ਰੂਸੀ ਮਿਜ਼ਾਈਲਾਂ ਵੱਲੋਂ ਰਿਹਾਇਸ਼ੀ ਇਮਾਰਤ ਉੱਤੇ ਹਮਲਾ; ਛੇ ਹਲਾਕ, ਦਰਜਨ ਤੋਂ ਵੱਧ ਜ਼ਖ਼ਮੀ

ਰੂਸੀ ਮਿਜ਼ਾਈਲਾਂ ਵੱਲੋਂ ਰਿਹਾਇਸ਼ੀ ਇਮਾਰਤ ਉੱਤੇ ਹਮਲਾ; ਛੇ ਹਲਾਕ, ਦਰਜਨ ਤੋਂ ਵੱਧ ਜ਼ਖ਼ਮੀ

ਮਰਨ ਵਾਲਿਆਂ ’ਚ ਦਸ ਸਾਲਾ ਬੱਚੀ ਵੀ ਸ਼ਾਮਲ; ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
ਕੀਵ- ਰੂਸ ਵੱਲੋਂ ਮੱਧ ਯੂਕਰੇਨ ਦੇ ਕ੍ਰੀਵੀ ਰੀਹ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਅਤੇ ਯੂਨੀਵਰਸਿਟੀ ਦੀ ਇਮਾਰਤ ’ਤੇ ਮਿਜ਼ਾਈਲਾਂ ਰਾਹੀਂ ਕੀਤੇ ਹਮਲੇ ਕਾਰਨ ਜਿੱਥੇ ਛੇ ਜਣਿਆਂ ਦੀ ਮੌਤ ਹੋ ਗਈ, ਉੱਥੇ ਕਈ ਦਰਜਨ ਵਿਅਕਤੀ ਜ਼ਖ਼ਮੀ ਵੀ ਹੋ ਗਏ ਜਦਕਿ ਅਜੇ ਵੀ ਕਈ ਲੋਕ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ।

ਯੂਕਰੇਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਇਹੋਰ ਕਲਾਈਮੈਂਕੋ ਨੇ ਦੱਸਿਆ ਕਿ ਇੱਕ ਮਿਜ਼ਾਈਲ ਨੇ ਰਿਹਾਇਸ਼ੀ ਇਮਾਰਤ ਦੀ ਚੌਥੀ ਤੇ ਨੌਵੀਂ ਮੰਜ਼ਿਲ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਾਇਆ। ਇੱਕ ਵੀਡੀਓ ਵਿੱਚ ਇਮਾਰਤ ’ਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ ਜਦਕਿ ਗਲੀ ਵਿੱਚ ਕਾਰਾਂ ਸੜਦੀਆਂ ਜਾਂ ਨੁਕਸਾਨੀਆਂ ਦਿਖਾਈ ਦੇ ਰਹੀਆਂ ਹਨ। ਸ੍ਰੀ ਕਲਾਈਮੈਂਕੋ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਦਸ ਸਾਲਾ ਬੱਚੀ ਵੀ ਸ਼ਾਮਲ ਹੈ।

ਯੂਕਰੇਨ ਦੀ ਸੂਬਾਈ ਐਮਰਜੈਂਸੀ ਸੇਵਾ ਮੁਖੀ ਸੇਰਹੀ ਕਰੁੱਕ ਨੇ ਕਿਹਾ ਕਿ ਸਵੇਰ ਸਮੇਂ ਹੋਏ ਹਮਲੇ ਕਾਰਨ 44 ਜਣੇ ਜ਼ਖਮੀ ਹੋ ਗਏ, ਜਿਸ ਦੌਰਾਨ ਚਾਰ ਮੰਜ਼ਿਲਾ ਯੂਨੀਵਰਸਿਟੀ ਇਮਾਰਤ ਦਾ ਇੱਕ ਹਿੱਸਾ ਵੀ ਤਬਾਹ ਹੋ ਗਿਆ।

ਇਸ ਦੌਰਾਨ ਦੋਨੇਤਸਕ ਪ੍ਰਾਂਤ ਵਿੱਚ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਕਾਰਨ ਜਿੱਥੇ ਦੋ ਜਣੇ ਮਾਰੇ ਗਏ, ਉੱਥੇ ਛੇ ਜਣੇ ਜ਼ਖਮੀ ਵੀ ਹੋ ਗਏ। ਇਸ ਦੌਰਾਨ ਯੂਕਰੇਨ ਦੀ ਫ਼ੌਜ ਵੱਲੋਂ ਸੋਮਵਾਰ ਨੂੰ ਦੋਨੇਤਸਕ ਸ਼ਹਿਰ ਵਿੱਚ ਕਈ ਵਾਰ ਦਾਗੇ ਗੋਲਿਆਂ ਦੀ ਚਪੇਟ ਵਿੱਚ ਆਈ ਇੱਕ ਬੱਸ ਵੀ ਨੁਕਸਾਨੀ ਗਈ। ਦੋਵੇਂ ਪੱਖਾਂ ਵਿੱਚੋਂ ਕਿਸੇ ਦੇ ਵੀ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।

ਕ੍ਰੀਵੀ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਦਾ ਪਿੱਤਰੀ ਕਸਬਾ ਹੈ, ਜਿੱਥੇ ਬਚਾਅ ਦਲ ਨੁਕਸਾਨੀਆਂ ਗਈਆਂ ਇਮਾਰਤਾਂ ਹੇਠ ਦੱਬੇ ਲੋਕਾਂ ਦੀ ਤਲਾਸ਼ ’ਚ ਜੁਟੇ ਹੋਏ ਹਨ। ਸ੍ਰੀ ਜੇਲੈਂਸਕੀ ਨੇ ਕਿਹਾ,‘ਹਾਲ ਹੀ ਦੇ ਦਿਨਾਂ ਵਿੱਚ ਦੁਸ਼ਮਣ ਸ਼ਹਿਰਾਂ ਤੇ ਸ਼ਹਿਰਾਂ ਦੇ ਕੇਂਦਰਾਂ ’ਤੇ ਹਮਲੇ ਕਰ ਰਿਹਾ ਹੈ ਤੇ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।’

ਉਨ੍ਹਾਂ ਸੋਸ਼ਲ ਮੀਡੀਆ ’ਤੇ ਦਿੱਤੇ ਇੱਕ ਬਿਆਨ ਵਿੱਚ ਕਿਹਾ,‘ਪਰ ਇਹ ਹਮਲੇ ਸਾਨੂੰ ਡਰਾ ਜਾਂ ਤੋੜ ਨਹੀਂ ਸਕਣਗੇ।’

ਇਸ ਦੌਰਾਨ ਯੂਕਰੇਨ ਨੇ ਜੰਗ ਨੂੰ ਰੂਸ ਦੇ ਅੰਦਰ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਕਥਿਤ ਤੌਰ ’ਤੇ ਮਾਸਕੋ ਜਿਹੇ ਦੂਰ-ਦੁਰਾਡੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।