ਰੇਲ ’ਚ ਗੋਲੀਬਾਰੀ: ਆਰਪੀਐੱਫ ਜਵਾਨ ਦਾ ਜੱਦੀ ਪਿੰਡ ’ਚ ਸਸਕਾਰ

ਰੇਲ ’ਚ ਗੋਲੀਬਾਰੀ: ਆਰਪੀਐੱਫ ਜਵਾਨ ਦਾ ਜੱਦੀ ਪਿੰਡ ’ਚ ਸਸਕਾਰ

ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਟੀਕਾਰਾਮ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ’ਤੇ ਅੜੇ; ਅਧਿਕਾਰੀਆਂ ਦੇ ਭਰੋਸੇ ਮਗਰੋਂ ਸਸਕਾਰ ਕੀਤਾ
ਜੈਪੁਰ- ਰੇਲਵੇ ਸੁਰੱਖਆ ਬਲ (ਆਰਪੀਐੱਫ) ਦੇ ਸਹਾਇਕ ਸਬ ਇੰਸਪੈਕਟਰ ਟੀਕਾਰਾਮ ਮੀਣਾ ਦਾ ਅੱਜ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਪੈਂਦੇ ਉਸ ਦੇ ਜੱਦੀ ਪਿੰਡ ਸ਼ਿਆਮਪੁਰਾ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈੱਸ ਵਿੱਚ ਸੋਮਵਾਰ ਨੂੰ ਆਰਪੀਐੱਫ ਦੇ ਇਕ ਸਿਪਾਹੀ ਵੱਲੋਂ ਗੋਲੀ ਮਾਰੇ ਜਾਣ ਕਾਰਨ ਮੀਣਾ ਦੀ ਮੌਤ ਹੋ ਗਈ ਸੀ। ਮੀਣਾ ਦੀ ਮ੍ਰਿਤਕ ਦੇਹ ਨੂੰ ਅੱਜ ਪੱਛਮੀ ਐਕਸਪ੍ਰੈੱਸ ਰਾਹੀਂ ਮੁੰਬਈ ਤੋਂ ਸਵਾਈ ਮਾਧੋਪੁਰ ਰੇਲਵੇ ਸਟੇਸ਼ਨ ਲਿਆਂਦਾ ਗਿਆ। ਰੇਲਵੇ ਸਟੇਸ਼ਨ ਤੋਂ ਉਸ ਦੇ ਜੱਦੀ ਪਿੰਡ ਸ਼ਿਆਮਪੁਰਾ ਤੱਕ ਅੰਤਿਮ ਯਾਤਰਾ ਕੱਢੀ ਗਈ, ਜਿਸ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

ਏਐੱਸਆਈ ਟੀਕਾਰਾਮ ਦੀ ਅੰਤਿਮ ਯਾਤਰਾ ਸ਼ਿਆਮਪੁਰਾ ਪਹੁੰਚਣ ’ਤੇ ਮੀਣਾ ਨੂੰ ਸ਼ਹੀਦ ਦਾ ਦਰਜਾ ਦੇਣ ਤੇ ਹੋਰ ਮੰਗਾਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਸਣੇ ਪਿੰਡ ਦੇ ਲੋਕਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸਵਾਈ ਮਾਧੋਪੁਰ ਦੇ ਐੱਸਡੀਐੱਮ ਕਪਿਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੁਆਵਜ਼ੇ ਤੇ ਨੌਕਰੀ ਦੇ ਨਾਲ-ਨਾਲ ਟੀਕਾਰਾਮ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰ ਟੀਕਾਰਾਮ ਦਾ ਅੰਤਿਮ ਸੰਸਕਾਰ ਕਰਨ ਲਈ ਸਹਿਮਤ ਹੋ ਗਏ।’’ ਮੀਣਾ ਦੇ ਅੰਤਿਮ ਸੰਸਕਾਰ ਮੌਕੇ ਟੀਕਾਰਾਮ ਦੇ ਪੁੱਤਰ ਰਾਜੇਂਦਰ ਪ੍ਰਸਾਦ ਨੇ ਚਿਖਾ ਨੂੰ ਅਗਨੀ ਦਿਖਾਈ। ਸਥਾਨਕ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।

ਐਸਕਾਰਟ ਡਿਊਟੀ ’ਤੇ ਤਾਇਨਾਤ ਰੇਲਵੇ ਸੁਰੱਖਿਆ ਬਲ ਦੇ ਸਿਪਾਹੀ ਚੇਤਨ ਸਿੰਘ ਨੇ ਸੋਮਵਾਰ ਨੂੰ ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈੱਸ ਵਿੱਚ ਆਪਣੀ ਆਟੋਮੈਟਿਕ ਸਰਵਿਸ ਰਾਈਫਲ ਨਾਲ 12 ਗੋਲੀਆਂ ਚਲਾਈਆਂ। ਇਸ ਦੌਰਾਨ ਮੀਣਾ ਤੇ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਸੀ।