ਲਤੀਫਪੁਰਾ ਉਜਾੜਾ-ਘਰਾਂ ਦੀ ਮਿੱਟੀ ਸਾਂਭੀ ਬੈਠੇ ਨੇ ਪੀੜਤ ਪਰਿਵਾਰ

ਲਤੀਫਪੁਰਾ ਉਜਾੜਾ-ਘਰਾਂ ਦੀ ਮਿੱਟੀ ਸਾਂਭੀ ਬੈਠੇ ਨੇ ਪੀੜਤ ਪਰਿਵਾਰ

ਠੰਢ ਵਧਣ ਕਾਰਨ ਬਿਮਾਰ ਹੋਣ ਵਾਲਿਆਂ ਦੀ ਗਿਣਤੀ ਵਧੀ; ਸਰਕਾਰ ਨੇ ਨਹੀਂ ਦਿੱਤੀ ਕੋਈ ਡਾਕਟਰੀ ਸਹੂਲਤ
ਜਲੰਧਰ- ਦਹਾਕਿਆਂ ਤੋਂ ਲਤੀਫਪੁਰੇ ’ਚ ਰਹਿ ਰਹੇ ਲੋਕਾਂ ਨੂੰ ਬੇਸ਼ੱਕ ਸਰਕਾਰ ਵੱਲੋਂ ਨਾਜਾਇਜ਼ ਕਬਜ਼ਾਧਾਰਕ ਐਲਾਨ ਕੇ ਉਜਾੜ ਦਿੱਤਾ ਗਿਆ ਹੈ, ਪਰ ਇਨ੍ਹਾਂ ਉੱਜੜੇ ਹੋਏ ਲਤੀਫ਼ਪੁਰਾ ਵਾਸੀਆਂ ਨੂੰ ਹਾਲੇ ਵੀ ਆਪਣੇ ਘਰਾਂ ਦੀ ਮਿੱਟੀ ਦੇ ਮੋਹ ਨੇ ਬੰਨ੍ਹਿਆ ਹੋਇਆ ਹੈ। ਆਪਣੇ ਘਰਾਂ ਦਾ ਨਾਮੋ-ਨਿਸ਼ਾਨ ਮਿਟ ਜਾਣ ਦੇ ਬਾਵਜੂਦ ਇਹ ਲੋਕ ਕੜਾਕੇ ਦੀ ਠੰਢ ’ਚ ਵੀ ਇਥੇ ਡਟੇ ਹੋਏ ਹਨ। ਉਹ ਘਰਾਂ ਦੇ ਮਲਬੇ ਨੂੰ ਵੀ ਅੱਖਾਂ ਤੋਂ ਪਰੇ ਨਹੀਂ ਹੋਣ ਦੇਣਾ ਚਾਹੁੰਦੇ।

