ਲਿੱਪਿਆ ਸੰਵਾਰਿਆ ਚੌਂਤਰਾ…

ਲਿੱਪਿਆ ਸੰਵਾਰਿਆ ਚੌਂਤਰਾ…

ਸ਼ਵਿੰਦਰ ਕੌਰ

ਸੱਭਿਆਚਾਰ ਇੱਕ ਪਰਿਵਰਤਨਸ਼ੀਲ ਵਰਤਾਰਾ ਹੈ ਕਿਉਂਕਿ ਮਨੁੱਖੀ ਜੀਵਨ ਦੇ ਵਿਕਾਸ ਨਾਲ ਸੱਭਿਆਚਾਰ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਮਸ਼ੀਨੀਕਰਨ ਨੇ ਸਾਡੇ ਰਹਿਣ-ਸਹਿਣ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਤੇਜ਼ੀ ਨਾਲ ਹੋ ਰਹੇ ਬਦਲਾਅ ਕਾਰਨ ਜਿਹੜੀਆਂ ਮਿੱਟੀ ਤੋਂ ਬਣੀਆਂ ਵਸਤਾਂ ਪਹਿਲਾਂ ਸਾਡੇ ਘਰ ਵਿੱਚ ਖਾਣ- ਪਕਾਉਣ, ਅਨਾਜ, ਕਣਕ, ਗੁੜ ਆਦਿ ਸਾਂਭਣ ਲਈ ਅਤਿ ਲੋੜੀਂਦੀਆਂ ਸਮਝੀਆਂ ਜਾਂਦੀਆਂ ਸਨ, ਅੱਜ ਉਹ ਅਲੋਪ ਹੋ ਚੁੱਕੀਆਂ ਹਨ।

ਪਿੰਡਾਂ ਵਿੱਚ ਬਹੁਤੇ ਘਰ ਕੱਚੇ ਹੁੰਦੇ ਸਨ। ਮਿੱਟੀ ਦੇ ਕੱਚੇ ਘਰਾਂ ਨੂੰ ਮਿੱਟੀ ਨਾਲ ਲਿੱਪਣ-ਪੋਚਣ ਅਤੇ ਸ਼ਿੰਗਾਰਨ ਸਮੇਂ ਪੰਜਾਬਣਾਂ ਦੀ ਹਸਤ ਕਲਾ ਦਾ ਕਮਾਲ ਵੇਖਣ ਨੂੰ ਮਿਲਦਾ ਸੀ। ਉਨ੍ਹਾਂ ਸਮਿਆਂ ਵਿੱਚ ਘਰਾਂ ਦੇ ਆਲੇ, ਸਰਬੱਤੀਆਂ, ਵਿਹੜੇ, ਛੱਤਾਂ, ਚੌਂਕੇ, ਚੌਂਤਰਿਆਂ, ਹਾਰੇ, ਹਾਰੀਆਂ ਨੂੰ ਮਿੱਟੀ ਪੋਚੇ ਨਾਲ ਹੀ ਸੰਵਾਰਿਆ ਅਤੇ ਸ਼ਿੰਗਾਰਿਆ ਜਾਂਦਾ ਸੀ। ਪਹਿਲਾਂ ਸਭ ਨੂੰ ਗਲੀ ਤੂੜੀ ਮਿੱਟੀ ਵਿੱਚ ਰਲਾ ਕੇ ਤਿਆਰ ਕੀਤੀ ਮਿੱਟੀ ਨਾਲ ਲਿੱਪਿਆ ਜਾਂਦਾ, ਫਿਰ ਉੱਤੇ ਚੀਕਣੀ ਮਿੱਟੀ ਦਾ ਪੋਚਾ ਫੇਰਿਆ ਜਾਂਦਾ ਸੀ। ਚੌਂਕੇ ਅਤੇ ਛੱਤਾਂ ਉੱਪਰ ਗੋਹੇ ਰਲੀ ਮਿੱਟੀ ਦੀ ਤਲੀ ਦੇ ਕੇ ਪੰਜਾਬਣਾਂ ਕੱਚੇ ਘਰਾਂ ਨੂੰ ਮੂੰਹੋਂ ਬੋਲਣ ਲਾ ਦਿੰਦੀਆਂ ਸਨ।

