ਰੋਹਿਤ ਸ਼ਰਮਾ ਨੂੰ ਆਈਸੀਸੀ ਟੀਮ ਦੀ ਕਮਾਨ

ਰੋਹਿਤ ਸ਼ਰਮਾ ਨੂੰ ਆਈਸੀਸੀ ਟੀਮ ਦੀ ਕਮਾਨ

ਆਈਸੀਸੀ ਇਲੈਵਨ ’ਚ ਕੋਹਲੀ, ਰਾਹੁਲ, ਸ਼ਮੀ ਤੇ ਬੁਮਰਾਹ ਸਣੇ ਛੇ ਭਾਰਤੀ ਸ਼ਾਮਲ
ਦੁਬਈ- ਰੋਹਿਤ ਸ਼ਰਮਾ ਨੂੰ ਵਿਸ਼ਵ ਕੱਪ ਦੀ ਸਮਾਪਤੀ ਮਗਰੋਂ ਅੱਜ ਟੂਰਨਾਮੈਂਟ ਦੀ ਆਈਸੀਸੀ ਦੀ ਸਰਵੋਤਮ ਟੀਮ ਦਾ ਕਪਤਾਨ ਬਣਾਇਆ ਗਿਆ, ਜਿਸ ਵਿੱਚ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਵਿਰਾਟ ਕੋਹਲੀ ਸਣੇ ਛੇ ਹੋਰ ਨੂੰ ਜਗ੍ਹਾ ਮਿਲੀ ਹੈ। ਭਾਰਤ ਨੂੰ ਬੀਤੇ ਦਿਨ ਅਹਿਮਦਾਬਾਦ ਵਿੱਚ ਫਾਈਨਲ ’ਚ ਆਸਟਰੇਲੀਆ ਤੋਂ ਛੇ ਵਿਕਟਾਂ ਨਾਲ ਹਾਰ ਝੱਲਣੀ ਪਈ, ਜਿਸ ਨੇ ਆਪਣਾ ਛੇਵਾਂ ਵਿਸ਼ਵ ਕੱਪ ਖਿਤਾਬ ਜਿੱਤਿਆ। ਰੋਹਿਤ ਨੇ ਪੂਰੇ ਟੂਰਨਾਮੈਂਟ ਦੌਰਾਨ ਨਿਡਰ ਬੱਲੇਬਾਜ਼ੀ ਕੀਤੀ, ਜਿਸ ਲਈ ਉਸ ਦੀ ਕਾਫ਼ੀ ਸਰਾਹਨਾ ਹੋਈ। ਭਾਰਤੀ ਕਪਤਾਨ 11 ਮੈਚਾਂ ਵਿੱਚ ਇੱਕ ਸੈਂਕੜੇ ਅਤੇ ਤਿੰਨ ਨੀਮ ਸੈਂਕੜਿਆਂ ਨਾਲ 54.27 ਦੀ ਔਸਤ ਨਾਲ 597 ਦੌੜਾਂ ਬਣਾ ਕੇ ਕੋਹਲੀ ਮਗਰੋਂ ਟੂਰਨਾਮੈਂਟ ਦੇ ਦੂਜੇ ਸਭ ਤੋਂ ਸਫ਼ਲ ਬੱਲੇਬਾਜ਼ ਰਹੇ। ਕਿਸੇ ਇੱਕ ਵਿਸ਼ਵ ਕੱਪ ਵਿੱਚ 700 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਕੋਹਲੀ ਨੇ ਤਿੰਨ ਸੈਂਕੜੇ ਅਤੇ ਛੇ ਨੀਮ ਸੈਂਕੜੇ ਨਾਲ 765 ਦੌੜਾਂ ਬਣਾਈਆਂ। ਟੂਰਨਾਮੈਂਟ ਦੌਰਾਨ ਕੋਹਲੀ ਸੈਮੀਫਾਈਨਲ ਵਿੱਚ ਆਪਣੇ 50ਵੇਂ ਸੈਂਕੜੇ ਨਾਲ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਧ ਇੱਕ ਰੋਜ਼ਾ ਕੌਮਾਂਤਰੀ ਸੈਂਕੜੇ ਦੇ ਰਿਕਾਰਡ ਨੂੰ ਤੋੜਨ ਵਿੱਚ ਸਫ਼ਲ ਰਿਹਾ। ਆਈਸੀਸੀ ਦੀ ਟੂਰਨਾਮੈਂਟ ਦੀ ਸਰਵੋਤਮ ਟੀਮ ਵਿੱਚ ਅੱਧੇ ਤੋਂ ਵੱਧ ਭਾਰਤੀ ਖਿਡਾਰੀਆਂ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਭਾਰਤ ਨੇ ਭਾਵੇਂ ਖਿਤਾਬ ਨਹੀਂ ਜਿੱਤਿਆ ਪਰ ਮੇਜ਼ਬਾਨ ਟੀਮ ਟੂਰਨਾਮੈਂਟ ਦੀ ਸਰਵੋਤਮ ਟੀਮ ਸੀ, ਜਿਸ ਨੇ ਲਗਾਤਾਰ 10 ਮੈਚ ਜਿੱਤੇ।
ਵਿਕਟਕੀਪਰ, ਬੱਲੇਬਾਜ਼ ਅਤੇ ਉਪ ਕਪਤਾਨ ਕੇ.ਐੱਲ. ਰਾਹੁਲ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ। ਉਹ ਇੱਕ ਸੈਂਕੜੇ ਅਤੇ ਦੋ ਨੀਮ ਸੈਂਕੜਿਆਂ ਦੀ ਮਦਦ ਨਾਲ 75.33 ਦੀ ਔਸਤ ਨਾਲ 542 ਦੌੜਾਂ ਬਣਾ ਕੇ ਟੂੁਰਨਾਮੈਂਟ ਵਿੱਚ ਅੱਠਵੇਂ ਸਭ ਤੋਂ ਸਫ਼ਲ ਬੱਲੇਬਾਜ਼ ਰਹੇ। ਲੀਗ ਗੇੜ ਦੇ ਸ਼ੁਰੂਆਤੀ ਚਾਰ ਮੈਚਾਂ ਵਿੱਚੋਂ ਬਾਹਰ ਰਹਿਣ ਦੇ ਬਾਵਜੂਦ ਮੁਹੰਮਦ ਸ਼ਮੀ ਸਿਰਫ਼ ਸੱਤ ਮੈਚਾਂ ਵਿੱਚ 10.70 ਦੀ ਔਸਤ ਨਾਲ 24 ਵਿਕਟਾਂ ਲੈ ਕੇ ਸਰਵੋਤਮ ਗੇਂਦਬਾਜ਼ ਰਿਹਾ।

ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਲਿਖਿਆ, ‘‘ਪੁਰਸ਼ ਕ੍ਰਿਕਟ ਦੇ ਇਤਿਹਾਸ ਵਿੱਚ ਸਿਰਫ਼ ਚਾਰ ਖਿਡਾਰੀਆਂ ਨੇ ਵਿਸ਼ਵ ਕੱਪ ਵਿੱਚ ਸ਼ਮੀ ਦੀਆਂ 55 ਵਿਕਟਾਂ ਤੋਂ ਵੱਧ ਵਿਕਟਾਂ ਲਈਆਂ, ਜਿਨ੍ਹਾਂ ਵਿੱਚ ਲਸਿਥ ਮਲਿੰਗ (56), ਮਿਸ਼ੇਲ ਸਟਾਰਕ (65), ਐੱਮ ਮੁਰਲੀਧਰਨ (68) ਅਤੇ ਗਲੈਨ ਮੈਕਗ੍ਰਾ (71) ਸ਼ਾਮਲ ਹਨ ਪਰ ਸ਼ਮੀ ਨੇ ਇਹ ਵਿਕਟਾਂ ਆਪਣੇ ਤੋਂ ਅੱਗੇ ਮੌਜੂਦ ਖਿਡਾਰੀਆਂ ਤੋਂ 10 ਘੱਟ ਮੈਚਾਂ ਵਿੱਚ ਲਈਆਂ ਹਨ।’’ ਵਿਸ਼ਵ ਕੱਪ ਵਿੱਚ 11 ਮੈਚ ’ਚ 18.65 ਦੀ ਔਸਤ ਤੋਂ 20 ਵਿਕਟਾਂ ਨਾਲ ਚੌਥੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਆਈਸੀਸੀ ਇਲੈਵਨ ਵਿੱਚ ਜਗ੍ਹਾ ਮਿਲੀ ਹੈ। ਆਲਰਾਊਂਡਰ ਵਜੋਂ ਭਾਰਤ ਦੇ ਰਵਿੰਦਰ ਜਡੇਜਾ ਅਤੇ ਆਸਟਰੇਲੀਆ ਦੇ ਗਲੇਨ ਮੈਕਸਵੈੱਲ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ। ਵਿਸ਼ਵ ਕੱਪ ਸਮਾਪਤ ਹੋਣ ਮਗਰੋਂ ਇੱਕ ਰੋਜ਼ਾ ਕੌਮਾਂਤਰੀ ਮੈਚ ਨੂੰ ਅਲਵਿਦਾ ਕਹਿਣ ਵਾਲੇ ਦੱਖਣੀ ਅਫ਼ਰੀਕਾ ਦੇ ਕੁਇੰਟਨ ਡੀਕਾਕ ਨੂੰ ਦੋ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਨੇ ਲੀਗ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਸੈਂਕੜੇ ਜੜੇ। ਚੌਥੇ ਨੰਬਰ ’ਤੇ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੂੰ ਮਿਲੀ ਹੈ, ਜੋ ਭਾਰਤੀ ਗੇਂਦਬਾਜ਼ਾਂ ਖ਼ਿਲਾਫ਼ ਦਬਦਬਾ ਬਣਾਉਣ ਵਾਲਾ ਇਕਲੌਤਾ ਗੇਂਦਬਾਜ਼ ਰਿਹਾ। ਉਸ ਨੇ ਲੀਗ ਗੇੜ ਅਤੇ ਫਿਰ ਸੈਮੀਫਾਈਨਲ ਦੋਵਾਂ ਮੁਕਾਬਲਿਆਂ ਵਿੱਚ ਭਾਰਤ ਖ਼ਿਲਾਫ਼ ਸੈਂਕੜਾ ਜੜਿਆ। ਮਿਸ਼ੇਲ ਦੋ ਸੈਂਕੜੇ ਅਤੇ ਇੰਨੇ ਹੀ ਨੀਮ ਸੈਂਕੜੇ ਨਾਲ 10 ਮੈਚ ਵਿੱਚ 552 ਦੌੜਾਂ ਬਣਾ ਕੇ ਟੂਰਨਾਮੈਂਟ ਦਾ ਸਰਵੋਤਮ ਬੱਲੇਬਾਜ਼ ਰਿਹਾ। ਸ੍ਰੀਲੰਕਾ ਦੀ ਵਿਸ਼ਵ ਕੱਪ ਮੁਹਿੰਮ ਨਿਰਾਸ਼ਾਜਨਕ ਰਹੀ ਪਰ ਉਸ ਦਾ ਨੌਜਵਾਨ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੌ ਮੈਚ ਵਿੱਚ 21 ਵਿਕਟਾਂ ਨਾਲ ਟੂਰਨਾਮੈਂਟ ’ਚ ਵਿਕਟਾਂ ਝਟਕਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਰਿਹਾ। ਵਿਸ਼ਵ ਕੱਪ ਦੇ 11 ਮੈਚਾਂ ਵਿੱਚੋਂ 23 ਵਿਕਟਾਂ ਨਾਲ ਟੂਰਨਾਮੈਂਟ ਦੇ ਦੂਜੇ ਸਰਵੋਤਮ ਗੇਂਦਬਾਜ਼ ਅਤੇ ਚੈਂਪੀਅਨ ਆਸਟਰੇਲੀਆ ਦੇ ਇਕਲੌਤੇ ਮਾਹਿਰ ਸਪਿੰਨਰ ਐਡਮ ਜ਼ੈਂਪਾ ਨੂੰ ਵੀ ਟੀਮ ਇਲੈਵਨ ਵਿੱਚ ਜਗ੍ਹਾ ਮਿਲੀ ਹੈ, ਜਦਕਿ ਦੱਖਣੀ ਅਫ਼ਰੀਕਾ ਦਾ ਗੋਰਾਲਡ ਕੋਏਟਜ਼ੀ 12ਵਾਂ ਖਿਡਾਰੀ ਹੋਵੇਗਾ।