ਲਤੀਫ਼ਪੁਰਾ ਉਜਾੜਾ-ਪ੍ਰਸ਼ਾਸਨ ਢਾਹੇ ਘਰਾਂ ਦੀ ਗਿਣਤੀ ਤੋਂ ਅਣਜਾਣ

ਲਤੀਫ਼ਪੁਰਾ ਉਜਾੜਾ-ਪ੍ਰਸ਼ਾਸਨ ਢਾਹੇ ਘਰਾਂ ਦੀ ਗਿਣਤੀ ਤੋਂ ਅਣਜਾਣ

ਜਲੰਧਰ- ਲਤੀਫਪੁਰਾ ਵਿੱਚ ਘੁੱਗ ਵਸਦੇ ਘਰਾਂ ਨੂੰ ਉਜਾੜਣ ਦੀ ਨਗਰ ਸੁਧਾਰ ਟਰੱਸਟ ਨੂੰ ਏਨੀ ਕਾਹਲੀ ਸੀ ਕਿ ਉਸ ਨੂੰ ਇਸ ਗੱਲ ਦਾ ਇਲਮ ਤੱਕ ਨਹੀਂ ਸੀ ਕਿ ਉਸ ਦੇ ਬਲਡੋਜ਼ਰਾਂ ਨੇ ਕਿੰਨੇ ਘਰ ਉਜਾੜੇ ਹਨ। ਇਹ ਖੁਲਾਸਾ ਖੁਦ ਅੱਜ ਅਧਿਕਾਰੀਆਂ ਵਲੋਂ ਉਸ ਵੇਲੇ ਕੀਤਾ ਜਦੋਂ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਆਗੂਆਂ ਕੋਲੋਂ ਉਜਾੜੇ ਗਏ ਘਰਾਂ ਦੀ ਸੂਚੀ ਮੰਗੀ ਗਈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਤੇ ਹੋਰ ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਨਾਲ ਦੇਰ ਸ਼ਾਮ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਜਿਸ ਦੌਰਾਨ ਪੀੜਤਾਂ ਕੋਲੋਂ ਹੀ ਸੂਚੀ ਮੰਗੀ ਗਈ ਕਿ ਲਤੀਫਪੁਰਾ ਵਿੱਚ ਕਿੰਨੇ ਘਰ ਢਾਹੇ ਗਏ ਹਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਤੇ ਬੀਬੀ ਰਾਜਵਿੰਦਰ ਕੌਰ ਹਾਜ਼ਰ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਦੋਂ ਪੀੜਤ ਪਰਿਵਾਰਾਂ ਦੀ ਸੂਚੀ ਮੰਗੀ ਤਾਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਤੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਧੱਕੇ ਨਾਲ ਉਜਾੜੇ ਗਏ ਲੋਕਾਂ ਦਾ ਪ੍ਰਸ਼ਾਸਨ ਕੋਲ ਕੋਈ ਵੇਰਵਾ ਹੀ ਨਹੀਂ। ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਨਗਰ ਸੁਧਾਰ ਟਰੱਸਟ ਕੋਲ ਵੇਰਵਾ ਹੀ ਨਹੀਂ ਸੀ ਤਾਂ ਟਰੱਸਟ ਨੇ ਲਤੀਫ਼ਪੁਰਾ ਦੇ ਲੋਕਾਂ ਦਾ ਉਜਾੜਾ ਕਿਸ ਆਧਾਰ ’ਤੇ ਕੀਤਾ। ਆਗੂਆਂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਸਰਾਸਰ ਧੱਕਾ ਕਰਕੇ ਗਰੀਬ ਲੋਕਾਂ ਦੇ ਘਰਾਂ ਨੂੰ ਇਸ ਆਧਾਰ ਨਾਲ ਉਜਾੜਿਆ ਸੀ ਕਿ ਇਨ੍ਹਾਂ ਦੀ ਹਮਾਇਤ ਵਿੱਚ ਕੋਈ ਨਹੀਂ ਆਵੇਗਾ। ਇਥੇ ਇਨਸਾਫ਼ ਲੈਣ ਲਈ ਡਟੇ ਲੋਕਾਂ ਨੇ ਸਰਕਾਰ ਦਾ ਸ਼ਾਮ ਵੇਲੇ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਮੋਰਚੇ ਵੱਲੋਂ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਵਲੋਂ ਮੰਗਾਂ ਮਨਵਾਉਣ ਲਈ ਪਹਿਲੀ ਜਨਵਰੀ ਨੂੰ ਪੀਏਪੀ ਚੌਕ ’ਤੇ ਹਾਈਵੇਅ ਜਾਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਹੱਡ ਚੀਰਵੀਂ ਠੰਢ ਵਿੱਚ ਵੀ ਮੋਰਚੇ ’ਤੇ ਡਟੇ ਲੋਕ

ਹੱਡ ਚੀਰਵੀਂ ਠੰਢ ਹੋਣ ਦੇ ਬਾਵਜੂਦ ਵੀ ਪਿਛਲੇ 16 ਦਿਨਾਂ ਤੋਂ ਪੀੜਤ ਪਰਿਵਾਰ ਆਪਣੇ ਉਜੜੇ ਘਰਾਂ ਦੇ ਮਲਬਿਆਂ ਦੇ ਕੋਲ ਹੀ ਡੇਰੇ ਲਾ ਕੇ ਬੈਠੇ ਹੋਏ ਹਨ। ਅੱਜ ਜਮਹੂਰੀ ਅਧਿਕਾਰ ਸਭਾ ਨੇ ਆਪਣੇ ਤੌਰ ’ਤੇ ਇਸ ਉਜਾੜੇ ਬਾਰੇ ਗਰਾਊਂਡ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਸਭਾ ਵੱਲੋਂ ਬੂਟਾ ਸਿੰਘ ਨਵਾਂ ਸ਼ਹਿਰ ਨੇ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਣ ਸਿੰਘ, ਡਾ. ਜੀ ਐੱਸ ਚੀਮਾ, ਡਾ. ਜਸਵਿੰਦਰ ਸਿੰਘ ਭੋਗਲ, ਐਡਵੋਕੇਟ ਮਧੂ ਰਚਨਾ, ਡਾ. ਮੰਗਤ ਰਾਏ, ਬਿਹਾਰੀ ਲਾਲ ਛਾਬੜਾ ਅਤੇ ਡਾ. ਸੈਲਸ ਆਦਿ ਦੀ ਟੀਮ ਨੇ ਘਟਨਾ ਸਥਾਨ ’ਤੇ ਜਾ ਕੇ ਪੀੜਤਾਂ ਨਾਲ ਗੱਲਬਾਤ ਕੀਤੀ।