ਰੋਟੀ ਪਾਣੀ ਬਣਾਉਣ ਲਈ ਹਰ ਘਰ ਵਿੱਚ ਚੁੱਲ੍ਹਾ-ਚੌਂਕਾਂ ਵਿਸ਼ੇਸ਼ ਤੌਰ ’ਤੇ ਬਣਾਇਆ ਜਾਂਦਾ ਸੀ। ਇਹ ਘਰ ਦੀ ਕਿਸੇ ਸਾਫ਼ ਸੁਥਰੀ ਜਗ੍ਹਾ ’ਤੇ ਬਣਾਇਆ ਜਾਂਦਾ ਕਿਉਂਕਿ ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਸੁੱਚਤਾ ਵਾਲੀ ਜਗ੍ਹਾ ਮੰਨਿਆ ਜਾਂਦਾ ਸੀ। ਇਸ ਕਰ ਕੇ ਪਕਵਾਨ ਬਣਾਉਣ ਵਾਲੀ ਥਾਂ ਨੂੰ ਪਾਕ ਸਾਲ ਵੀ ਕਿਹਾ ਗਿਆ ਹੈ। ਇਸੇ ਕਰ ਕੇ ਚੁੱਲ੍ਹੇ- ਚੌਂਕੇ ਵਾਲੇ ਚੌਂਤੇ ਵਿੱਚ ਕੋਈ ਜੁੱਤੀ ਪਾ ਕੇ ਨਹੀਂ ਸੀ ਜਾਂਦਾ। ਘਰ ਦੀ ਇੱਕ ਢੁੱਕਵੀਂ ਜਗ੍ਹਾ ਇੱਕ ਨੁੱਕਰ ਜਿਹੀ ਦੇਖ ਕੇ ਚੁੱਲ੍ਹਾ- ਚੌਂਕਾਂ ਬਣਾਇਆ ਜਾਂਦਾ ਸੀ। ਆਮ ਤੌਰ ’ਤੇ ਇਹ ਸਬਾਤਾਂ ਜਾਂ ਝਲਿਆਨੀ ਦੇ ਅੱਗੇ ਇੱਕ ਨੁੱਕਰੇ ਬਣਾਇਆ ਜਾਂਦਾ ਜਿੱਥੇ ਢੁੱਕਵੇਂ ਤਰੀਕੇ ਨਾਲ ਚੁੱਲ੍ਹਾ, ਲੋਹ, ਦੁੱਧ ਕਾੜਨ ਲਈ ਹਾਰਾ ਅਤੇ ਦਾਲ ਧਰਨ ਲਈ ਹਾਰੀ ਬਣਾਈ ਜਾਂਦੀ ਸੀ। ਰਸੋਈ ਤਾਂ ਕਿਸੇ ਵਿਰਲੇ ਘਰ ਵਿੱਚ ਹੀ ਹੁੰਦੀ ਸੀ। ਇਹ ਚੁੱਲ੍ਹੇ ਚੌਂਤਰੇ ਹੀ ਬੀਤੇ ਸਮੇਂ ਦੀ ਰਸੋਈ ਸੀ। ਇਸੇ ਲਈ ਖੁੱਲ੍ਹੇ ਚੌਂਤਰੇ ਦੀ ਜ਼ਿਆਦਾ ਮਹਾਨਤਾ ਰਹੀ ਹੈ। ਸਵੇਰੇ-ਸ਼ਾਮ ਸਾਰਾ ਟੱਬਰ ਇਕੱਠਾ ਬੈਠ ਕੇ ਚੌਂਤਰੇ ਉੱਪਰ ਹੀ ਭੋਜਨ ਛਕਦਾ ਸੀ। ਸਰਦੀਆਂ ਵਿੱਚ ਤਾਂ ਇੱਕ ਪਾਸੇ ਚੁੱਲ੍ਹੇ ’ਤੇ ਪੱਕਦੀਆਂ ਰੋਟੀਆਂ ਅਤੇ ਦੂਜਾ ਹਾਰੇ ਵਿੱਚ ਪਾਥੀਆਂ ਦੀ ਮੱਠੀ ਮੱਠੀ ਅੱਗ ’ਤੇ ਕੜ੍ਹਦੇ ਦੁੱਧ ਦੇ ਨਿੱਘ ਨਾਲ ਪਰਿਵਾਰਕ ਸਾਂਝ ਦਾ ਨਿੱਘ ਹੋਰ ਵੀ ਵਧ ਜਾਂਦਾ। ਇਸ ਚੌਂਤਰੇ ਦੇ ਇੱਕ ਪਾਸੇ ਦੋ ਹਾਰੇ ਬਣੇ ਹੁੰਦੇ। ਇੱਕ ਵਿੱਚ ਦੁੱਧ ਕੜ੍ਹਨਾ ਰੱਖਿਆ ਜਾਂਦਾ ਅਤੇ ਦੂਜੇ ਹਾਰੇ ਵਿੱਚ ਮੱਝਾਂ ਲਈ ਵੜੇਵੇਂ ਜਾਂ ਛੋਲਿਆਂ ਦੀਆਂ ਬੱਕਲੀਆਂ ਰਿੱਝਣ ਲਈ ਧਰੀਆਂ ਜਾਂਦੀਆਂ। ਚੌਂਤੇ ਵਿੱਚ ਕੰਧ ਨਾਲ ਚੁੱਲ੍ਹਾ ਬਣਾਇਆ ਜਾਂਦਾ। ਚੁੱਲ੍ਹੇ ਤੇ ਹਾਰੇ ਇੱਕ ਦਿਨ ਵਿੱਚ ਨਹੀਂ ਸੀ ਬਣ ਜਾਂਦੇ। ਇਨ੍ਹਾਂ ਨੂੰ ਬਣਾਉਣ ਲਈ ਕਾਲੀ ਮਿੱਟੀ ਵਿੱਚ ਤੂੜੀ ਮਿਲਾ ਕੇ ਤਿਆਰ ਕੀਤੀ ਸਖ਼ਤ ਮਿੱਟੀ ਨਾਲ ਢਾਂਚੇ ਨੂੰ ਆਰੰਭਿਆ ਜਾਂਦਾ। ਜਿਸ ਨੂੰ ਚੁੱਲ੍ਹਾ ਹਾਰਾ ‘ਡੌਲਣਾ’ ਕਿਹਾ ਜਾਂਦਾ। ਥੋੜ੍ਹਾ ਸੁੱਕ ਜਾਣ ’ਤੇ ਇਸ ਉੱਪਰ ਇੱਕ ਵਾਰ ਹੋਰ ਦਿੱਤਾ ਜਾਂਦਾ। ਪੂਰਾ ਹੋਣ ਤੱਕ ਇਹ ਪ੍ਰਕਿਰਿਆ ਚੱਲਦੀ ਰਹਿੰਦੀ। ਮੁਕੰਮਲ ਹੋਣ ’ਤੇ ਇਸ ਉੱਪਰ ਮਿੱਟੀ ਲਾਈ ਜਾਂਦੀ ਤਾਂ ਜੋ ਬਣਾਉਂਦੇ ਸਮੇਂ ਰਹੀ ਵਾਧ ਘਾਟ ਨੂੰ ਪੂਰਾ ਕੀਤਾ ਜਾ ਸਕੇ। ਫਿਰ ਇਨ੍ਹਾਂ ’ਤੇ ਚੀਕਣੀ ਮਿੱਟੀ ਦਾ ਪੋਚਾ ਫੇਰ ਦਿੱਤਾ ਜਾਂਦਾ। ਹਾਰਿਆਂ ਨੂੰ ਤਾਂ ਗੋਲ ਟੋਆ ਪੁੱਟ ਕੇ ਉਸ ਵਿੱਚ ਫਿੱਟ ਕਰ ਦਿੱਤਾ ਜਾਂਦਾ। ਇਨ੍ਹਾਂ ਦੇ ਪਿਛਲੇ ਪਾਸੇ ਤਾਂ ਕੰਧ ਕੀਤੀ ਜਾਂਦੀ, ਪਰ ਅਗਲੇ ਹਿੱਸੇ ਵਿੱਚ ਮਿੱਟੀ ਦੇ ਵਾਰਾਂ ਨਾਲ ਹੀ ਗੋਲ ਬਾਰ ਬਣਾਏ ਜਾਂਦੇ। ਇਨ੍ਹਾਂ ਉੱਪਰ ਪੰਛੀ ਜਾਂ ਫੁੱਲ ਬੂਟੇ ਬਣਾਏ ਜਾਂਦੇ। ਉੱਪਰ ਕੜੀਆਂ ਰੱਖ ਕੇ ਉਨ੍ਹਾਂ ’ਤੇ ਕਾਨੇ ਪਾ ਕੇ ਛੱਤ ਪਾਈ ਜਾਂਦੀ ਤੇ ਉਸ ਨੂੰ ਮਿੱਟੀ ਨਾਲ ਲਿੱਪ ਦਿੱਤਾ ਜਾਂਦਾ। ਹਾਰੇ ਉੱਪਰ ਦੇਣ ਲਈ ਮਿੱਟੀ ਦੇ ਹੀ ਜਾਲੀਦਾਰ ਢੱਕਣ ਬਣਾਏ ਜਾਂਦੇ। ਹਾਰੇ ਦੀ ਮੱਠੀ-ਮੱਠੀ ਅੱਗ ਨਾਲ ਕੜ੍ਹਦਾ ਦੁੱਧ, ਰਿੱਝਦੀ ਦਾਲ ਦੀ ਮਹਿਕ ਘਰ ਦੇ ਮਾਹੌਲ ਨੂੰ ਮਹਿਕਣ ਲਾ ਦਿੰਦੀ। ਇਹ ਮਹਿਕ ਸਾਡੇ ਲੋਕ ਗੀਤਾਂ ਵਿੱਚ ਵੀ ਰਲ ਜਾਂਦੀ ਜਦੋਂ ਵਿਆਹ ਸ਼ਾਦੀ ਸਮੇਂ ਵਧਾਈਆਂ ਦਿੱਤੀਆਂ ਜਾਂਦੀਆਂ :

