ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਫਿਲਮ ‘ਪਠਾਨ’ ਦੇਖਣ ਲਈ ਜੁੜੀ ਵੱਡੀ ਭੀੜ

ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਫਿਲਮ ‘ਪਠਾਨ’ ਦੇਖਣ ਲਈ ਜੁੜੀ ਵੱਡੀ ਭੀੜ

ਇੰਦੌਰ ’ਚ ਇਤਰਾਜਯੋਗ ਨਾਅਰੇਬਾਜੀ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ

ਨਵੀਂ ਦਿੱਲੀ : ਅਦਾਕਾਰ ਸਾਹਰੁਖ ਖਾਨ ਦੀ ਅੱਜ ਰਿਲੀਜ ਹੋਈ ਫਿਲਮ ‘ਪਠਾਨ’ ਖਿਲਾਫ ਦੇਸ਼ ਦੇ ਕਈ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਉਤਸ਼ਾਹ ਨਾਲ ਸਿਨੇਮਾ ਘਰਾਂ ਵਿੱਚ ਪਹੁੰਚੇ। ਰੋਸ ਪ੍ਰਦਰਸ਼ਨ ਦੌਰਾਨ ਇੰਦੌਰ ਵਿੱਚ ਇਤਰਾਜਯੋਗ ਨਾਅਰੇਬਾਜੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇਕ ਅਣਪਛਾਤੇ ਵਿਅਕਤੀ ਖ?ਿਲਾਫ ਪਰਚਾ ਦਰਜ ਕੀਤਾ ਹੈ। ਇਹ ਪਰਚਾ ਮੁਸਲਿਮ ਭਾਈਚਾਰੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੀਆਂ ਸਿਨੇਮਾ ਘਰਾਂ ਦੇ ਬਾਹਰ ਜਸ਼ਨ ਮਨਾਉਂਦਿਆਂ ਦੀਆਂ ਕਈ ਵੀਡੀਓਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਫਿਲਮ ‘ਪਠਾਨ’ ਵਿੱਚ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਤੇ ਜੌਹਨ ਅਬਰਾਹਮ ਮੁੱਖ ਭੂਮਿਕਾਵਾਂ ’ਚ ਹਨ ਜਦਕਿ ਡਿੰਪਲ ਕਪਾੜੀਆ ਅਤੇ ਆਸੂਤੋਸ਼ ਰਾਣਾ ਵੀ ਫਿਲਮ ’ਚ ਅਹਿਮ ਭੂਮਿਕਾਵਾਂ ਵਿੱਚ ਹਨ। ਸਾਲ 2018 ਵਿੱਚ ਫਿਲਮ ‘ਜੀਰੋ’ ਤੋਂ ਬਾਅਦ ਸਾਹਰੁਖ ਦੀ ਇਹ ਪਹਿਲੀ ਫਿਲਮ ਹੈ। ਆਪਣੇ ਚਹੇਤੇ ਸੁਪਰਸਟਾਰ ਦੀ ਚਾਰ ਸਾਲਾਂ ਬਾਅਦ ਆਈ ਫਿਲਮ ਦੇਖਣ ਲਈ ਮੁੰਬਈ ਦੇ ਬਾਂਦਰਾ ਪੱਛਮੀ ਵਿੱਚ ਪ੍ਰਸੰਸਕ ‘ਪਠਾਨ’ ਦੇ ਵੱਡੇ-ਵੱਡੇ ਪੋਸਟਰ ਲੈ ਕੇ ਪਹੁੰਚੇ ਅਤੇ ਸਿਨੇਮਾ ਘਰਾਂ ਦੇ ਬਾਹਰ ਕੇਕ ਕੱਟ ਕੇ ਫਿਲਮ ਰਿਲੀਜ ਹੋਣ ਦੀ ਖੁਸ਼ੀ ਮਨਾਈ। ਇਸੇ ਤਰ੍ਹਾਂ ਦਿੱਲੀ ਵਿੱਚ ਵੀ ਪ੍ਰਸੰਸਕ ਪਹਿਲੇ ਦਿਨ ਹੀ ‘ਪਠਾਨ’ ਦਾ ਪਹਿਲਾ ਸ਼ੋਅ ਦੇਖਣ ਸਿਨੇਮਿਆਂ ਵਿੱਚ ਪਹੁੰਚੇ। ਪੁਣੇ ਦੇ ਸਿਨੇਮਾ ਘਰਾਂ ’ਚ ਵੀ ਵੱਡੀ ਗਿਣਤੀ ’ਚ ਦਰਸ਼ਕ ਫਿਲਮ ਦੇਖਣ ਗਏ। ਕੋਲਕਾਤਾ ਵਿੱਚ ਵੀ ਸ਼ਾਹਰੁਖ ਖਾਨ ਦੇ ਪ੍ਰਸੰਸਕਾਂ ਵਿੱਚ ਪਠਾਨ ਫਿਲਮ ਦੇਖਣ ਲਈ ਕਾਫੀ ਉਤਸ਼ਾਹ ਨਜਰ ਆਇਆ।
