ਲਖੀਮਪੁਰ ਖੀਰੀ ਹਿੰਸਾ: ਸੁਪਰੀਮ ਕੋਰਟ ਨੇ ਸੁਣਵਾਈ ਪੂਰੀ ਹੋਣ ਦੀ ਸਮਾਂ-ਸਾਰਨੀ ਮੰਗੀ

ਲਖੀਮਪੁਰ ਖੀਰੀ ਹਿੰਸਾ: ਸੁਪਰੀਮ ਕੋਰਟ ਨੇ ਸੁਣਵਾਈ ਪੂਰੀ ਹੋਣ ਦੀ ਸਮਾਂ-ਸਾਰਨੀ ਮੰਗੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੈਸ਼ਨ ਅਦਾਲਤ ਦੇ ਜੱਜ ਨੂੰ ਲਖੀਮਪੁਰ ਖੀਰੀ ਹਿੰਸਾ ਨਾਲ ਸਬੰਧਤ ਮੁਕੱਦਮਿਆਂ ਦੀ ਸੁਣਵਾਈ ਪੂਰੀ ਕਰਨ ਦੀ ਅਸਥਾਈ ਸਮਾਂ-ਸਾਰਨੀ ਸਪੱਸ਼ਟ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਅਕਤੂਬਰ, 2021 ਵਿਚ ਹੋਈ ਹਿੰਸਾ ’ਚ ਮੁਜ਼ਾਹਰਾਕਾਰੀ ਕਿਸਾਨਾਂ ਉਤੇ ਗੱਡੀ ਚੜ੍ਹਾ ਦਿੱਤੀ ਗਈ ਸੀ। ਇਸ ਤੋਂ ਬਾਅਦ ਕਈ ਹਿੰਸਕ ਘਟਨਾਵਾਂ ਵਾਪਰੀਆਂ ਸਨ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਤੇ 12 ਹੋਰਾਂ ’ਤੇ ਮੁਕੱਦਮਾ ਚੱਲ ਰਿਹਾ ਹੈ। ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਪੁੱਛਿਆ ਕਿ, ‘ਆਸ਼ੀਸ਼ ਮਿਸ਼ਰਾ ਨੂੰ ਹੋਰ ਕਿੰਨਾਂ ਸਮਾਂ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ?’ ਸਿਖ਼ਰਲੀ ਅਦਾਲਤ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਨ ਵਾਲੀ ਤੇ ਇਸ ਅਪਰਾਧ ਨੂੰ ‘ਗੰਭੀਰ’ ਕਰਾਰ ਦੇਣ ਵਾਲੀ ਯੂਪੀ ਸਰਕਾਰ ਨੂੰ ਵੀ ਕਿਹਾ ਕਿ ਉਹ ਐੱਸਯੂਵੀ ਵਿਚ ਸਵਾਰ ਤਿੰਨ ਲੋਕਾਂ ਦੀ ਹੱਤਿਆ ਦੇ ਸਿਲਸਿਲੇ ਵਿਚ ਦਾਇਰ ਦੂਜੇ ਮਾਮਲੇ ਦੀ ਸਥਿਤੀ ਨੂੰ ਲੈ ਕੇ ਵੀ ਇਕ ਹਲਫ਼ਨਾਮਾ ਦਾਇਰ ਕਰੇ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਮੁਲਜ਼ਮਾਂ, ਪੀੜਤਾਂ ਤੇ ਸਮਾਜ ਸਹਿਤ ਸਾਰੇ ਪੱਖਾਂ ਦੇ ਹਿੱਤਾਂ ’ਚ ਸੰਤੁਲਨ ਬਿਠਾਉਣ ਦੀ ਜ਼ਰੂਰਤ ਹੈ।

ਬੈਂਚ ਨੇ ਕਿਹਾ, ‘ਸਾਨੂੰ ਇਹ ਦੇਖਣਾ ਹੋਵੇਗਾ ਕਿ ਜੋ ਮੁਲਜ਼ਮ ਇਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹੈ, ਉਸ ਦੇ ਵੀ ਹੱਕ ਹਨ। ਹੁਣ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ, ਦੋਸ਼ ਤੈਅ ਹੋ ਚੁੱਕੇ ਹਨ।’ ਬੈਂਚ ਨੇ ਕਾਰ ਸਵਾਰ ਲੋਕਾਂ ਦੀ ਹੱਤਿਆ ਦੇ ਦੂਜੇ ਮਾਮਲੇ ਦੀ ਸੁਣਵਾਈ ਕਰ ਰਹੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਵੀ ਕਿਹਾ ਕਿ ਉਹ ਦੋਸ਼ ਤੈਅ ਕਰਨ ਦੀ ਇੱਛਾ ਉਤੇ ਵਿਚਾਰ ਕਰਨ। ਇਸ ਦੇ ਨਾਲ ਹੀ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਤੈਅ ਕਰ ਦਿੱਤੀ।