ਲਤੀਫਪੁਰਾ ਉਜਾੜਾ – ਪਰਬਤੋਂ ਭਾਰੀਆਂ ਹੋਈਆਂ ਪੋਹ ਦੀਆਂ ਰਾਤਾਂ

ਲਤੀਫਪੁਰਾ ਉਜਾੜਾ – ਪਰਬਤੋਂ ਭਾਰੀਆਂ ਹੋਈਆਂ ਪੋਹ ਦੀਆਂ ਰਾਤਾਂ

ਜਲੰਧਰ- ਪਾਕਿਸਤਾਨ ਦੇ ਸਿਆਲਕੋਟ ਇਲਾਕੇ ਦੇ ਪਿੰਡ ਨਾਰੋਵਾਲ ਤੋਂ ਉਜੜ ਕੇ ਆਇਆ ਕਸ਼ਮੀਰ ਸਿੰਘ ਦਾ ਪਰਿਵਾਰ 1949-50 ਵਿੱਚ ਲਤੀਫਪੁਰਾ ਵਿੱਚ ਆ ਕੇ ਵੱਸ ਗਿਆ ਸੀ। ਉਸ ਦਾ ਆਪਣਾ ਜਨਮ ਵੀ 1952 ਵਿੱਚ ਲਤੀਫਪੁਰਾ ਵਿਚਲੇ ਘਰ ਵਿੱਚ ਹੀ ਹੋਇਆ ਸੀ।

