ਰੂਸ ਖ਼ਿਲਾਫ਼ ਨਿੰਦਾ ਮਤੇ ’ਤੇ ਵੋਟਿੰਗ ਮੌਕੇ ਭਾਰਤ ਰਿਹਾ ਗ਼ੈਰਹਾਜ਼ਰ

ਸੰਯੁਕਤ ਰਾਸ਼ਟਰ-ਯੂਕਰੇਨ ਦੇ ਚਾਰ ਖਿੱਤਿਆਂ ਦੋਨੇਤਸਕ, ਖੇਰਸਾਨ, ਲੁਹਾਂਸਕ ਤੇ ਜ਼ਾਪੋਰਿਜ਼ੀਆ ’ਤੇ ਰੂਸ ਦੇ ‘ਗ਼ੈਰਕਾਨੂੰਨੀ ਕਬਜ਼ੇ ਦੀ ਕੋਸ਼ਿਸ਼’ ਦੀ ਨਿੰਦਾ ਕਰਨ ਤੇ ਇਹ ਕਦਮ ਤੁਰੰਤ ਵਾਪਸ ਲਏ ਜਾਣ ਦੀ ਮੰਗ ਸਬੰਧੀ ਸੰਯੁਕਤ ਰਾਸ਼ਟਰ ’ਚ ਲਿਆਂਦੇ ਗਏ ਮਤੇ ’ਤੇ ਵੋਟਿੰਗ ’ਚੋਂ ਭਾਰਤ ਗ਼ੈਰਹਾਜ਼ਰ ਰਿਹਾ। ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ’ਚੋਂ 143 ਮੈਂਬਰਾਂ ਨੇ ਇਸ ਮਤੇ ਦੇ ਹੱਕ ’ਚ ਵੋਟ ਪਾਈ ਜਦਕਿ ਪੰਜ ਮੁਲਕਾਂ ਰੂਸ, ਬੇਲਾਰੂਸ, ਉੱਤਰੀ ਕੋਰੀਆ, ਸੀਰੀਆ ਤੇ ਨਿਕਾਰਾਗੁਆ ਨੇ ਇਸ ਮਤੇ ਦੇ ਵਿਰੋਧ ’ਚ ਵੋਟਿੰਗ ਕੀਤੀ। ਭਾਰਤ ਸਮੇਤ 35 ਮੁਲਕ ਵੋਟਿੰਗ ਤੋਂ ਦੂਰ ਰਹੇ।

ਸੰਯੁਕਤ ਰਾਸ਼ਟਰ ਆਮ ਸਭਾ ’ਚ ਰੂਸ ਖ਼ਿਲਾਫ਼ ਮਤੇ ’ਤੇ ਵੋਟਿੰਗ ਤੋਂ ਬਾਅਦ ਭਾਰਤ ਨੇ ਕਿਹਾ ਕਿ ਉਸ ਦਾ ਇਹ ਫ਼ੈਸਲਾ ਚੰਗੀ ਤਰ੍ਹਾਂ ਸੋਚ-ਵਿਚਾਰ ਤੋਂ ਬਾਅਦ ਅਪਣਾਏ ਕੌਮੀ ਰੁਖ਼ ਮੁਤਾਬਕ ਹੈ ਅਤੇ ਦੇਸ਼ ਗੱਲਬਾਤ ਤੇ ਕੂਟਨੀਤੀ ਰਾਹੀਂ ਸ਼ਾਂਤੀਪੂਰਨ ਹੱਲ ਅਤੇ ਤਣਾਅ ਘਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਭਾਰਤ ਨੇ ਅਪੀਲ ਕੀਤੀ ਕਿ ਦੁਸ਼ਮਣੀ ਤੁਰੰਤ ਖਤਮ ਕਰਨ ਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਤੁਰੰਤ ਵਾਪਸੀ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਕੰਬੋਜ ਨੇ ਕਿਹਾ, ‘ਸ਼ਾਂਤੀ ਲਈ ਸਾਨੂੰ ਕੂਟਨੀਤੀ ਦੇ ਸਾਰੇ ਰਾਹ ਖੁੱਲ੍ਹੇ ਰੱਖਣ ਦੀ ਲੋੜ ਹੈ। ਇਸ ਲਈ ਅਸੀਂ ਜੰਗ-ਬੰਦੀ ਤੇ ਸੰਘਰਸ਼ ਦੇ ਹੱਲ ਲਈ ਸ਼ਾਂਤੀ ਵਾਰਤਾ ਜਲਦੀ ਬਹਾਲ ਹੋਣ ਦੀ ਉਮੀਦ ਕਰਦੇ ਹਾਂ। ਭਾਰਤ ਤਣਾਅ ਘੱਟ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਲਈ ਤਿਆਰ ਹੈ।’ ਇਹ ਮਤਾ ਰੂਸੀ ਬਲਾਂ ਵੱਲੋਂ 24 ਫਰਵਰੀ ਨੂੰ ਯੂਕਰੇਨ ’ਤੇ ਹਮਲਾ ਕੀਤੇ ਜਾਣ ਮਗਰੋਂ ਸੰਯੁਕਤ ਰਾਸ਼ਟਰ ਆਮ ਸਭਾ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਸਭ ਤੋਂ ਵੱਡੀ ਹਮਾਇਤ ਤੇ ਰੂਸ ਦਾ ਸਭ ਤੋਂ ਵੱਡਾ ਵਿਰੋਧ ਹੈ। ਸੰਯੁਕਤ ਰਾਸ਼ਟਰ ’ਚ ਯੂਕਰੇਨ ਦੇ ਰਾਜਦੂਤ ਸੇਰਗੇਈ ਕਿਸਲਿਤਸਿਆ ਨੇ ਵੋਟਿੰਗ ਨੂੰ ਇਤਿਹਾਸਕ ਪਲ ਦੱਸਿਆ ਜਦਕਿ ਅਮਰੀਕੀ ਰਾਜਦੂਤ ਲਿੰਡਾ ਥੌਮਸ ਗਰੀਨਫੀਲਡ ਨੇ ਇਸ ਨੂੰ ਯਾਦਗਾਰੀ ਦਿਨ ਕਰਾਰ ਦਿੱਤਾ। ਯੂਰੋਪੀ ਯੂਨੀਅਨ ਦੇ ਰਾਜਦੂਤ ਓਲਾਫ ਸਕੂਗ ਨੇ ਇਸ ਮਤੇ ਨੂੰ ਅਜਿਹੀ ਵੱਡੀ ਕਾਮਯਾਬੀ ਦੱਸਿਆ ਜੋ ਰੂਸ ਨੂੰ ਇੱਕ ਸਖ਼ਤ ਸੰਦੇਸ਼ ਭੇਜਦਾ ਹੈ ਕਿ ਉਹ ਇਕੱਲਾ ਹੈ ਤੇ ਰਹੇਗਾ।