ਰੂਸ ਵੱਲੋਂ ਯੂਕਰੇਨ ’ਤੇ ਹਵਾਈ ਹਮਲੇ ਤੇਜ਼, ਚਾਰ ਮੌਤਾਂ

ਰੂਸ ਵੱਲੋਂ ਯੂਕਰੇਨ ’ਤੇ ਹਵਾਈ ਹਮਲੇ ਤੇਜ਼, ਚਾਰ ਮੌਤਾਂ

ਊਰਜਾ ਖੇਤਰ ਦੇ ਬੁਨਿਆਦੀ ਢਾਂਚੇ, ਰਿਹਾਇਸ਼ੀ ਇਮਾਰਤਾਂ ਤੇ ਉਦਯੋਗਿਕ ਖੇਤਰਾਂ ਨੂੰ ਬਣਾਇਆ ਨਿਸ਼ਾਨਾ
ਕੀਵ-ਯੂਕਰੇਨ ’ਤੇ ਵੀਰਵਾਰ ਨੂੰ ਹੋਏ ਖਤਰਨਾਕ ਰੂਸੀ ਹਵਾਈ ਹਮਲਿਆਂ ਕਾਰਨ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤਾਜ਼ਾ ਹਵਾਈ ਹਮਲਿਆਂ ਵਿੱਚ ਯੂਕਰੇਨ ’ਚ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ, ਰਿਹਾਇਸ਼ੀ ਇਮਾਰਤਾਂ ਅਤੇ ਉਦਯੋਗਿਕ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਡਰੋਨ ਤੇ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇਕ ਦਰਜਨ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ।

ਉਧਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਯੂਕਰੇਨ ਤੋਂ ਕਾਲਾ ਸਾਗਰ ਰਸਤੇ ਅਨਾਜ, ਖੁਰਾਕੀ ਵਸਤਾਂ ਅਤੇ ਖਾਦਾਂ ਦੀ ਬਰਾਮਦ ਸੁਰੱਖਿਅਤ ਬਣਾਉਣ ਵਾਲੇ ਚਾਰ ਮਹੀਨੇ ਪੁਰਾਣੇ ਸਮਝੌਤੇ ਦੀ ਮਿਆਦ ਖ਼ਤਮ ਹੋਣ ਤੋਂ ਮਹਿਜ਼ ਕੁਝ ਦਿਨ ਪਹਿਲਾਂ ਇਸ ਵਿੱਚ ਵਿਸਥਾਰ ਦਾ ਐਲਾਨ ਕੀਤਾ ਹੈ।

ਗੁਟੇਰੇਜ਼ ਨੇ ਇਕ ਬਿਆਨ ਵਿੱਚ ਕਿਹਾ ਕਿ ਸੰਯੁਕਤ ਰਾਸ਼ਟਰ ਰੂਸ ਤੋਂ ਅਨਾਜ ਤੇ ਖਾਦਾਂ ਦੀ ਬਰਾਮਦ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਹਟਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਤੇ ਤੁਰਕੀ ਵਿਚਾਲੇ ਜੁਲਾਈ ਵਿੱਚ ਹੋਏ ਦੋ ਸਮਝੌਤਿਆਂ ’ਚੋਂ ਇਹ ਵੀ ਇਕ ਸੀ। ਇਸਤੰਬੁਲ ਵਿੱਚ ਹੋਏ ਇਨ੍ਹਾਂ ਸਮਝੌਤਿਆਂ ਦਾ ਟੀਚਾ ਅਨਾਜ ਅਤੇ ਖਾਦਾਂ ਦੀਆਂ ਕੀਮਤਾਂ ਘਟਾਉਣਾ ਅਤੇ ਵਿਸ਼ਵ ਪੱਧਰ ’ਤੇ ਅਨਾਜ ਦਾ ਸੰਕਟ ਆਉਣ ਤੋਂ ਰੋਕਣਾ ਹੈ। ਹਾਲਾਂਕਿ, ਰੂਸ ਵੱਲੋਂ ਸਮਝੌਤੇ ’ਤੇ ਤੁਰੰਤ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਕੀਵ ਵਿੱਚ ਸ਼ਹਿਰ ਦੇ ਫ਼ੌਜੀ ਪ੍ਰਸ਼ਾਸਨ ਨੇ ਦੱਸਿਆ ਕਿ ਏਅਰ ਡਿਫੈਂਸ ਵੱਲੋਂ ਘੱਟੋ-ਘੱਟ ਦੋ ਕਰੂਜ਼ ਮਿਜ਼ਾਈਲਾਂ ਅਤੇ ਪੰਜ ਇਰਾਨੀ ਡਰੋਨਾਂ ਨੂੰ ਡੇਗ ਦਿੱਤਾ ਗਿਆ ਹੈ। ਜ਼ਮੀਨ ’ਤੇ ਜੰਗ ਵਿੱਚ ਕ੍ਰੈਮਲਿਨ ਨੂੰ ਮਿਲ ਰਹੀ ਹਾਰ ਦੇ ਮੱਦੇਨਜ਼ਰ ਰੂਸ ਨੇ ਹਾਲ ਦੇ ਹਫਤੇ ਵਿੱਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਯੂਕਰੇਨ ਦੇ ਆਪਣੇ ਕੰਟਰੋਲ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਸਥਿਤ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ।