ਲਾਸ ਏਂਜਲਸ ਓਲੰਪਿਕਸ ਵਿੱਚ ਕ੍ਰਿਕਟ ਮੁੜ ਸ਼ਾਮਲ

ਲਾਸ ਏਂਜਲਸ ਓਲੰਪਿਕਸ ਵਿੱਚ ਕ੍ਰਿਕਟ ਮੁੜ ਸ਼ਾਮਲ

ਮੁੰਬਈ- ਕ੍ਰਿਕਟ ਨੂੰ 2028 ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਅਧਿਕਾਰਕ ਤੌਰ ’ਤੇ ਅੱਜ ਸ਼ਾਮਲ ਕਰ ਲਿਆ ਗਿਆ ਹੈ। ਓਲੰਪਿਕ ਖੇਡਾਂ ਵਿੱਚ ਕ੍ਰਿਕਟ ਟੀ-20 ਫਾਰਮੈਟ ਵਿੱਚ ਖੇਡੀ ਜਾਵੇਗੀ। ਇਸ ਤੋਂ ਇਲਾਵਾ ਇੰਟਰਨੈਸ਼ਨਲ ਓਲੰਪਿਕ ਕਮੇਟੀ (ਓਆਈਸੀ) ਨੇ ਆਪਣੇ 141ਵੇਂ ਸੈਸ਼ਨ ਵਿੱਚ ਸਕੁਐਸ਼, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਫਲੈਗ ਫੁਟਬਾਲ ਨੂੰ ਵੀ ਸ਼ਾਮਲ ਕਰਨ ਦੀ ਮਨਜ਼ੂੁਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ।

ਲਾਸ ਏਂਜਲਸ-28 ਪ੍ਰਬੰਧਕ ਕਮੇਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਪੰਜ ਖੇਡਾਂ ਨੂੰ ਸ਼ਾਮਲ ਕਰਨ ਦੇ ਮਤੇ ਦਾ ਆਈਓਸੀ ਦੇ 99 ਮੈਂਬਰਾਂ ਵਿੱਚੋਂ ਸਿਰਫ਼ ਦੋ ਨੇ ਵਿਰੋਧ ਕੀਤਾ। ਇਸ ਮਗਰੋਂ ਆਈਓਸੀ ਪ੍ਰਧਾਨ ਥਾਮਸ ਬਾਖ ਨੇ ਹੋਰ ਖੇਡਾਂ ਦੇ ਨਾਲ ਕ੍ਰਿਕਟ ਨੂੰ ਵੀ ਓਲੰਪਿਕ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਓਲੰਪਿਕ ਵਿੱਚ ਸਿਰਫ਼ ਇੱਕ ਵਾਰ ਕ੍ਰਿਕਟ ਖੇਡੀ ਗਈ ਸੀ, ਜਦੋਂ ਸਾਲ 1900 ਦੇ ਪੈਰਿਸ ਓਲੰਪਿਕ ਵਿੱਚ ਇੰਗਲੈਂਡ ਨੇ ਫਰਾਂਸ ਨੂੰ ਹਰਾਇਆ ਸੀ। ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਅਜਿਹਾ ਕਰਨ ਨਾਲ ਨਵੇਂ ਰਾਹ ਖੁੱਲ੍ਹਣਗੇ। ਇਟਲੀ ਦੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਤੇ ਲਾਸ ਏਂਜਲਸ 2028 ਦੇ ਖੇਡ ਨਿਰਦੇਸ਼ਕ ਨਿਕੋਲੋ ਕੈਮਪ੍ਰਿਯਾਨੀ ਨੇ ਵਿਰਾਟ ਕੋਹਲੀ ਦੀ ਮਕਬੂਲੀਅਤ ਦੀ ਉਦਾਹਰਨ ਦਿੰਦਿਆਂ ਕਿਹਾ, ‘‘ਅਸੀਂ ਦੁਨੀਆ ਦੀ ਦੂਜੀ ਸਭ ਤੋਂ ਪਸੰਦੀਦਾ ਖੇਡ ਦਾ ਸਵਾਗਤ ਕਰਦਿਆਂ ਖੁਸ਼ ਹਾਂ, ਜਿਸ ਦੇ ਦੁਨੀਆ ਵਿੱਚ ਢਾਈ ਅਰਬ ਤੋਂ ਵੱਧ ਪ੍ਰਸ਼ੰਸਕ ਹਨ। ਅਮਰੀਕਾ ਵਿੱਚ ਕ੍ਰਿਕਟ ਦੇ ਪਾਸਾਰ ਨੂੰ ਲੈ ਕੇ ਅਸੀਂ ਵਚਨਬੱਧ ਹਾਂ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੇਡ ਨਾਲ ਜੋੜੀ ਰੱਖਣ ਲਈ ਡਿਜੀਟਲ ਮੌਜੂਦਗੀ ਜ਼ਰੂਰੀ ਹੈ ਅਤੇ ਇੱਥੇ ਮੇਰੇ ਦੋਸਤ ਵਿਰਾਟ ਦੇ ਸੋਸ਼ਲ ਮੀਡੀਆ ’ਤੇ 34 ਕਰੋੜ ਤੋਂ ਵੱਧ ਫਾਲੋਅਰ ਹਨ।’’

ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘1900 ਮਗਰੋਂ ਪਹਿਲੀ ਵਾਰ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਆਈਸੀਸੀ ਨੇ ਕਾਫ਼ੀ ਮਿਹਨਤ ਕੀਤੀ ਹੈ।’’