ਰੇਲਵੇ ਸਟੇਸ਼ਨਾਂ ਦੇ ਸਾਈਨ ਬੋਰਡ ਪੰਜਾਬੀ ’ਚ ਲਿਖਣ ਦੀ ਮੰਗ

ਰੇਲਵੇ ਸਟੇਸ਼ਨਾਂ ਦੇ ਸਾਈਨ ਬੋਰਡ ਪੰਜਾਬੀ ’ਚ ਲਿਖਣ ਦੀ ਮੰਗ

ਨਵੀਂ ਦਿੱਲੀ- ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸੰਸਥਾ ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਆਗੂਆਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੰਜਾਬੀ ਜ਼ੁਬਾਨ ਨੂੰ ਪ੍ਰੋਤਸਾਹਨ ਦੇਣ ਵਾਲੀਆਂ ਕਈ ਮੰਗਾਂ ਰੱਖੀਆਂ। ਇਸ ਮੀਟਿੰਗ ਉਪਰੰਤ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੀ ਸੰਸਥਾ ਵੱਲੋਂ ਇਕਬਾਲ ਸਿੰਘ ਲਾਲਪੁਰਾ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਲਈ ਰੋਪ-ਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਦੇਸ਼ ਅਤੇ ਦੁਨੀਆ ਭਰ ਦੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਲੱਗੇ ਸਾਈਨ ਬੋਰਡਾਂ ’ਤੇ ਪੰਜਾਬੀ ਭਾਸ਼ਾ ’ਚ ਵੀ ਲਿਖਿਆ ਜਾਵੇ। ਇਸ ਤੋਂ ਇਲਾਵਾ ਦਿੱਲੀ ਤੋਂ ਅੰਮ੍ਰਿਤਸਰ ਲਈ ਵੰਦੇ ਭਾਰਤ ਰੇਲਗੱਡੀ ਵੀ ਚਲਾਈ ਜਾਵੇ ਤਾਂ ਜੋ ਅੰਮ੍ਰਿਤਸਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ। ਇਸ ਸਬੰਧ ’ਚ ਸਾਬਕਾ ਆਈ.ਏ.ਐਸ ਅਧਿਕਾਰੀ ਵਿਜੇ ਸਤਬੀਰ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਮਦਰੱਸਿਆਂ ਦੀ ਤਰਜ਼ ’ਤੇ ਛੋਟੇ-ਛੋਟੇ ਗੁਰੂਘਰਾਂ ਦੇ ਗ੍ਰੰਥੀ ਅਤੇ ਰਾਗੀ ਜਥਿਆਂ ਨੂੰ ਵੀ ਸਰਕਾਰ ਵਲੋਂ ਤਨਖ਼ਾਹ ਦਿੱਤੀ ਜਾਵੇ।