ਲਾਂਸ ਨਾਇਕ ਜਸਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਲਾਂਸ ਨਾਇਕ ਜਸਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਮਹਿਲ ਕਲਾਂ- ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਅਚਾਨਕ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਪਿੰਡ ਵਜੀਦਕੇ ਕਲਾਂ ਦੇ ਫੌਜੀ ਜਵਾਨ ਲਾਂਸ ਨਾਇਕ ਜਸਵੀਰ ਸਿੰਘ (27) ਪੁੱਤਰ ਕੁਲਦੀਪ ਸਿੰਘ ਦਾ ਪਿੰਡ ਵਜੀਦਕੇ ਕਲਾਂ ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜ਼ਿਲ੍ਹਾ ਯੋਜਨਾਬੰਦੀ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ, ਡੀਐਸਪੀ ਗਮਦੂਰ ਸਿੰਘ, ਤਹਿਸੀਲਦਾਰ ਬਲਦੇਵ ਰਾਜ ਸਣੇ ਫੌਜ ਦੇ ਅਧਿਕਾਰੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਜਸਵੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਤਿਰੰਗੇ ਵਿੱਚ ਲਿਪਟੀ ਜਵਾਨ ਦੀ ਦੇਹ ਨੂੰ ਸ਼ਮਸ਼ਾਨਘਾਟ ਤੱਕ ਪੂਰੇ ਸਨਮਾਨ ਨਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਜੰਮੂ ਕਸ਼ਮੀਰ ਰਾਈਫਲ ਬਟਾਲੀਅਨ ਵਿੱਚ ਛੇ ਸਾਲ ਪਹਿਲਾਂ ਭਰਤੀ ਹੋਇਆ ਸੀ। ਇਸ ਸਮੇਂ ਉਹ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਮੇਂਧੜ ਖੇਤਰ ਵਿੱਚ ਤਾਇਨਾਤ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਉਸ ਦੇ ਮਨ ਵਿੱਚ ਦੇਸ਼ ਸੇਵਾ ਦਾ ਜਜ਼ਬਾ ਸੀ, ਇਸ ਲਈ ਉਹ ਫੌਜ ਵਿੱਚ ਭਰਤੀ ਹੋਇਆ ਸੀ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਬਾਅਦ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ ਲਾਭ ਪਹਿਲ ਦੇ ਆਧਾਰ ’ਤੇ ਦਿਵਾਏ ਜਾਣਗੇ।