ਰੁਜ਼ਗਾਰ ਮੇਲਾ: ਕੇਂਦਰੀ ਮੰਤਰੀਆਂ ਨੇ ਨਿਯੁਕਤੀ ਪੱਤਰ ਵੰਡੇ

ਰੁਜ਼ਗਾਰ ਮੇਲਾ: ਕੇਂਦਰੀ ਮੰਤਰੀਆਂ ਨੇ ਨਿਯੁਕਤੀ ਪੱਤਰ ਵੰਡੇ

ਨੌਕਰੀ ਲਈ ਚੁਣੇ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਪਹਿਲਾ ਪੜਾਅ ਸ਼ੁਰੂ
ਨਵੀਂ ਦਿੱਲੀ-ਦਿੱਲੀ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ, ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਵਿੱਚ 10 ਲੱਖ ਵਿਅਕਤੀਆਂ ਦੀ ਭਰਤੀ ਮੁਹਿੰਮ ਤਹਿਤ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਇਲਾਕੇ ਮੁਨੀਰਕਾ ਸਥਿਤ ਜੇਐੱਨਯੂ ਕੈਂਪਸ ਵਿੱਚ ਲੱਗੇ ਇਸ ਮੇਲੇ ਦੌਰਾਨ ਅੱਜ ਤੋਂ 75000 ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ 532 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਅੱਜ ਤੋਂ ਸਰਕਾਰ ਦੇ ਹਰ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਦਾ ਕੰਮ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਦੀਵਾਲੀ ਮੌਕੇ ਜੇਕਰ ਕਿਸੇ ਨੌਜਵਾਨ ਸਾਥੀ ਦੇ ਹੱਥ ਨਿਯੁਕਤੀ ਪੱਤਰ ਆਉਂਦਾ ਹੈ ਤਾਂ ਉਸ ਨੌਜਵਾਨ ਅਤੇ ਉਸ ਦੇ ਪਰਿਵਾਰ ਲਈ ਇਸ ਤੋਂ ਵੱਧ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ। ਸਾਨੂੰ ਹਮੇਸ਼ਾ ਕਿਹਾ ਗਿਆ ਹੈ ਕਿ ਸਾਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਅਤੇ ਅੱਜ ਅਸੀਂ ਇਹ ਕਰ ਦਿੱਤਾ ਹੈ’। ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬਦਲਾਅ ਦਾ ਦੌਰ ਚੱਲ ਰਿਹਾ ਹੈ, ਜਿਸ ਤਰੀਕੇ ਨਾਲ ਅਸੀਂ ਨਾ ਸਿਰਫ਼ ਆਪਣੇ ਆਪ ਨੂੰ ਕਰੋਨਾ ਤੋਂ ਬਚਾਇਆ ਬਲਕਿ ਆਫ਼ਤ ਨੂੰ ਰੁਜ਼ਗਾਰ ਦੇ ਮੌਕੇ ਵਿੱਚ ਬਦਲਣ ਦਾ ਬੇਮਿਸਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਯਤਨਸ਼ੀਲ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।