ਹਾਰੇ ਦੁੱਧ ਕੜ੍ਹੇਂਦੀਏ ਨੀਂ ਉੱਤੇ ਆਈ ਐ ਮਲਾਈ,

ਬੀਬੀ ਰਾਣੀਏਂ ਨੀਂ ਸਾਡੀ ਮੰਨ ਲੈ ਵਧਾਈ।

ਚੁੱਲ੍ਹੇ ਨੂੰ ਕੰਧ ਦੇ ਨੇੜੇ ਰੱਖ ਕੇ ਗੱਡ ਦਿੱਤਾ ਜਾਂਦਾ। ਕੋਈ ਸੁੱਘੜ ਸੁਆਣੀ ਤਾਂ ਕੰਧ ਤੇ ਚੁੱਲ੍ਹੇ ਵਿਚਕਾਰ ਵਾਲੀ ਥਾਂ ਵਿੱਚ ਇੱਕ ਮੋਰਾ (ਮਘੋਰਾ) ਕਰ ਦਿੰਦੀ ਜੋ ਅੱਗੇ ਚੁੱਲ੍ਹੇ ਵਿੱਚ ਕੀਤੇ ਮੋਰੇ ਨਾਲ ਰਲ ਜਾਂਦਾ। ਚੁੱਲ੍ਹੇ ਮਗਰਲੇ ਮੋਰੇ ਉੱਤੇ ਤਿੰਨ ਮਿੱਟੀ ਦੇ ਠੁੱਮਣੇ ਲਾ ਦਿੱਤੇ ਜਾਂਦੇ। ਉਸ ਉੱਪਰ ਪਾਣੀ, ਚਾਹ ਜਾਂ ਕੁਝ ਹੋਰ ਗਰਮ ਕਰਨ ਲਈ ਪਤੀਲੇ ਵਿੱਚ ਪਾ ਕੇ ਰੱਖ ਦਿੱਤਾ ਜਾਂਦਾ। ਇਸ ਤਰ੍ਹਾਂ ਚੁੱਲ੍ਹੇ ਵਿਚਲੀ ਅੱਗ ਦਾ ਸੇਕ ਉਸ ਮੋਰੇ ਰਾਹੀਂ ਪਤੀਲੇ ਨੂੰ ਲੱਗਦਾ ਰਹਿੰਦਾ।

