ਲਿਬੀਆ ਵਿੱਚ ਮਾਰੇ ਗਏ ਪੁੱਤ ਦੀ ਮ੍ਰਿਤਕ ਦੇਹ ਉਡੀਕ ਰਿਹੈ ਪਰਿਵਾਰ

ਲਿਬੀਆ ਵਿੱਚ ਮਾਰੇ ਗਏ ਪੁੱਤ ਦੀ ਮ੍ਰਿਤਕ ਦੇਹ ਉਡੀਕ ਰਿਹੈ ਪਰਿਵਾਰ

  • ਮਨੁੱਖੀ ਤਸਕਰਾਂ ਕੋਲੋਂ ਬੱਚ ਕੇ ਨਿਕਲਦੇ ਸਮੇਂ ਹੋਈ ਸੀ ਮੌਤ
  • ਲਿਬੀਆ ਦੇ ਬੇਂਗਾਜੀ ਸਥਿਤ ਮੁਰਦਾਘਰ ਵਿੱਚ ਪਈ ਹੈ ਲਾਸ਼

ਨਵੀਂ ਦਿੱਲੀ- ਲਿਬੀਆ ’ਚ ਮਨੁੱਖੀ ਤਸਕਰਾਂ ਤੋਂ ਬਚ ਕੇ ਭੱਜਦੇ ਸਮੇਂ ਫੌਤ ਹੋਏ ਪੰਜਾਬ ਦੇ ਐੱਸਏਐੱਸ ਨਗਰ ਦੇ ਟੋਨੀ ਦਾ ਪਰਿਵਾਰ ਉਸ ਦੀ ਲਾਸ਼ ਦੀ ਵਤਨ ਵਾਪਸੀ ਦੀ ਉਡੀਕ ’ਚ ਹੈ। ਟੋਨੀ (21) ਨੇ ਲੰਘੇ ਫਰਵਰੀ ਮਹੀਨੇ ਇਟਲੀ ’ਚ ਆਪਣੇ ਸੁਫ਼ਨੇ ਪੂਰੇ ਕਰਨ ਪੰਜਾਬ ’ਚ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਿਹਾ ਸੀ। ਉਹ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਗਰੁੱਪ ’ਚ ਸ਼ਾਮਲ ਸੀ ਜਿਨ੍ਹਾਂ ਨੂੰ ਇਟਲੀ ’ਚ ਨੌਕਰੀ ਦਾ ਵਾਅਦਾ ਕਰਕੇ ਦੁਬਈ ’ਚ ਏਜੰਟਾਂ ਰਾਹੀਂ ਲਿਬੀਆ ਦੇ ਮਨੁੱਖੀ ਤਸਕਰਾਂ ਕੋਲ ਵੇਚ ਦਿੱਤਾ ਗਿਆ। ਲਿਬੀਆ ’ਚ ਉਨ੍ਹਾਂ ਵਿੱਚੋਂ 17 ਨੌਜਵਾਨ ਬਚ ਕੇ ਨਿਕਲ ਗਏ ਸਨ ਪਰ ਟੋਨੀ ਇਸ ਵਿੱਚ ਸਫਲ ਨਹੀਂ ਹੋ ਸਕਿਆ ਸੀ। ਮਈ ਮਹੀਨੇ ਦੀ ਸ਼ੁਰੂਆਤ ’ਚ ਟੋਨੀ ਦੇ ਪਿਤਾ, ਜਿਹੜੇ ਪੰਜਾਬ ਦੇ ਐੱਸ.ਏ.ਐੈੱਸ. ਨਗਰ ’ਚ ਦਿਹਾੜੀ ਮਜ਼ਦੂਰ ਸਨ, ਨੂੰ ਟੋਨੀ ਦੀ ਮੌਤ ਦੀ ਖ਼ਬਰ ਮਿਲੀ ਸੀ ਅਤੇ ਉਦੋਂ ਹੀ ਪਰਿਵਾਰ ਆਪਣੇ ਬੱਚੇ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਟੋਨੀ ਦੇ ਚਾਚਾ ਬ੍ਰਿਜ ਲਾਲ ਨੇ ਅੱਜ ‘ਦਿ ਟ੍ਰਿਬਿਊਨ’ ਨੂੰ ਦੱਸਿਆ, ‘‘ਕੁਝ ਸਪੱਸ਼ਟ ਨਹੀਂ ਹੈ ਕਿ ਲਾਸ਼ ਕਦੋਂ ਆਵੇਗੀ। ਲਾਸ਼ ਮਈ ਤੋਂ ਲਿਬੀਆ ਦੇ ਬੇਂਗਾਜੀ ਵਿੱਚ ਇੱਕ ਮੁਰਦਾਘਰ ’ਚ ਪਈ ਹੈ।’’ ਇਟਲੀ ਰਸਤੇ ਦੁਬਈ ’ਚ ਉਤਾਰੇ ਜਾਣ ਮਗਰੋਂ ਕਈ ਦਿਨਾਂ ਤੱਕ ਟੋਨੀ ਦੀ ਕੋਈ ਖ਼ਬਰ ਨਹੀਂ ਆਈ ਸੀ। ਬ੍ਰਿਜ ਲਾਲ ਨੇ ਕਿਹਾ, ‘‘ਸਾਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਲਿਬਿਆਈ ਮਾਫ਼ੀਆ ਤੋਂ ਬਚ ਕੇ ਭੱਜਦੇ ਸਮੇਂ ਟੋਨੀ ਭਾਰਤੀ ਗਰੁੱਪ ਤੋਂ ਵੱਖ ਹੋ ਗਿਆ ਸੀ ਅਤੇ ਬੇਂਗਾਜੀ ’ਚ ਉਸਾਰੀ ਅਧੀਨ ਇੱਕ ਇਮਾਰਤ ’ਚ ਕੁਝ ਪਾਕਿਸਤਾਨੀ ਲੜਕਿਆਂ ਕੋਲ ਪਹੁੰਚ ਗਿਆ। ਜਦੋਂ ਇੱਕ ਦਿਨ ਇਮਾਰਤ ’ਤੇ ਮਾਫ਼ੀਆ ਨੇ ਛਾਪਾ ਮਾਰਿਆ ਤਾਂ ਕੁਝ ਲੜਕੇ ਭੱਜ ਗਏ। ਸੱਤ ਫੁੱਟ ਉੱਚੀ ਖਿੜਕੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਦੌਰਾਨ ਟੋਨੀ ਦੇ ਸਿਰ ’ਚ ਸੱਟ ਲੱਗ ਗਈ ਸੀ। ਬਾਅਦ ’ਚ ਉਸ ਦੀ ਮੌਤ ਹੋ ਗਈ।’’ ਪਰਿਵਾਰ ਨੂੰ ਯਾਦ ਹੈ ਕਿਵੇਂ ਬੇਂਗਾਜੀ ਤੋਂ ਲਗਪਗ 1500 ਕਿਲੋਮੀਟਰ ਦੂਰ ਸਥਿਤ ਟਿਊਨਿਸ ’ਚ ਭਾਰਤੀ ਸਫ਼ਾਰਤਖ਼ਾਨੇ ਲਈ ਲਾਸ਼ ਦੀ ਪਛਾਣ ਕਰਨਾ ਵੀ ਇੱਕ ਔਖਾ ਕੰਮ ਸੀ।