ਫਿਲਮ ਦੇ 300 ਸ਼ੋਅ ਹੋਰ ਵਧਾਏ : ਫਿਲਮ ‘ਪਠਾਨ’ ਨੂੰ ਮਿਲੇ ਬੇਮਿਸਾਲ ਹੁੰਗਾਰਾ ਮਗਰੋਂ ਇਸ ਫਿਲਮ ਦੇ 300 ਸ਼ੋਅ ਹੋਰ ਵਧਾ ਦਿੱਤੇ ਗਏ ਹਨ। ਮੁਬੰਈ ਦੇ ਸਨਅਤੀ ਮਾਹਿਰ ਤਰੁਣ ਆਦਰਸ਼ ਨੇ ਟਵੀਟ ਕੀਤਾ, ‘ਫਿਲਮ ਦੇ ਪਹਿਲੇ ਸ਼ੋਅ ਮਗਰੋਂ ਹੀ ਵਧੀ ਹੋਈ ਮੰਗ ਦੇ ਮੱਦੇਨਜਰ 300 ਸ਼ੋਅ ਵਧਾ ਦਿੱਤੇ ਗਏ ਹਨ।’ ਇਸ ਫਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ ਤੇ ਮੌਜੂਦਾ ਸਮੇਂ ਦੁਨੀਆ ਭਰ ਦੀਆਂ 8 ਹਜਾਰ ਸਕਰੀਨਾਂ ’ਤੇ ਇਸ ਫਿਲਮ ਨੂੰ ਦਿਖਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਭਾਰਤ ਦੀਆਂ 5500 ਸਕਰੀਨਾਂ ਸ਼ਾਮਲ ਹਨ। ਇਸ ਫਿਲਮ ਨੂੰ ਤਾਮਿਲ ਤੇ ਤੇਲਗੂ ਭਾਸ਼ਾ ਵਿੱਚ ਵੀ ਰਿਲੀਜ ਕੀਤਾ ਗਿਆ ਹੈ।

ਹਿੰਦੂ ਜਥੇਬੰਦੀਆਂ ਫਿਲਮ ‘ਪਠਾਨ’ ਖਿਲਾਫ ਨਿੱਤਰੀਆਂ
ਭੁਪਾਲ/ਇੰਦੌਰ/ਗਵਾਲੀਅਰ: ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਫਿਲਮ ‘ਪਠਾਨ’ ਦਾ ਵਿਰੋਧ ਕੀਤਾ ਗਿਆ ਜਿਸ ਕਾਰਨ ਇੰਦੌਰ ਤੇ ਭੁਪਾਲ ਵਿੱਚ ਇਸ ਫਿਲਮ ਦੇ ਸਵੇਰ ਦੇ ਸ਼ੋਅ ਰੱਦ ਕਰਨੇ ਪਏੇ। ਰੋਸ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਅਨੁਸਾਰ ਫਿਲਮ ਦੇ ਗਾਣੇ ‘ਬੇਸ਼ਰਮ ਰੰਗ’ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭੁਪਾਲ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਬਜਰੰਗ ਦਲ ਦੇ ਕਾਰਕੁਨਾਂ ਨੇ ਰਾਜਮਹਿਲ ਸਿਨੇਮਾ ਹਾਲ ਦੇ ਪ੍ਰਬੰਧਕਾਂ ਨੂੰ ਫਿਲਮ ਦੇ ਪੋਸਟਰ ਹਟਾਉਣ ਲਈ ਮਜਬੂਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਫਿਲਮ ਦੇ ਪੋਸਟਰਾਂ ਨੂੰ ਪਾੜ ਵੀ ਦਿੱਤਾ। ਭੁਪਾਲ ਦੇ ਐਡੀਸ਼ਨਲ ਪੁਲੀਸ ਕਮਿਸ਼ਨਰ ਸਚਿਨ ਕੁਮਾਰ ਨੇ ਦੱਸਿਆ ਕਿ ਸਿਨੇਮਾ ਘਰਾਂ ਦੇ ਬਾਹਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਸ਼ੋਅ ਰੱਦ ਹੋਣ ਬਾਰੇ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਹੋ ਸਕਦਾ ਹੈ ਕਿ ਸਿਨਮਾ ਘਰਾਂ ਦੇ ਮਾਲਕਾਂ ਨੇ ਸ਼ੋਅ ਰੱਦ ਕਰਨ ਲਈ ਖੁਦ ਹੀ ਕੋਈ ਫੈਸਲਾ ਲਿਆ ਹੋਵੇ। ਇਸੇ ਦੌਰਾਨ ਬਜਰੰਗ ਦਲ ਦੀ ਭੁਪਾਲ ਇਕਾਈ ਦੇ ਜਾਇੰਟ-ਕਨਵੀਨਰ ਅਭਿਜੀਤ ਸਿੰਘ ਰਾਜਪੂਤ ਨੇ ਕਿਹਾ ਕਿ ਸੰਸਥਾ ਦੇ ਕਾਰਕੁਨਾਂ ਨੇ ਸ਼ਹਿਰ ਦੇ ਤਿੰਨ ਸਿਨੇਮਾ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਹਨ ਤੇ ਪੋਸਟਰ ਹਟਾਏ। ਇਸੇ ਤਰ੍ਹਾਂ ਇਦੌਰ ਵਿੱਚ ਹਿੰਦੂ ਜਾਗਰਣ ਮੰਚ ਨੇ ਸਪਨਾ-ਸੰਗੀਤਾ ਸਿਨੇਮਾ ਹਾਲ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਗਵਾਲੀਅਰ ਵਿੱਚ ਵੀ ਬਜਰੰਗ ਦਲ ਦੇ ਕਾਰਕੁਨਾਂ ਨੇ ਦੀਨਦਿਆਲ ਮਾਲ ’ਚ ਸਥਿਤ ਮਲਟੀਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਦੌਰਾਨ ਫਿਲਮ ‘ਪਠਾਨ’ ਦੀ ਸਕਰੀਨਿੰਗ ਰੋਕਣ ਦੀ ਮੰਗ ਕੀਤੀ।
ਫਰੀਦਾਬਾਦ : ਬਜਰੰਗ ਦਲ ਨੇ ਫ਼ਿਲਮ ‘ਪਠਾਨ’ ਦੇ ਸ਼ੋਅ ਦੌਰਾਨ ਅੱਜ ਇਥੋਂ ਦੇ ਮਾਲ ਦੇ ਸਿਨੇਮਾ ਹਾਲ ਵਿੱਚ ਤੋੜ-ਭੰਨ ਕੀਤੀ ਤੇ ਫ਼ਿਲਮ ਦੇ ਪੋਸਟਰ ਪਾੜ ਦਿੱਤੇ। ਬਜਰੰਗ ਦਲ ਦੇ ਕਾਰਕੁਨ ਮਥੁਰਾ ਰੋਡ ਸਥਿਤ ਆਈਨੈਕਸ ਮਾਲ ਵਿੱਚ ਬਣੇ ਪੀਵੀਆਰ ਵਿੱਚ ਵੜ ਗਏ ਤੇ ਭੰਨ-ਤੋੜ ਕੀਤੀ। ਇਸੇ ਦੌਰਾਨ ਪੀਵੀਆਰ ਦੇ ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ। ਇਸ ਘਟਨਾ ਮਗਰੋਂ ਸ਼ਹਿਰ ਦੇ ਸਿਨੇਮਾ ਘਰਾਂ ਵਿੱਚ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਹੈ।
ਸੀਤਾਪੁਰ: ਇਥੋਂ ਦੇ ਮਲਟੀਪਲੈਕਸ ਵਿੱਚ ਫਿਲਮ ‘ਪਠਾਨ’ ਦੀ ਸਕਰੀਨਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਮਲਟੀਪਲੈਕਸ ਦੇ ਬਾਹਰ ਹਥਿਆਰਬੰਦ ਪੁਲੀਸ ਤਾਇਨਾਤ ਕੀਤੀ। ਇਸ ਫਿਲਮ ਦੇ ਵਿਰੋਧ ਵਿੱਚ ਰਾਸ਼ਟਰੀ ਹਿੰਦੂ ਸੇਰ ਸੈਨਾ ਨੇ ਬੀਤੇ ਦਿਨ ਵਿਰੋਧ ਪ੍ਰਦਰਸ਼ਨ ਕੀਤਾ ਸੀ ਤੇ ਕਿਹਾ ਸੀ ਕਿ ਫਿਲਮ ਵਿੱਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਫਿਲਮ ਦੇ ਗਾਣੇ ‘ਬੇਸ਼ਰਮ ਰੰਗ’ ਕਾਰਨ ਇਸ ਦੇ ਬਾਈਕਾਟ ਦਾ ਸੱਦਾ ਗਿਆ ਹੈ।