ਇਸ ਚੌਕੇ ਅੱਗੇ ਬਣੀ ਕੰਧੋਲੀ (ਓਟੇ) ਉੱਤੇ ਵੀ ਸੁਆਣੀਆਂ ਆਪਣੀ ਕਲਾ ਦੇ ਰੰਗ ਖੂਬ ਬਖੇਰਦੀਆਂ ਸਨ। ਓਟੇ ਦੇ ਸ਼ਬਦੀ ਅਰਥ ਹਨ ਓਹਲਾ, ਪੜਦਾ। ਕੰਧੋਲੀ ਉੱਤੇ ਪਹਿਲਾਂ ਸੁਚੱਜੇ ਢੰਗ ਨਾਲ ਮਿੱਟੀ ਲਾਈ ਜਾਂਦੀ। ਉਸ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਹੱਥੀਂ ਕੀਤੀ ਚਿੱਤਰਕਾਰੀ ਨਾਲ ਸਜਾਇਆ ਜਾਂਦਾ। ਕਈ ਤਰ੍ਹਾਂ ਦੇ ਪੰਛੀਆਂ ਦੇ ਚਿੱਤਰ ਚਿੜੀਆਂ- ਤੋਤੇ, ਮੋਰ ਆਦਿ ਬਣਾਏ ਜਾਂਦੇ। ਕੋਈ ਬੀਬੀ ਕੰਧੋਲੀ ਨੂੰ ਫੁੱਲ ਬੂਟਿਆਂ ਨਾਲ ਸ਼ਿੰਗਾਰਦੀ। ਚੌਕੇ ਵਿੱਚ ਬੈਠੀ ਸੁਆਣੀ ਨੂੰ ਘਰ ਦੇ ਬਾਕੀ ਹਿੱਸੇ ਦੀ ਵੀ ਖ਼ਬਰਸਾਰ ਰਹੇ ਇਸ ਲਈ ਕੰਧੋਲੀ ਵਿੱਚ ਚੌਰਸ, ਤਿਕੋਣੇ ਜਾਂ ਗੋਲ ਮੋਰੇ ਰੱਖੇ ਜਾਂਦੇ ਸਨ। ਕੰਧੋਲੀ ਦੀ ਦਿੱਖ ਨੂੰ ਹੋਰ ਸੋਹਣਾ ਬਣਾਉਣ ਲਈ ਰਕਾਨ ਸੁਆਣੀਆਂ ਉਸ ਵਿੱਚ ਲੰਬਕਾਰ ਮੋਰੇ ਰੱਖ ਕੇ ਰੰਗਦਾਰ ਪਾਣੀ ਨਾਲ ਭਰੀਆਂ ਕੱਚ ਦੀਆਂ ਬੋਤਲਾਂ ਵੀ ਰੱਖ ਦਿੰਦੀਆਂ ਸਨ। ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਚੀਕਣੀ ਮਿੱਟੀ ਦਾ ਪੋਚਾ ਫੇਰ ਦਿੱਤਾ ਜਾਂਦਾ ਸੀ। ਨਾਨਕਿਆਂ-ਦਾਦਕਿਆਂ ਦਾ ਜਦੋਂ ਗਿੱਧੇ ਵਿੱਚ ਮੁਕਾਬਲਾ ਹੁੰਦਾ ਤਾਂ ਇੱਕ ਦੂਜੇ ਨੂੰ ਬੋਲੀ ਪਾਉਂਦਿਆਂ ਕਿਹਾ ਜਾਂਦਾ:

ਨਾਨਕਿਆਂ ਦਾ ਕੁੱਪ ਬੰਨ੍ਹ ਦਿਓ

ਕਾਲੀ ਮਿੱਟੀ ਦਾ ਫੇਰ ਦਿਓ ਪੋਚਾ।

ਚੌਂਕੇ ਉੱਤੇ ਗੋਹੇ ਮਿੱਟੀ ਦੀ ਤਲੀ ਦੇ ਦਿੱਤੀ ਜਾਂਦੀ। ਇਸ ਤਲੀ ਦਾ ਜ਼ਿਕਰ ਇੱਕ ਦੋਹੇ ਵਿੱਚ ਵੀ ਆਉਂਦਾ ਹੈ ਜੋ ਨਵੀਂ ਭਾਬੀ ਨੂੰ ਵਿਆਹ ਕੇ ਲਿਆਏ ਵੀਰ ਦੇ ਵਿਹੜੇ ਵਿੱਚ ਦਾਖਲ ਹੋਣ ’ਤੇ ਲਾਇਆ ਜਾਂਦਾ ਹੈ :

