ਰਿਸ਼ਵਤਖੋਰੀ ਤੇ ਘੁਟਾਲਿਆਂ ਦਾ ਸਮਾਜ ’ਤੇ ਅਸਰ

ਰਿਸ਼ਵਤਖੋਰੀ ਤੇ ਘੁਟਾਲਿਆਂ ਦਾ ਸਮਾਜ ’ਤੇ ਅਸਰ

ਡਾ. ਸੁਖਦੇਵ ਸਿੰਘ

ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿਚ ਕੁਝ ਨੌਕਰਸ਼ਾਹਾਂ, ਪੁਲੀਸ ਮੁਲਾਜ਼ਮਾਂ, ਸਿਆਸਤਦਾਨਾਂ, ਹੋਰ ਵਿਭਾਗਾਂ ਦੇ ਅਫਸਰਾਂ ਤੇ ਕਰਮਚਾਰੀਆਂ ਸਮੇਤ ਕਈ ਠੇਕੇਦਾਰਾਂ ਤੇ ਕਰਿੰਦਿਆਂ ਦੁਆਰਾ ਕੀਤੇ ਘੁਟਾਲੇ ਅਤੇ ਰਿਸ਼ਵਤਖੋਰੀ ਸਾਹਮਣੇ ਆਉਣ ਅਤੇ ਜੇਲ੍ਹਾਂ ਵਿਚ ਜਾਣ ਦੀਆਂ ਖਬਰਾਂ ਨੇ ਲੋਕਾਂ ਦੇ ਮੂੰਹ ਵਿਚ ਉਂਗਲਾਂ ਪੁਆ ਦਿੱਤੀਆਂ ਹਨ। ਵੱਖ ਵੱਖ ਮਹਿਕਮਿਆਂ ਵਿਚ ਭਾਵੇਂ ਥੋੜ੍ਹੇ ਲੋਕਾਂ ਨੇ ਮਾੜੇ ਕਰਮ ਕੀਤੇ ਹੋਣ ਪਰ ਇਹਨਾਂ ਕਰ ਕੇ ਬਦਨਾਮੀ ਵੱਡੇ ਪੱਧਰ ’ਤੇ ਹੁੰਦੀ ਹੈ। ਆਪਣੀ ਡਿਊਟੀ ਨਿਭਾਉਣ ਦੌਰਾਨ ਭ੍ਰਿਸ਼ਟਾਚਾਰੀਆਂ ਵਲੋਂ ਇੱਕਠਾ ਕੀਤਾ ਧਨ, ਸੋਨਾ ਤੇ ਆਮਦਨ ਦੇ ਗਿਆਤ ਸ੍ਰੋਤਾਂ ਦੇ ਅਨੁਪਾਤ ਤੋਂ ਹੱਦੋਂ ਵੱਧ ਉਪਜਾਈ ਜਾਇਦਾਦ, ਜ਼ਮੀਨਾਂ, ਫਾਰਮ ਹਾਊਸਾਂ, ਹੋਟਲਾਂ, ਮਾਲਾਂ ਤੇ ਹੋਰ ਅਣਗਿਣਤ ਢੰਗਾਂ ਨਾਲ ਹਜ਼ਮ ਕੀਤੀ ਕਮਾਈ ਲਈ ਵਰਤੇ ਢੰਗ-ਤਰੀਕੇ ਅਤੇ ਮਿਲੀਭੁਗਤ ਦੀਆਂ ਵਿਉਂਤਾਂ ਹੈਰਾਨੀ ਪੈਦਾ ਕਰਦੀਆਂ ਹਨ। ਇਹ ਗੁਰੂ ਨਾਨਕ ਜੀ ਦੇ ਕਥਨ ‘ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥’ ਦੀ ਯਾਦ ਦਿਵਾਉਂਦੇ ਹਨ। ਕਈ ਨੌਕਰਸ਼ਾਹ ਅਤੇ ਸਿਆਸਤਦਾਨ ਕਾਨੂੰਨੀ ਸ਼ਿਕੰਜੇ ਦੇ ਡਰ ਕਾਰਨ ਵਿਦੇਸ਼ ਭੱਜ ਰਹੇ ਹਨ ਜਾਂ ਪਾਰਟੀਆਂ ਬਦਲ ਕੇ ਆਪਣੇ ਆਪ ਨੂੰ ਸੁਰੱਖਿਅਤ ਬਣਾ ਰਹੇ ਹਨ। ਇਸ ਪ੍ਰਕਿਰਿਆ ਕਰ ਕੇ ਪੈਦਾ ਹੋ ਰਹੇ ਮਾਹੌਲ ਦਾ ਅਸਰ ਪੂਰੇ ਸਮਾਜ ’ਤੇ ਵੱਖ ਵੱਖ ਰੂਪਾਂ ਵਿਚ ਪੈਂਦਾ ਹੈ।