ਇਸੇ ਮਲਬੇ ’ਚ ਆਪਣੇ ਘਰ ਦੀ ਮਿੱਟੀ ਨੂੰ ਸੰਭਾਲੀ ਬੈਠੇ ਮਨਪ੍ਰੀਤ ਕੌਰ ਤੇ ਉਸ ਦੇ ਪਤੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਰ ਢਹੇ ਨੂੰ ਲਗਪਗ ਮਹੀਨਾ ਹੋ ਗਿਆ, ਪਰ ਹਾਲੇ ਵੀ ਲੋਕ ਇਥੋਂ ਜਾਣ ਨੂੰ ਤਿਆਰ ਨਹੀਂ ਕਿਉਂਕਿ ਇਸ ਮਿੱਟੀ ਤੇ ਇਸ ਆਲੇ-ਦੁਆਲੇ ਨਾਲ ਉਨ੍ਹਾਂ ਦੀ ਸਾਂਝ ਹੈ। ਢਹਿ ਜਾਣ ਮਗਰੋਂ ਵੀ ਇਨ੍ਹਾਂ ਘਰਾਂ ਨਾਲ ਪੀੜਤਾਂ ਦੀ ਸਾਂਝ ਇਹ ਸਾਬਤ ਕਰਦੀ ਹੈ ਕਿ ਇਹ ਸਾਂਝ ਸਿਰਫ਼ ਮਕਾਨਾਂ ਨਾਲ ਨਹੀਂ, ਸਗੋਂ ਇਥੋਂ ਦੀ ਮਿੱਟੀ, ਆਬੋ ਹਵਾ ਤੇ ਚੌਗਿਰਦੇ ਨਾਲ ਹੈ, ਜਿੱਥੇ ਉਹ ਜੰਮੇ ਤੇ ਪਲੇ ਹਨ, ਜਿਥੇ ਉਨ੍ਹਾਂ ਖੇਡਦਿਆਂ ਆਪਣੇ ਬਚਪਨ ਬਿਤਾਏ ਹਨ। ਇਥੋਂ ਦੀਆਂ ਗਲੀਆਂ ’ਚ ਘੁੰਮਦਿਆਂ ਦੀਆਂ ਉਨ੍ਹਾਂ ਦੀਆਂ ਯਾਦਾਂ ਉਨ੍ਹਾਂ ਨੂੰ ਇਥੋਂ ਜਾਣ ਨਹੀਂ ਦਿੰਦੀਆਂ। ਕਸ਼ਮੀਰ ਸਿੰਘ ਦਾ ਕਹਿਣਾ ਹੈ ਉਸ ਦੀ ਉਮਰ 70 ਤੋਂ ਉੱਪਰ ਹੈ ਤੇ ਉਹ ਪਹਿਲੀ ਵਾਰ ਖ਼ੁਦ ਨੂੰ ਬੇਘਰ ਮਹਿਸੂਸ ਕਰ ਰਿਹਾ ਹੈ। ਸਰਕਾਰ ਵੱਲੋਂ ਜਿੱਥੇ ਹੁਣ ਲਤੀਫ਼ਪੁਰਾ ਦਾ ਸਰਕਾਰੀ ਬੋਰਡ ਲਾਇਆ ਗਿਆ ਹੈ, ਉਥੇ ਪਹਿਲਾਂ ਉਸ ਦਾ ਘਰ ਸੀ। ਕਸ਼ਮੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਮਾਲ ਰਿਕਾਰਡ ਵਿੱਚ ਤਾਂ ਲਤੀਫਪੁਰਾ ਪਿੰਡ ਮੌਜੂਦ ਹੈ, ਪਰ ਨਗਰ ਸੁਧਾਰ ਟਰੱਸਟ ਨੇ ਇਸ ਨੂੰ ਆਸ਼ਿਆਨਾ ਢਾਹ ਹੈ। ਇੰਨੀ ਠੰਢ ਵਿੱਚ ਬੇਘਰ ਹੋਏ ਲੋਕਾਂ ਵਿੱਚੋਂ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਇੰਨੀ ਸੰਵੇਦਨਸ਼ੀਲਤਾ ਵੀ ਨਹੀਂ ਕਿ ਇਥੇ ਕੋਈ ਆਰਜ਼ੀ ਡਾਕਟਰ ਤਾਇਨਾਤ ਕੀਤਾ ਜਾਂਦਾ। ਕਸ਼ਮੀਰ ਸਿੰਘ ਨੇ ਗਿਆ ਜਤਾਇਆ ਕਿ ਸ਼ਹਿਰ ਵਿੱਚ ਹੋਣ ਵਾਲੀਆਂ ਸਿਆਸੀ ਰੈਲੀਆਂ ਦੌਰਾਨ ਵੀ ਨਗਰ ਨਿਗਮ ਆਰਜ਼ੀ ਪਖਾਨੇ ਤਿਆਰ ਕਰਵਾਉਂਦਾ ਹੈ, ਪਰ ਬੇਘਰ ਹੋਏ ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਲਾਵਾਰਿਸ ਛੱਡ ਦਿੱਤਾ ਗਿਆ ਹੈ। ਇਨ੍ਹਾਂ ਉਜਾੜੇ ਗਏ ਲੋਕਾਂ ਲਈ ਪਖਾਨੇ ਜਾਣ ਲਈ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਇਨਸਾਨੀਅਤ ਦੇ ਨਾਤੇ ਲਤੀਫਪੁਰਾ ਵਿੱਚ ਡਾਕਟਰੀ ਸਹੂਲਤ ਅਤੇ ਆਰਜ਼ੀ ਪਾਖਨਿਆਂ ਦਾ ਪ੍ਰਬੰਧ ਕੀਤਾ ਜਾਵੇ।

ਮੁੜ ਵਸੇਬਾ ਮੋਰਚੇ ਦਾ ਸੰਘਰਸ਼ ਜਾਰੀ

ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਸਾਰੇ ਆਗੂ ਤਨਦੇਹੀ ਨਾਲ ਡਟੇ ਹੋਏ ਹਨ। ਮੋਰਚੇ ਦੀ ਅੱਜ ਸ਼ਾਮ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ 16 ਜਨਵਰੀ ਦੇ ਐਕਸ਼ਨ ਪ੍ਰੋਗਰਾਮ ਲਈ ਪਿੰਡ ਪੱਧਰ ’ਤੇ ਲਾਮਬੰਦੀ ਕੀਤੀ ਜਾਵੇਗੀ। ਕਸ਼ਮੀਰ ਸਿੰਘ ਘੁਗਸ਼ੋਰ ਤੇ ਤਰਸੇਮ ਸਿੰਘ ਵਿੱਕੀ ਜੈਨਪੁਰੀਆ ਨੇ ਕਿਹਾ ਕਿ ਅੰਨ੍ਹੀ ਤੇ ਬੋਲੀ ਸਰਕਾਰ ਦੇ ਕੰਨ ਖੋਲ੍ਹਣ ਲਈ 16 ਜਨਵਰੀ ਨੂੰ ਰੇਲਵੇ ਲਾਈਨਾਂ ਤੇ ਨੈਸ਼ਨਲ ਹਾਈਵੇ ਜਾਂਮ ਕੀਤੇ ਜਾਣਗੇ। ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਜਨਵਰੀ ਨੂੰ ਸੜਕੀ ਤੇ ਰੇਲ ਆਵਾਜਾਈ ਵਿੱਚ ਸਫ਼ਰ ਨਾ ਕਰਨ।