ਅੰਦਰ ਤਲੀਆਂ ਦੇ ਰਹੀ, ਵੀਰਾ।

ਕੋਈ ਵਿਹੜੇ ਕਰਾਂ ਛਿੜਕਾਅ।

ਮੱਥਾ ਟੇਕਣਾ ਭੁੱਲ ਗਿਆ,

ਤੈਨੂੰ ਨਵੀਂ ਬੰਨੋ ਦਾ, ਵੇ ਵੀਰ ਸੁਲੱਖਣਿਆ ਚਾਅ।

ਐਨੀ ਮਿਹਨਤ ਨਾਲ ਤਿਆਰ ਕੀਤੇ ਇਹ ਚੁੱਲ੍ਹੇ-ਹਾਰੇ ਜੋ ਘਰ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਰੱਖਦੇ ਸਨ। ਜਿਨ੍ਹਾਂ ਨੂੰ ਬਣਾਉਣ, ਸਜਾਉਣ ਲਈ ਪੰਜਾਬਣਾਂ ਆਪਣੀ ਪੂਰੀ ਵਾਹ ਲਾ ਦਿੰਦੀਆਂ ਸਨ। ਉਹ ਸਾਡੇ ਲੋਕ ਸਾਹਿਤ ਤੋਂ ਕਿਵੇਂ ਵਾਂਝੇ ਰਹਿ ਸਕਦੇ ਹਨ :

ਚੁੱਲ੍ਹੇ ਪਕਾਵਾਂ ਰੋਟੀਆਂ ਕੋਈ ਹਾਰੇ ਰਿੱਝਦੀ ਖੀਰ,

ਨੀਂ ਉੱਠ ਵੇਖ ਨਨਾਣੇ ਕਿਤੇ ਆਉਂਦਾ ਤੇਰਾ ਵੀਰ।

ਖੁਸ਼ੀ ਦੇ ਮੌਕੇ ਪੰਜਾਬਣਾਂ ਲਿੱਪੇ ਚੌਂਤਰੇ ਦਾ ਲੰਮੀ ਹੇਕ ਵਾਲਾ ਗੀਤ ਛੋਹ ਲੈਂਦੀਆਂ :

ਲਿੱਪਿਆ ਸੰਵਾਰਿਆ ਚੌਂਤਰਾ,

ਡੇਕਾਂ ਫੁੱਲੀਆਂ ਵੇ ਚੀਰੇ ਵਾਲਿਆ।

ਕੰਤ ਜਿਨ੍ਹਾਂ ਦੇ ਨੌਕਰੀ,

ਨਾਰਾਂ ਡੁੱਲ੍ਹੀਆਂ ਵੇ ਚੀਰੇ ਵਾਲਿਆ।

ਬਾਬਾ ਬੁੱਲੇ ਸ਼ਾਹ ਵੀ ਚੁੱਲ੍ਹੇ ਬਾਰੇ ਲਿਖਦੇ ਹਨ:

ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਤੇ ਤਾਅਮ ਪਕਾਈਦਾ

ਰਲ ਫਕੀਰਾਂ ਮਜਲਿਸ ਕੀਤੀ ਭੋਰਾ ਭੋਰਾ ਖਾਈਦਾ।

ਤਿੱਥ ਤਿਉਹਾਰ ਸਮੇਂ ਚੁੱਲ੍ਹੇ ਦੀ ਰੌਣਕ ਦੁੱਗਣੀ ਹੈ ਜਾਂਦੀ। ਉਸ ਸਮੇਂ ਖਾਣ ਦਾ ਸਾਰਾ ਸਾਮਾਨ ਘਰੇਂ ਹੀ ਬਣਾਇਆ ਜਾਂਦਾ ਸੀ। ਚੌਲਾਂ ਦੀਆਂ ਪਿੰਨੀਆਂ, ਦੇਸੀ ਘਿਓ ਦੇ ਲੱਡੂ, ਗੁਲਗਲੇ, ਮੱਠੀਆਂ, ਪੂੜੇ, ਪਕੌੜੇ ਆਦਿ ਬਣਾਏ ਜਾਂਦੇ। ਚੁੱਲ੍ਹੇ ਕੋਲੋਂ ਉੱਠਦੀਆਂ ਸੁਗੰਧਾਂ ਸਾਰੇ ਪਰਿਵਾਰ ਨੂੰ ਆਪਣੇ ਵੱਲ ਖਿੱਚਦੀਆਂ। ਸਾਰਾ ਪਰਿਵਾਰ ਇਕੱਠਾ ਬੈਠ ਕੇ ਤਿਉਹਾਰਾਂ ਦਾ ਅਨੰਦ ਮਾਣਦਾ। ਜਿੱਥੇ ਇਹ ਰੀਤੀ-ਰਿਵਾਜ ਪਰਿਵਾਰ ਨੂੰ ਸੰਯੁਕਤ ਰੱਖਦੇ, ਉੱਥੇ ਬੱਚਿਆਂ ਨੂੰ ਸੰਸਕਾਰੀ ਸਿੱਖਿਆ ਰਲ ਮਿਲ ਕੇ ਪਿਆਰ ਨਾਲ ਰਹਿਣਾ , ਵੰਡ ਕੇ ਖਾਣਾ, ਮਿਲ ਕੇ ਖੇਡਣਾ ਆਪ ਮੁਹਾਰੇ ਹੀ ਪ੍ਰਾਪਤ ਹੋ ਜਾਂਦੇ।

ਹੁਣ ਨਾ ਕੱਚੇ ਘਰ ਰਹੇ ਹਨ। ਪੱਕੇ ਘਰਾਂ ਵਿੱਚ ਆਧੁਨਿਕ ਰਸੋਈਆਂ ਬਣ ਗਈਆਂ ਹਨ। ਜੇ ਕਿਸੇ ਘਰ ਚੁੱਲ੍ਹਾ ਚੌਂਤਾ ਹੈ ਵੀ ਤਾਂ ਕੰਧੋਲੀਆਂ ਪੱਕੀਆਂ ਬਣ ਗਈਆਂ ਹਨ। ਕੱਚੀ ਮਿੱਟੀ ਵਾਲੀ ਮਹਿਕ ਪੱਕੀਆਂ ਕੰਧੋਲੀਆਂ ਵਿੱਚੋਂ ਕਿੱਥੋਂ ਲੱਭਦੀ ਹੈ। ਨਾ ਹੀ ਪੰਜਾਬ ਦੀਆਂ ਜਾਈਆਂ ਜੋ ਆਪਣੀ ਕਲਾ ਰਾਹੀਂ ਮਿੱਟੀ ਨੂੰ ਮੂੰਹੋਂ ਬੋਲਣ ਲਾ ਦੇਣ ਦੀ ਮੁਹਾਰਤ ਰੱਖਦੀਆਂ ਸਨ, ਕਿਧਰੋਂ ਭਾਲੀਆਂ ਲੱਭਦੀਆਂ ਹਨ। ਉਨ੍ਹਾਂ ਦੀਆਂ ਸਿਰਜੀਆਂ ਕਲਾ ਕ੍ਰਿਤਾਂ ਵੀ ਮਿੱਟੀ ਨਾਲ ਮਿੱਟੀ ਹੋ ਗਈਆਂ ਹਨ। ਮੋਹ ਦੀਆਂ ਤੰਦਾਂ ਨਾਲ ਬਣੇ ਸਾਂਝੇ ਚੁੱਲ੍ਹੇ ਚੌਂਤਰੇ ਜੋ ਆਪਣੇ ਨਿੱਘ ਨਾਲ ਪਰਿਵਾਰ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਦੇ ਸਨ ਅਲੋਪ ਹੋਣ ਨਾਲ ਸੰਯੁਕਤ ਪਰਿਵਾਰ ਵੀ ਬਿਖਰ ਗਏ ਹਨ। ਬੀਤ ਚੁੱਕਿਆ ਇਹ ਸਮਾਂ ਵੀ ਅੱਜ ਦੀ ਬਜ਼ੁਰਗ ਪੀੜ੍ਹੀ ਦੇ ਜਾਣ ਤੋਂ ਬਾਅਦ ਚੇਤਿਆਂ ਵਿੱਚੋਂ ਵਿਸਰ ਜਾਵੇਗਾ।