸਾਫ਼ ਕਰਨ ’ਚ ਲੱਗੀਆਂ ਰਹੀਆਂ। ਜਾਂਚ ਟੀਮਾਂ ਨੇ ਹਾਦਸੇ ’ਚ ਮਾਰੇ ਗਏ ਡਾ. ਕਵਿਲਾਸ਼ ਯਾਦਵ ਦੇ ਘਰ ਦੀ ਪੂਰੀ ਚੈਕਿੰਗ ਕੀਤੀ ਅਤੇ ਅੰਦਰ ਬਣੀਆਂ ਹੌਦੀਆਂ ਦੀ ਜਾਂਚ ਕੀਤੀ। ਉਨ੍ਹਾਂ ਨਵਨੀਤ ਕੁਮਾਰ ਅਤੇ ਗੌਰਵ ਗੋਇਲ ਦੇ ਘਰਾਂ ਦੀ ਵੀ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ। ਗਿਆਸਪੁਰਾ ਦੇ 33 ਫੁੱਟੀ ਰੋਡ ’ਤੇ ਗੈਸ ਲੀਕ ਦਾ ਅਸਰ 24 ਘੰਟੇ ਬਾਅਦ ਵੀ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਵੀ ਘਟਨਾ ਵਾਲੀ ਥਾਂ ’ਤੇ ਦਹਿਸ਼ਤ ਦਾ ਮਾਹੌਲ ਬਣਾ ਰਿਹਾ। ਲੋਕਾਂ ’ਚ ਇੰਨੀ ਦਹਿਸ਼ਤ ਹੈ ਕਿ ਪੂਰਾ ਬਾਜ਼ਾਰ ਬੰਦ ਰਿਹਾ ਅਤੇ 500 ਮੀਟਰ ਦਾ ਇਲਾਕਾ ਪ੍ਰਸਾਸ਼ਨ ਨੇ ਸੀਲ ਕੀਤਾ ਹੋਇਆ ਹੈ।