ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੇ ਬਾਹਰ ਇੱਕ ਕਲੋਨੀ ’ਚ ਸਾਲ ਪਹਿਲਾਂ ਧਰਮਿੰਦਰ ਸਿੰਘ ਭਿੰਦਾ ਨਾਂ ਦੇ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਟੀਮ ਨੇ ਅੱਜ ਲਾਰੈਂਸ ਬਿਸ਼ਨੋਈ ਗਰੋਹ ਦੇ ਇੱਕ ਮੈਂਬਰ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਹਿਲ ਉਰਫ਼ ਕਾਲਾ, ਵਾਸੀ ਅਰਬਨ ਅਸਟੇਟ, ਪਟਿਆਲਾ ਵਜੋਂ ਹੋਈ ਹੈ, ਜੋ ਇਸ ਕਤਲ ਕੇਸ ਵਿੱਚ ਅੱਠਵਾਂ ਤੇ ਆਖਰੀ ਮੁਲਜ਼ਮ ਸੀ। ਇਸ ਤੋਂ ਪਹਿਲਾਂ ਸੱਤ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 6 ਅਪਰੈਲ 2022 ਨੂੰ ਹੋਏ ਧਰਮਿੰਦਰ ਭਿੰਦਾ ਦੇ ਕਤਲ ਦਾ ਮੁੱਖ ਕਾਰਨ ਪੰਜਾਬੀ ਯੂਨੀਵਰਸਿਟੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂੰ ਦੇ ‘ਸੋਪੂ’ ਗਰੁੱਪ ਦੇ ਪੋਸਟਰ ਪਾੜਨਾ ਸੀ। ਉਨ੍ਹਾਂ ਦੱਸਿਆ ਕਿ ਸਾਹਿਲ ਕਤਲ ਦਾ ਮੁੱਖ ਸ਼ਾਜਿਸ਼ਘਾੜਾ ਸੀ, ਜੋ ਹੁਣ ਤੱਕ ਫਰਾਰ ਸੀ ਤੇ ਇਸ ਦੌਰਾਨ ਉਸ ਦੇ ਜੇਲ੍ਹਾਂ ’ਚ ਬੰਦ ਬਿਸ਼ਨੋਈ ਗੈਂਗ ਦੇ ਕੁਝ ਮੈਂਬਰਾਂ ਨਾਲ ਸਬੰਧ ਵੀ ਰਹੇ ਹਨ। ਸਾਹਿਲ ਨੂੰ ਪਟਿਆਲਾ ਨੇੜਲੇ ਪਿੰਡ ਲਚਕਾਣੀ ਤੋਂ ਕਾਬੂ ਕੀਤਾ ਗਿਆ ਤੇ ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲ ਤੇ 10 ਕਾਰਤੂਸ ਬਰਾਮਦ ਹੋਏ ਹਨ। ਉਸ ਖ਼ਿਲਾਫ਼ ਥਾਣਾ ਬਖਸ਼ੀਵਾਲ਼ਾ ਵਿੱਚ ਕੇਸ ਦਰਜ ਕੀਤਾ ਗਿਆ ਹੈ।