ਲਿਜ਼ ਟਰੱਸ ਦਾ ਫੋਨ ਹੈਕ ਹੋਣ ਦਾ ਦਾਅਵਾ

ਲਿਜ਼ ਟਰੱਸ ਦਾ ਫੋਨ ਹੈਕ ਹੋਣ ਦਾ ਦਾਅਵਾ

ਲੰਡਨ: ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਦਾ ਫੋਨ ਹੈਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਖ਼ਬਾਰ ‘ਮੇਲ’ ਨੇ ਕਿਹਾ ਹੈ ਕਿ ਟਰੱਸ ਜਦੋਂ ਵਿਦੇਸ਼ ਮੰਤਰੀ ਸੀ ਤਾਂ ਉਸ ਸਮੇਂ ਉਸ ਦਾ ਫੋਨ ਹੈਕ ਹੋਇਆ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਗੱਲ ਨੂੰ ਲੁਕੋ ਕੇ ਰੱਖਿਆ। ਉਂਜ ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਕਿਹਾ ਹੈ ਕਿ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਲਈ ਸਾਈਬਰ ਸੁਰੱਖਿਆ ਦੇ ਵਧੀਆ ਪ੍ਰਬੰਧ ਹਨ। ਅਖ਼ਬਾਰ ਮੁਤਾਬਕ ਟਰੱਸ ਦਾ ਫੋਨ ਹੈਕ ਹੋਣ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੀ ਆਗੂ ਬਣਨ ਦੀ ਦੌੜ ’ਚ ਸੀ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹੈਕ ਪਿੱਛੇ ਰੂਸੀ ਜਾਸੂਸਾਂ ਦਾ ਹੱਥ ਹੈ। ਯੂਕੇ ਸਰਕਾਰ ਦੇ ਤਰਜਮਾਨ ਨੇ ਸੁਰੱਖਿਆ ਪ੍ਰਬੰਧਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਜ਼ਰੂਰ ਕਿਹਾ ਕਿ ਸਾਈਬਰ ਖ਼ਤਰਿਆਂ ਦੇ ਟਾਕਰੇ ਲਈ ਦੇਸ਼ ’ਚ ਜ਼ਬਰਦਸਤ ਪ੍ਰਣਾਲੀ ਹੈ। ਵਿਰੋਧੀ ਧਿਰਾਂ ਨੇ ਫੋਨ ਹੈਕ ਅਤੇ ਸਾਰੀ ਜਾਣਕਾਰੀ ਅਖ਼ਬਾਰ ਨੂੰ ਲੀਕ ਹੋਣ ਦੀ ਨਿਰਪੱਖ ਜਾਂਚ ਮੰਗੀ ਹੈ। ਲਿਬਰਲ ਡੈਮੋਕਰੈਟ ਦੇ ਵਿਦੇਸ਼ ਮੰਤਰਾਲੇ ਨਾਲ ਸਬੰਧਤ ਮਾਮਲਿਆਂ ਦੇ ਤਰਜਮਾਨ ਲੈਲਾ ਮੋਰਾਨ ਨੇ ਕਿਹਾ,‘‘ਕੀ ਲਿਜ਼ ਟਰੱਸ ਦਾ ਫੋਨ ਰੂਸ ਨੇ ਹੈਕ ਕੀਤਾ ਸੀ ਅਤੇ ਕੀ ਇਸ ਦੀ ਖ਼ਬਰ ਦਬਾਈ ਨਹੀਂ ਗਈ ਸੀ ਅਤੇ ਜੇਕਰ ਇੰਜ ਹੈ ਤਾਂ ਕਿਉ?’’ ਉਨ੍ਹਾਂ ਕਿਹਾ ਕਿ ਜੇਕਰ ਲਿਜ਼ ਟਰੱਸ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਇਹ ਸੂਚਨਾ ਰੋਕੀ ਗਈ ਸੀ ਤਾਂ ਇਹ ਮੁਆਫ਼ੀ ਯੋਗ ਘਟਨਾ ਨਹੀਂ ਹੈ। ਲੇਬਰ ਪਾਰਟੀ ਦੇ ਲਾਅ ਐਂਡ ਆਰਡਰ ਸਬੰਧੀ ਤਰਜਮਾਨ ਯਵੇਟੇ ਕੂਪਰ ਨੇ ਕਿਹਾ ਕਿ ਇਹ ਖ਼ਬਰ ਸਾਈਬਰ ਸੁਰੱਖਿਆ ਦੇ ਮੁੱਦੇ ਨੂੰ ਉਜਾਗਰ ਕਰਦੀ ਹੈ ਪਰ ਇਹ ਸਵਾਲ ਵੀ ਉੱਠਦੇ ਹਨ ਕਿ ਕੈਬਨਿਟ ਮੰਤਰੀ ਸਰਕਾਰੀ ਕੰਮ ਲਈ ਨਿੱਜੀ ਫੋਨ ਦੀ ਵਰਤੋਂ ਕਿਉਂ ਕਰ ਰਹੀ ਸੀ ਅਤੇ ਇਸ ਖ਼ਬਰ ਨੂੰ ਹੁਣ ਕਿਉਂ ਨਸ਼ਰ ਕੀਤਾ ਗਿਆ ਹੈ।