ਲਹਿੰਦੇ ਪੰਜਾਬ ਵੱਲੋਂ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ

ਲਹਿੰਦੇ ਪੰਜਾਬ ਵੱਲੋਂ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ

ਚੜ੍ਹਦੇ ਪੰਜਾਬ ਦੇ ਹਿੱਸੇ 22 ਸਾਲਾਂ ਬਾਅਦ ਆਇਆ ਇਹ ਸਨਮਾਨ
ਜਲੰਧਰ – ਲਹਿੰਦੇ ਪੰਜਾਬ ਦੇ ਅਦੀਬਾਂ ਵੱਲੋਂ ਯੁੱਗ ਕਵੀ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਦਾ ਐਲਾਨ ਅੱਜ ਲਹਿੰਦੇ ਪੰਜਾਬ ਦੇ ਉੱਘੇ ਲੇਖਕ/ਪੱਤਰਕਾਰ ਇਲਿਆਸ ਘੁੰਮਣ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਦੋਹਾਂ ਪੰਜਾਬਾਂ ਦੇ ਸਾਂਝੇ ਉੱਚ ਕਵੀ ਦੇ ਖਿਤਾਬ ਵਜੋਂ ਦਿੱਤੇ ਜਾਣ ਵਾਲਾ ਇਹ ਪੁਰਸਕਾਰ 22 ਸਾਲ ਬਾਅਦ ਚੜ੍ਹਦੇ ਪੰਜਾਬ ਦੇ ਹਿੱਸੇ ਆਇਆ ਹੈ। ਇਸ ਤੋਂ ਪਹਿਲਾਂ 2000 ਵਿੱਚ ਇਹ ਪੁਰਸਕਾਰ ਅੰਮ੍ਰਿਤਾ ਪ੍ਰੀਤਮ ਨੂੰ ਦਿੱਤਾ ਗਿਆ ਸੀ। ਇਸ ਪੁਰਸਕਾਰ ’ਚ ਸਈਅਦ ਵਾਰਿਸ ਸ਼ਾਹ ਦੀ ਮਜ਼ਾਰ ਦੀ ਛੋਹ ਪ੍ਰਾਪਤ ਚਾਦਰ, ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਂਦੇ ਹਨ। ‘ਹਵਾ ’ਚ ਲਿਖੇ ਹਰਫ਼’, ‘ਲਫਜ਼ਾਂ ਦੀ ਦਰਗਾਹ’, ‘ਸੁਰ ਜ਼ਮੀਨ’, ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਵਰਗੀਆਂ ਕਾਵਿ ਪੁਸਤਕਾਂ ਰਚਨ ਵਾਲੇ ਸੁਰਜੀਤ ਪਾਤਰ ਵਿਸ਼ਵ ਭਰ ਵਿੱਚ ਪੰਜਾਬੀ ਕਵਿਤਾ ਦੇ ਦੂਤ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਈਅਦ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਦਿੱਤੇ ਜਾ ਰਹੇ ਇਸ ਪੁਰਸਕਾਰ ਦਾ ਹੋਰ ਵੀ ਵਡੇਰਾ ਮਹੱਤਵ ਹੈ। ਇਸ ਨਾਲ ਹੱਦਾਂ-ਸਰਹੱਦਾਂ ਤੋਂ ਪਾਰ ਤੱਕ ਫੈਲੇ ਹੋਏ ਪੰਜਾਬੀ ਪਿਆਰ ਨੂੰ ਹੋਰ ਬਲ ਮਿਲੇਗਾ ਅਤੇ ਸੱਤਾਂ ਸਮੁੰਦਰਾਂ ਤੱਕ ਫੈਲੀ ਹੋਈ ਪੰਜਾਬੀਅਤ ਦੀ ਖੁਸ਼ਬੂ ਹੋਰ ਖੁਸ਼ਗਵਾਰ ਹੋਵੇਗੀ। ਇਸ ਪੁਰਸਕਾਰ ਦਾ ਐਲਾਨ ਹੋਣ ’ਤੇ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਰਬ ਸਾਂਝੇ ਕਵੀ ਵਜੋਂ ਵਾਰਿਸ ਸ਼ਾਹ ਦੇ ਨਾਮ ਉੱਤੇ ਉਨ੍ਹਾਂ ਨੂੰ ਮਿਲਣ ਵਾਲੇ ਇਸ ਪੁਰਸਕਾਰ ਨੂੰ ਉਹ ਹੁਣ ਤੱਕ ਮਿਲੇ ਸਾਰੇ ਪੁਰਸਕਾਰਾਂ ਨਾਲੋਂ ਆਪਣੀ ਰੂਹ ਦੇ ਵਧੇਰੇ ਨੇੜੇ ਸਮਝਦੇ ਹਨ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ, ਉੱਘੇ ਪੰਜਾਬੀ ਚਿੰਤਕ ਅਮਰਜੀਤ ਗਰੇਵਾਲ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ, ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਸਕੱਤਰ ਦੀਪਕ ਸ਼ਰਮਾ ਚਨਾਰਥਲ, ਪੰਜਾਬੀ ਕਵੀ ਜਸਵੰਤ ਜ਼ਫ਼ਰ, ਸਵਰਨਜੀਤ ਸਵੀ ਅਤੇ ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਵੱਲੋਂ ਡਾਕਟਰ ਸੁਰਜੀਤ ਪਾਤਰ ਨੂੰ ਮੁਬਾਰਕਬਾਦ ਦਿੱਤੀ ਗਈ ਹੈ। ਕਹਾਣੀ ਲਈ ਵਾਰਿਸ ਸ਼ਾਹ ਪੁਰਸਕਾਰ ਜਿੰਦਰ ਨੂੰ ਅਤੇ ਗਾਇਕੀ ਲਈ ਸਿੱਧੂ ਮੂਸੇਵਾਲਾ ਨੂੰ ਦਿੱਤਾ ਜਾਵੇਗਾ।