ਲਾਦੇਨ ਨੂੰ ਪਨਾਹ ਦੇਣ ਵਾਲੇ ਉਪਦੇਸ਼ ਨਾ ਦੇਣ: ਜੈਸ਼ੰਕਰ

ਲਾਦੇਨ ਨੂੰ ਪਨਾਹ ਦੇਣ ਵਾਲੇ ਉਪਦੇਸ਼ ਨਾ ਦੇਣ: ਜੈਸ਼ੰਕਰ

ਸੰਯੁਕਤ ਰਾਸ਼ਟਰ-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ (ਯੂਐੱਨਐੱਸਸੀ) ’ਚ ਕਸ਼ਮੀਰ ਮਸਲਾ ਚੁੱਕਣ ਲਈ ਪਾਕਿਸਤਾਨ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਦੇਸ਼ ਨੇ ਅਲ-ਕਾਇਦਾ ਦੇ ਸਾਬਕਾ ਆਗੂ ਓਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਅਤੇ ਆਪਣੇ ਗੁਆਂਢੀ ਮੁਲਕ ਦੀ ਸੰਸਦ ’ਤੇ ਹਮਲਾ ਕੀਤਾ, ਉਸ ਨੂੰ ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੰਸਥਾ ’ਚ ‘ਉਪਦੇਸ਼’ ਦੇਣ ਦਾ ਕੋਈ ਹੱਕ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਬੀਤੇ ਦਿਨ ਯੂਐੱਨਐੱਸੀ ’ਚ ਕਸ਼ਮੀਰ ਦਾ ਮਸਲਾ ਚੁੱਕਿਆ ਸੀ ਜਿਸ ਦੇ ਜਵਾਬ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਸਖ਼ਤ ਟਿੱਪਣੀ ਕੀਤੀ ਹੈ। ਜੈਸ਼ੰਕਰ ਨੇ ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਮਿਲ ਕੇ ਕੰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਸਾਡੇ ਸਮੇਂ ਦੀਆਂ ਅਹਿਮ ਚੁਣੌਤੀਆਂ ਫਿਰ ਭਾਵੇਂ ਉਹ ਮਹਾਮਾਰੀ ਹੋਵੇ, ਜਲਵਾਯੂ ਤਬਦੀਲੀ ਹੋਵੇ, ਸੰਘਰਸ਼ ਜਾਂ ਅਤਿਵਾਦ ਹੋਵੇ, ਖ਼ਿਲਾਫ਼ ਸਾਡੀ ਪ੍ਰਤੀਕਿਰਿਆ ਦੇਣ ’ਤੇ ਨਿਰਭਰ ਕਰਦੀ ਹੈ। ਸੋਧੇ ਹੋਏ ਬਹੁਲਵਾਦ ’ਤੇ ਭਾਰਤ ਦੇ ਅਹਿਮ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਜੈਸ਼ੰਕਰ ਨੇ ਕਿਹਾ, ‘ਅੱਜ ਸਾਡਾ ਧਿਆਨ ਸਪੱਸ਼ਟ ਤੌਰ ’ਤੇ ਬਹੁਲਵਾਦ ’ਚ ਸੁਧਾਰ ’ਤੇ ਕੇਂਦਰਿਤ ਹੈ। ਸੁਭਾਵਿਕ ਤੌਰ ’ਤੇ ਸਾਡੇ ਕੋਲ ਵਿਸ਼ੇਸ਼ ਵਿਚਾਰ ਹੋਣਗੇ ਪਰ ਘੱਟ ਤੋਂ ਘੱਟ ਇੱਕ ਸਹਿਮਤੀ ਬਣ ਰਹੀ ਹੈ ਕਿ ਇਸ ’ਚ ਹੋਰ ਦੇਰ ਨਹੀਂ ਕੀਤੀ ਜਾ ਸਕਦੀ।’ ਉਨ੍ਹਾਂ ਕਿਹਾ, ‘ਅਸੀਂ ਜਦੋਂ ਸਭ ਤੋਂ ਚੰਗੇ ਹੱਲ ਦੀ ਖੋਜ ਕਰਦੇ ਹਾਂ ਤਾਂ ਸਾਡੀਆਂ ਗੱਲਾਂ ਨੂੰ ਧਮਕੀਆਂ ਨਹੀਂ ਮੰਨ ਲੈਣਾ ਚਾਹੀਦਾ। ਦੁਨੀਆ ਜਿਸ ਨੂੰ ਸਵੀਕਾਰ ਨਹੀਂ ਕਰਦੀ ਉਸ ਨੂੰ ਸਹੀ ਠਹਿਰਾਉਣ ਦਾ ਸਵਾਲ ਹੀ ਨਹੀਂ ਉੱਠਣਾ ਚਾਹੀਦਾ। ਇਹ ਲਾਜ਼ਮੀ ਤੌਰ ’ਤੇ ਕਿਸੇ ਮੁਲਕ ਵੱਲੋਂ ਸ਼ਹਿ ਹਾਸਲ ਸਰਹੱਦ ਪਾਰੋਂ ਅਤਿਵਾਦ ਦੇ ਮੁੱਦੇ ’ਤੇ ਵੀ ਲਾਗੂ ਹੁੰਦਾ ਹੈ। ਨਾ ਤਾਂ ਓਸਾਮਾ ਬਿਨ ਲਾਦੇਨ ਨੂੰ ਸੁਰੱਖਿਅਤ ਪਨਾਹਗਾਹ ਦੇਣਾ ਅਤੇ ਨਾ ਹੀ ਗੁਆਂਢੀ ਮੁਲਕ ਦੀ ਸੰਸਦ ’ਤੇ ਹਮਲਾ ਕਰਨਾ, ਇਸ ਕੌਂਸਲ ਸਾਹਮਣੇ ਉਪਦੇਸ਼ ਦੇਣ ਦੀ ਪ੍ਰਮਾਣਿਕਤਾ ਦੇ ਰੂਪ ’ਚ ਕੰਮ ਕਰ ਸਕਦਾ ਹੈ।’ ਜੈਸ਼ੰਕਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਦੀ ਮੌਜੂਦਾ ਪ੍ਰਧਾਨਗੀ ਤਹਿਤ ਅਤਿਵਾਦ ਤੇ ਸੋਧੇ ਹੋਏ ਬਹੁਲਵਾਦ ਬਾਰੇ ਦੋ ਅਹਿਮ ਪ੍ਰੋਗਰਾਮਾਂ ਦੀ ਪ੍ਰਧਾਨਗੀ ਕਰਨ ਲਈ ਲੰਘੇ ਮੰਗਲਵਾਰ ਨੂੰ ਇੱਥੇ ਪਹੁੰਚੇ ਸਨ।ਇਸੇ ਦੌਰਾਨ ਜੈਸ਼ੰਕਰ ਨੇ ਇੱਥੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕਰਕੇ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਮਿਲ ਕੇ ਕੰਮ ਕਰਨ ਬਾਰੇ ਵਿਚਾਰ-ਚਰਚਾ ਕੀਤੀ।