ਉਮਰ ਦੇ 70 ਬਸੰਤ ਦੇਖ ਚੁੱਕੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੇ ਦੱਸਿਆ ਸੀ ਕਿ ਉਸ ਦੇ ਦਾਦਾ ਚੰਨਣ ਸਿੰਘ ਤੇ ਪਿਤਾ ਅਜਾਇਬ ਸਿੰਘ ਨੇ ਲਤੀਫਪੁਰਾ ਦੇ ਆਲੇ-ਦੁਆਲੇ ਖੁੱਲ੍ਹੀਆਂ-ਡੁੱਲ੍ਹੀਆਂ ਚਰਾਂਦਾਂ ਵਿੱਚ ਪਸ਼ੂ ਚਰਾ ਕੇ ਆਪਣੇ ਘਰ ਦਾ ਚੁੱਲ੍ਹਾ ਮੱਘਦਾ ਰੱਖਿਆ ਸੀ। ਕਮਸ਼ੀਰ ਸਿੰਘ ਦੱਸਦਾ ਹੈ ਕਿ ਉਸ ਦਾ ਬਚਪਨ ਲਤੀਫਪੁਰਾ ਦੇ ਖੁੱਲ੍ਹੇ ਚੌਗਿਰਦੇ ਵਿੱਚ ਬੀਤਿਆ ਸੀ ਤੇ ਇੱਥੇ ਹੀ ਜਵਾਨੀ ਪਰਵਾਨ ਚੜ੍ਹੀ ਸੀ। ਪਿਤਾ ਦੇ ਛੇ ਭਰਾਵਾਂ ਨੇ ਹੱਡਭੰਨ੍ਹਵੀਂ ਮਿਹਨਤ ਕਰ ਕੇ ਆਪਣਾ ਪੱਕਾ ਘਰ ਬਣਾਇਆ ਸੀ। ਹੁਣ ਉਨ੍ਹਾਂ ਕੋਲ 19 ਮਰਲਿਆਂ ਵਿੱਚ 8-10 ਕਮਰਿਆਂ ਵਾਲਾ ਘਰ ਸੀ। ਮਲਬੇ ਵਿੱਚ ਤਬਦੀਲ ਹੋਏ ਘਰ ਦੀਆਂ ਇੱਟਾਂ ਤੇ ਕੱਚੀ ਘਾਣੀ ਨਾਲ ਕੀਤੀ ਚਿਣਾਈ ਨੂੰ ਯਾਦ ਕਰਦਿਆਂ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਘਰ ਦੀ ਛੱਤ ਪਾਈ ਗਈ ਸੀ ਤਾਂ ਬੜੇ ਚਾਵਾਂ ਨਾਲ ਭੈਣਾਂ ਨੇ ਛੱਤ ਦੇ ਬਾਲਿਆਂ ਨੂੰ ਮੌਲੀ ਬੰਨ੍ਹੀ ਸੀ। ਦੋ ਦੁਕਾਨਾਂ ਵੀ ਬਣਾ ਲਈਆਂ ਸਨ ਤਾਂ ਜੋ ਬੱਚੇ ਵੀ ਰੋਟੀ ਖਾਣ ਜੋਗੇ ਹੋ ਜਾਣ। ਆਪਣੇ ਮਲਬੇ ਵਿੱਚ ਬਦਲੇ ਘਰਾਂ ਦੀਆਂ ਇੱਟਾਂ ਨਾਲ ਵੀ ਉਸ ਨੇ ਅੰਤਾਂ ਦਾ ਮੋਹ ਦਿਖਾਉਂਦਿਆਂ ਕਈ ਵਾਰ ਇੱਟਾਂ ਨੂੰ ਚੁੱਕ ਕੇ ਮੱਥੇ ਨਾਲ ਲਾਇਆ। ਕਮਸ਼ੀਰ ਸਿੰਘ ਨੂੰ ਇੱਕ-ਇੱਕ ਗੱਲ ਯਾਦ ਹੈ ਕਿ ਕਦੋਂ-ਕਦੋਂ ਉਨ੍ਹਾਂ ਨੇ ਆਪਣੇ ਘਰ ਦੀ ਰਜਿਸਟਰੀ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸ ਨੂੰ ਯਾਦ ਹੈ ਕਿ 1968 ਵਿੱਚ ਘਰ ’ਚ ਬਿਜਲੀ ਦਾ ਮੀਟਰ ਲੱਗ ਗਿਆ ਸੀ। ਨਗਰ ਸੁਧਾਰ ਟਰੱਸਟ ਨੇ 1975 ਵਿੱਚ ਨੋਟੀਫਿਕੇਸ਼ਨ ਕਰ ਕੇ 110 ਏਕੜ ਜ਼ਮੀਨ ਗੁਰੂ ਤੇਗ ਬਾਹਦਰ ਨਗਰ ਸਕੀਮ ਦਾ ਐਲਾਨ ਕੀਤਾ ਸੀ। ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਗੁਰੂ ਤੇਗ ਬਹਾਦਰ ਨਗਰ ਦਾ ਨਕਸ਼ਾ ਪਾਸ ਹੋਇਆ ਤਾਂ ਉਨ੍ਹਾਂ ਦਾ ਘਰ ਇਸ ਨਕਸ਼ੇ ਵਿੱਚ ਦਰਸਾਇਆ ਗਿਆ ਸੀ। ਇਹ ਜ਼ਮੀਨ ਬੂਟਾ ਪਿੰਡ ਦੇ ਨਾਲ ਲੱਗਦੀ ਸੀ ਜਿਸ ਨੂੰ ਹੁਣ ਬੂਟਾ ਮੰਡੀ ਵੀ ਕਿਹਾ ਜਾਂਦਾ ਹੈ। ਉਸ ਦੇ ਪਿਤਾ ਅਜਾਇਬ ਸਿੰਘ ਦਾ 1976 ਵਿੱਚ ਲਤੀਫਪੁਰਾ ਦੇ ਪਤੇ ’ਤੇ ਹੀ ਹੈਲਥ ਸਟਰੀਫਿਕੇਟ ਬਣਿਆ ਸੀ। ਉਨ੍ਹਾਂ ਦੇ ਪਿਤਾ ਨੇ 1977-78 ਵਿੱਚ ਹਾਊਸ ਟੈਕਸ ਦੇਣਾ ਸ਼ੁਰੂ ਕਰ ਦਿੱਤਾ ਸੀ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਦੋਂ ਵੀ ਕੁਲੈਕਟਰ ਨੇ ਜਿਹੜਾ ਐਵਾਰਡ ਕੀਤਾ ਸੀ ਉਸ ਵਿੱਚ ਉਨ੍ਹਾਂ ਦਾ ਘਰ ਸ਼ਾਮਲ ਨਹੀਂ ਸੀ। ਲਤੀਫਪੁਰਾ ਦੀਆਂ ਰਜਿਸਟਰੀਆਂ ਕਰਨ ਤੋਂ ਅਧਿਕਾਰੀ ਆਨਾਕਾਨੀ ਕਰਦੇ ਰਹੇ। 2002 ਵਿੱਚ ਇੱਕ ਨੋਟਿਸ ਆਇਆ, ਜਿਸ ਵਿੱਚ ਕਿਹਾ ਗਿਆ ਕਿ 100 ਰੁਪਏ ਕਿਰਾਇਆ ਦੇ ਦਿਓ ਤੇ ਘਰ ਖਾਲੀ ਕਰ ਦਿਓ।

ਕਸ਼ਮੀਰ ਸਿੰਘ ਦੱਸਦਾ ਹੈ ਕਿ 2006 ਵਿੱਚ ਐੱਸਡੀਐੱਮ ਦੀ ਅਦਾਲਤ ਵਿੱਚ ਕੇਸ ਲੱਗਿਆ ਸੀ, ਜਿਸ ਨੂੰ ਲਤੀਫਪੁਰਾ ਦੇ ਲੋਕਾਂ ਨੇ ਜਿੱਤ ਲਿਆ ਸੀ। ਫਿਰ ਨਗਰ ਸੁਧਾਰ ਟਰੱਸਟ ਵੀ ਅਦਾਲਤੀ ਲੜਾਈ ਵਿੱਚ ਕੁੱਦ ਪਿਆ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ। ਕਸ਼ਮੀਰ ਸਿੰਘ ਤੇ ਉਸ ਦੀ ਪਤਨੀ ਘਰ ਦੇ ਮਲਬੇ ਕੋਲ ਹੀ ਪੋਹ ਦੀਆਂ ਠੰਢੀਆਂ ਰਾਤਾਂ ਕੱਟਦੇ ਹਨ।