ਲਾਹੌਰ ’ਚ ‘ਇਫਤਾਰ ਲੰਗਰ’ ਚਲਾ ਰਿਹਾ ਪਾਕਿਸਤਾਨੀ ਪਰਿਵਾਰ ਬਣਿਆ ਆਪਸੀ ਭਾਈਚਾਰੇ ਦੀ ਅਨੋਖੀ ਮਿਸਾਲ

ਲਾਹੌਰ ’ਚ ‘ਇਫਤਾਰ ਲੰਗਰ’ ਚਲਾ ਰਿਹਾ ਪਾਕਿਸਤਾਨੀ ਪਰਿਵਾਰ ਬਣਿਆ ਆਪਸੀ ਭਾਈਚਾਰੇ ਦੀ ਅਨੋਖੀ ਮਿਸਾਲ

ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਤਿੰਦਰ ਸਿੰਘ ਰਮਜ਼ਾਨ ਦੇ ਮਹੀਨੇ ਦੌਰਾਨ ਗਰੀਬ ਮੁਸਲਮਾਨਾਂ ਲਈ ਲਾਉਂਦੈ ਲੰਗਰ

ਲਾਹੌਰ: ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਤਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਨੇ ਸਿੱਖ ਧਰਮ ਦੀਆਂ ਸਿਖਿਆਵਾਂ ਅਨੁਸਾਰ ਇਕ ਵਿਲੱਖਣ ਪਰੰਪਰਾ ਦਾ ਪਾਲਣ ਕੀਤਾ ਹੈ- ਉਹ ਰਮਜ਼ਾਨ ਦੇ ਮਹੀਨੇ ਦੌਰਾਨ ਗਰੀਬ ਮੁਸਲਮਾਨਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ‘ਇਫਤਾਰ ਲੰਗਰ’ ਚਲਾਉਂਦੇ ਹਨ।
ਪੇਸ਼ੇ ਤੋਂ ਫਾਰਮਾਸਿਸਟ ਜਤਿੰਦਰ ਸਿੰਘ ਪਿੱਛੇ ਜਿਹੇ ਪੇਸ਼ਾਵਰ ਤੋਂ ਅਪਣੇ ਪਰਵਾਰ ਸਮੇਤ ਲਾਹੌਰ ਚਲੇ ਆਏ ਸਨ, ਕਿਉਂਕਿ ਉਥੇ ਹਾਲ ਹੀ ਦੇ ਸਾਲਾਂ ਵਿਚ ਅਤਿਵਾਦੀ ਹਮਲਿਆਂ ਵਿਚ ਕੁੱਝ ਸਿੱਖਾਂ ਦੀਆਂ ਜਾਨਾਂ ਜਾਣ ਕਾਰਨ ਸਿੱਖ ਪਰਵਾਰ ਅਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗੇ। ਪੇਸ਼ਾਵਰ ’ਚ 38 ਸਾਲ ਦੇ ਜਤਿੰਦਰ ਸਿੰਘ ਦੀ ਫਾਰਮੇਸੀ ਦੀ ਦੁਕਾਨ ਸੀ ਅਤੇ ਪਿਛਲੇ ਸਾਲ ਲਾਹੌਰ ਆਉਣ ਤੋਂ ਪਹਿਲਾਂ ਉਹ ਹਕੀਮ (ਹਰਬਲ ਪ੍ਰੈਕਟੀਸ਼ਨਰ) ਵਜੋਂ ਵੀ ਕੰਮ ਕਰਦੇ ਸਨ। ਉਨ੍ਹਾਂ ਨੇ ਅਪਣਾ ਕਲੀਨਿਕ ਖੋਲ੍ਹਿਆ ਅਤੇ ਇੱਥੇ ਅਭਿਆਸ ਕਰਨਾ ਸ਼ੁਰੂ ਕਰ ਦਿਤਾ।
ਸਾਲ 2000 ਤੋਂ ਹੀ ਜਤਿੰਦਰ ਸਿੰਘ ਦਾ ਪਰਵਾਰ ਪੇਸ਼ਾਵਰ ’ਚ ਗੁਰੂ ਨਾਨਕ ਜੀ ਦੇ ਸਮੇਂ ਤੋਂ ਚਲ ਰਹੀ ਸਿੱਖ ਪਰੰਪਰਾ ਅਨੁਸਾਰ ਲੰਗਰ ਲਾਉਂਦਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸੁਰੱਖਿਆ ਕਾਰਨਾਂ ਕਰ ਕੇ ਮੈਨੂੰ ਅਪਣਾ ਜੱਦੀ ਸੂਬਾ (ਖੈਬਰ ਪਖਤੂਨਖਵਾ) ਛੱਡਣਾ ਪਿਆ। ਹਾਲਾਂਕਿ, ਮੈਂ ਲਾਹੌਰ ਵਿਚ ਵੀ ਬੇਸਹਾਰਾ, ਖਾਸ ਕਰ ਕੇ ਵਿਧਵਾਵਾਂ ਅਤੇ ਅਨਾਥਾਂ ਦੀ ਮਦਦ ਕਰਨ ਦੀ ਪ੍ਰਥਾ ਨਹੀਂ ਛੱਡੀ।’’ ਇਸ ਰਮਜ਼ਾਨ ’ਚ ਉਨ੍ਹਾਂ ਨੇ ਲਾਹੌਰ ਦੇ ਸ਼ਹਿਰ ਦੇ ਕੇਂਦਰ ਤੋਂ ਮਹਿਜ਼ ਅੱਧੇ ਘੰਟੇ ਦੀ ਦੂਰੀ ’ਤੇ ਬੁਰਕੀ ਇਲਾਕੇ ’ਚ ਮੁਸਲਮਾਨਾਂ ਲਈ ਇਫਤਾਰ ਲੰਗਰ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ, ਅਸੀਂ ਲੋੜਵੰਦਾਂ ਲਈ ਮਹੀਨਾਵਾਰ ਸਹਾਇਤਾ ਰਾਸ਼ੀ, ਵ?ਹੀਲ ਚੇਅਰ, ਸਿਲਾਈ ਮਸ਼ੀਨਾਂ ਅਤੇ ਮੁਫਤ ਰਾਸ਼ਨ ਦੀ ਪੇਸ਼ਕਸ਼ ਵੀ ਕਰਦੇ ਹਾਂ।’’ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਕੁੱਝ ਅਮੀਰ ਲੋਕ ਪੈਸੇ ਅਤੇ ਸਮੱਗਰੀ ਦਾਨ ਰਾਹੀਂ ਵੀ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਦਾ ਵਿਚਾਰ ਹੈ ਕਿ ਉਹ ਮਨੁੱਖਤਾ ਦੀ ਖਾਤਰ ਦਾਨ-ਪੁੰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਬਾਬਾ ਗੁਰੂ ਨਾਨਕ ਦੇਵ ਜੀ ਦੇ ਕਥਨਾਂ ਅਨੁਸਾਰ ਹਰ ਸਿੱਖ ਨੂੰ ਅਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਦਾਨ ਲਈ ਸਮਰਪਿਤ ਕਰਨਾ ਪੈਂਦਾ ਹੈ। ਸਿਲਾਈ ਮਸ਼ੀਨਾਂ ਵਿਧਵਾਵਾਂ ਨੂੰ ਰੋਜ਼ੀ-ਰੋਟੀ ਕਮਾਉਣ ’ਚ ਮਦਦ ਕਰਦੀਆਂ ਹਨ, ਜਦਕਿ ਰੇੜ੍ਹੀਆਂ ਲੋੜਵੰਦਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਕਮਾਉਣ ਲਈ ਦਿਤੀਆਂ ਜਾਂਦੀਆਂ ਹਨ।’’
ਗਰੀਬ ਤੋਂ ਗਰੀਬ ਨੂੰ ਮੁਫਤ ਰਾਸ਼ਨ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਈਦ ਦੇ ਦਿਨ, ਜਤਿੰਦਰ ਸਿੰਘ ਇਲਾਕੇ ਦੇ ਗਰੀਬ ਬੱਚਿਆਂ ਨੂੰ ਈਦੀ (ਈਦ ਦੇ ਪੈਸੇ) ਵੀ ਵੰਡਦੇ ਹਨ। ਜਤਿੰਦਰ ਸਿੰਘ ਦਾ ਜਨਮ ਖੈਬਰ ਪਖਤੂਨਖਵਾ ਸੂਬੇ ਦੇ ਮਲਾਕੰਦ ਡਿਵੀਜ਼ਨ ਦੇ ਬੋਨੇਰ ਜ਼ਿਲ੍ਹੇ ’ਚ ਹੋਇਆ ਸੀ ਪਰ 20ਵੀਂ ਸਦੀ ’ਚ, ਉਸ ਦਾ ਪਰਵਾਰ ਕਾਰੋਬਾਰ ਲਈ ਪੇਸ਼ਾਵਰ ਅਤੇ ਬਾਅਦ ’ਚ ਲਾਹੌਰ ਚਲਾ ਗਿਆ। ਉਨ੍ਹਾਂ ਅਤੇ ਉਨ੍ਹਾਂ ਦੇ ਭਾਈਚਾਰੇ ਦੇ ਚੈਰੀਟੇਬਲ ਕੰਮਾਂ ਪ੍ਰਤੀ ਲੋਕਾਂ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ’ਤੇ ਜਤਿੰਦਰ ਸਿੰਘ ਨੇ ਕਿਹਾ, ‘‘ਕਈ ਵਾਰ ਕੁੱਝ ਲੋਕ ਸਿੱਖਾਂ ਨੂੰ ਮੁਸਲਮਾਨਾਂ ਦੀ ਮਦਦ ਕਰਦੇ ਵੇਖ ਕੇ ਹੈਰਾਨ ਹੋ ਜਾਂਦੇ ਹਨ।’’