ਰੇਲਵੇ ਦੇ ਵਿਕਾਸ ਲਈ ਰਿਕਾਰਡ ਨਿਵੇਸ਼ ਕਰ ਰਿਹਾ ਹੈ ਕੇਂਦਰ: ਮੋਦੀ

ਰੇਲਵੇ ਦੇ ਵਿਕਾਸ ਲਈ ਰਿਕਾਰਡ ਨਿਵੇਸ਼ ਕਰ ਰਿਹਾ ਹੈ ਕੇਂਦਰ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ; ਪੱਛਮੀ ਬੰਗਾਲ ਲਈ ਚਾਰ ਹੋਰ ਰੇਲਵੇ ਪ੍ਰਾਜੈਕਟ ਲਾਂਚ
ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਾਵੜਾ ਤੇ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਮਗਰੋਂ ਕਿਹਾ ਕਿ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਕੇਂਦਰ ਸਰਕਾਰ ਰਿਕਾਰਡ ਨਿਵੇਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਨਾਲ ਹੀ ਪੱਛਮੀ ਬੰਗਾਲ ’ਚ ਚਾਰ ਹੋਰ ਰੇਲਵੇ ਪ੍ਰਾਜੈਕਟ ਲਾਂਚ ਕੀਤੇ ਅਤੇ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊ ਜਲਪਾਈਗੁੜੀ ਸਮੇਤ ਹੋਰ ਰੇਲਵੇ ਸਟੇਸ਼ਨਾਂ ਨੂੰ ਹਵਾਈ ਅੱਡਿਆਂ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਜ ਪੱਛਮੀ ਬੰਗਾਲ ’ਚ ਪੰਜ ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਲਾਂਚ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬੀ ਤੇ ਪੱਛਮੀ ਟਰਾਂਸਪੋਰਟ ਗਲਿਆਰਾ ਦੇਸ਼ ਦੀ ਆਰਥਿਕਤਾ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਏਗਾ। ਉਨ੍ਹਾਂ ਕਿਹਾ, ‘ਅੱਜ ਵੰਦੇ ਭਾਰਤ ਰੇਲ ਗੱਡੀ ਦੀ ਸ਼ੁਰੂਆਤ ਉਸ ਜ਼ਮੀਨ ਤੋਂ ਕੀਤੀ ਗਈ ਹੈ ਜਿੱਥੇ ‘ਵੰਦੇ ਮਾਤਰਮ’ ਦਾ ਨਾਅਰਾ ਬੁਲੰਦ ਕੀਤਾ ਗਿਆ ਸੀ।’ ਉਨ੍ਹਾਂ ਕਿਹਾ ਕਿ ਅੱਜ 30 ਦਸੰਬਰ ਦਾ ਦਿਨ ਵੀ ਇਤਿਹਾਸ ’ਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ 1943 ’ਚ ਅੱਜ ਦੇ ਹੀ ਦਿਨ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ’ਚ ਤਿਰੰਗਾ ਲਹਿਰਾ ਕੇ ਭਾਰਤ ਦੀ ਆਜ਼ਾਦੀ ਦਾ ਬਿਗਲ ਵਜਾਇਆ ਸੀ। ਉਨ੍ਹਾਂ ਕਿਹਾ ਕਿ ਇਸ 21ਵੀਂ ਸਦੀ ’ਚ ਭਾਰਤ ਦੇ ਤੇਜ਼ ਵਿਕਾਸ ਲਈ ਭਾਰਤੀ ਰੇਲਵੇ ਦਾ ਵੀ ਤੇਜ਼ ਵਿਕਾਸ ਤੇ ਸੁਧਾਰ ਬਹੁਤ ਜ਼ਰੂਰੀ ਹੈ। ਇਸ ਲਈ ਅੱਜ ਕੇਂਦਰ ਸਰਕਾਰ ਭਾਰਤੀ ਰੇਲਵੇ ਨੂੰ ਆਧੁਨਿਕ ਬਣਾਉਣ ਲਈ ਰਿਕਾਰਡ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸੰਪਰਕ ਵਧਾਉਣ ਲਈ ਨਵੇਂ ਹਵਾਈ ਅੱਡਿਆਂ, ਜਲ ਰਸਤਿਆਂ, ਬੰਦਰਗਾਹਾਂ ਤੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮਾਗਮ ’ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨੇ ਅੱਜ ਕੋਲਕਾਤਾ ਪਹੁੰਚਣਾ ਸੀ ਪਰ ਅੱਜ ਤੜਕੇ ਉਨ੍ਹਾਂ ਦੀ ਮਾਂ ਹੀਰਾਬੇਨ ਦਾ ਦੇਹਾਂਤ ਹੋ ਗਿਆ ਜਿਸ ਕਾਰਨ ਉਹ ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸ ਰਾਹੀਂ ਇਸ ਸਮਾਗਮ ’ਚ ਸ਼ਾਮਲ ਹੋਏ।

ਇਸ ਮੌਕੇ ਰਾਜਪਾਲ ਸੀਵੀ ਆਨੰਦ ਬੋਸ, ਮੁੱਖ ਮੰਤਰੀ ਮਮਤਾ ਬੈਨਰਜੀ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਹਾਜ਼ਰ ਸਨ।