ਰਿਸ਼ਵਤਖੋਰੀ ਦੇ ਫੈਲਾਅ ਅਤੇ ਇਸ ਦੇ ਅਨੇਕਾਂ ਰੂਪ ਹੋਣ ਕਰ ਕੇ ਇਸ ਨੂੰ ਪਰਿਭਾਸ਼ਤ ਕਰਨਾ ਔਖਾ ਹੈ ਪਰ ਮੋਟੇ ਤੌਰ ’ਤੇ ਬੇਈਮਾਨੀ ਜਾਂ ਆਪਣੇ ਅਹੁਦਿਆਂ ਦੀ ਆੜ ਹੇਠ ਜਨਤਕ ਵਸੀਲਿਆਂ ਦੀ ਲੁੱਟ ਤੇ ਦੂਸਰਿਆਂ ਦੇ ਹੱਕ ਮਾਰ ਕੇ, ਲੋਕਾਂ ਦੀ ਬੇਵਸੀ ਦਾ ਫਾਇਦਾ ਉਠਾ ਕੇ ਆਪਣੀ ਜਾਂ ਪਰਿਵਾਰ ਦੀ ਭਲਾਈ ਲਈ ਕੀਤੀ ਨਾਜਾਇਜ਼ ਕਮਾਈ ਨੂੰ ਰਿਸ਼ਵਤਖੋਰੀ ਕਿਹਾ ਜਾ ਸਕਦਾ ਹੈ। ਸਾਧਾਰਨ ਸ਼ਬਦਾਂ ਵਿਚ ਕਿਰਤ-ਕਮਾਈ ਤੋਂ ਬਿਨਾ ਇਕੱਠੇ ਕੀਤੇ ਧਨ ਦੌਲਤ ਨੂੰ ਰਿਸ਼ਵਤਖੋਰੀ ਕਿਹਾ ਜਾਂਦਾ ਹੈ। ਰਿਸ਼ਵਤਖੋਰੀ ਵੀ ਉਦੋਂ ਤੋਂ ਹੀ ਆਈ ਜਦੋਂ ਤੋਂ ਸੰਗਠਿਤ ਸਮਾਜ ਵਿਚ ਜੀਵਨ ਦੀ ਸ਼ੁਰੂਆਤ ਹੋਈ ਭਾਵੇਂ ਇਸ ਦੀ ਮਾਤਰਾ ਸੀਮਤ ਪੱਧਰ ’ਤੇ ਸੀ ਅਤੇ ਕਈ ਸਮਾਜ ਤੇ ਸਮੂਹ ਇਮਾਨਦਾਰੀ ਦੀ ਮਿਸਾਲ ਵੀ ਰਹੇ ਹਨ। ਪੁਰਾਣੇ ਸਮਿਆਂ ਵਿਚ ਜਿ਼ੰਦਗੀ ਸਾਦੀ ਸੀ ਅਤੇ ਧਰਮ ਦੇ ਖਾਸ ਰੋਲ ਕਰ ਕੇ ਵੱਢੀ, ਭ੍ਰਿਸ਼ਟਾਚਾਰ, ਹੱਕ ਮਾਰਨਾ, ਹਰਾਮ ਜਾਂ ਬੇਈਮਾਨੀ ਦੀ ਕਮਾਈ ਨੂੰੰ ਲੋਕ ਪਾਪ ਸਮਝ ਕੇ ਤੋਬਾ ਕਰਦੇ ਸਨ। ਗੁਰਬਾਣੀ ਵਿਚ ਦਰਜ ਹੈ: ‘ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਈ॥’ ਪਰ ਅੱਜ ਦੇ ਸਮੇਂ ਵਿਚ ਉਲਟ ਹੋਇਆ ਲਗਦਾ ਹੈ, ਅੱਜ ਦੁਨੀਆ ਦਾ ਕੋਈ ਵੀ ਮੁਲਕ ਜਾਂ ਸਮਾਜ ਸ਼ਾਇਦ ਇਸ ਤੋਂ ਅਛੂਤਾ ਨਹੀਂ। ‘ਟਰਾਂਸਪੇਰੈਂਸੀ ਇੰਟਰਨੈਸ਼ਨਲ’ ਦੀ 2021 ਦੀ ਦਰਜਾਬੰਦੀ ਜੋ ਦੁਨੀਆ ਭਰ ਦੇ 180 ਦੇਸ਼ਾਂ ਬਾਰੇ ਹੈ, ਵਿਚ ਭਾਰਤ ਦਾ 85ਵਾਂ ਸਥਾਨ ਹੈ। ਇਸੇ ਸੰਸਥਾ ਦੀ 2005 ਦੀ ਰਿਪੋਰਟ ਮੁਤਾਬਿਕ 62% ਭਾਰਤੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ। ਜੇ ਹਾਲਾਤ ਇਹੀ ਰਹੇ ਤਾਂ ਦਰਜਾਬੰਦੀ ਹੋਰ ਥੱਲੇ ਜਾ ਸਕਦੀ ਹੈ ਅਤੇ ਲੋਕਾਂ ਦੀ ਰਿਸ਼ਵਤਖੋਰੀ ਦੀ ਫ਼ੀਸਦ ਵੀ ਵਧ ਸਕਦੀ ਹੈ। ਦੇਸ਼ ਵਿਚ ਹਜ਼ਾਰਾਂ ਕਰੋੜ ਦੇ ਵੱਡੇ ਘੁਟਾਲੇ ਕਰ ਕੇ ਕੁਝ ਲੋਕ ਵਿਦੇਸ਼ ਭੱਜ ਗਏ ਹਨ ਅਤੇ ਉਹਨਾਂ ਦੀ ਵਾਪਸ ਹਵਾਲਗੀ ਹੋਣ ਦੇ ਆਸਾਰ ਨਾ-ਮਾਤਰ ਹਨ।

ਪੰਜਾਬ ਵਿਚ ਭਾਵੇਂ ਲਗਭਗ ਸਾਰੇ ਮੁੱਖ ਧਰਮਾਂ ਦੀ ਹੋਂਦ ਹੈ ਪਰ ਸਿੱਖ ਧਰਮ ਬਹੁਲਤਾ ਵਿਚ ਹੈ। ਸਿੱਖ ਧਰਮ ਦੇ ਸਿਧਾਂਤ ਅਤੇ ਫਲਸਫਾ ਆਪਣੇ ਪੈਰੋਕਾਰਾਂ ਨੂੰ ਹੱਕ ਹਲਾਲ ਦੀ ਕਮਾਈ ਤੇ ਦੂਸਰਿਆਂ ਦੇ ਹੱਕ ਨਾ ਮਾਰਨ, ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ, ਜਾਦੂ ਟੂਣਿਆਂ, ਆਪਣੀ ਕਾਮਨਾ ਪੂਰਤੀ ਲਈ ਬਲੀਆਂ ਦੇਣ ਤੋਂ ਦੂਰੀ, ਉਚੇ ਜੀਵਨ ਮੁੱਲ ਧਾਰਨ ਕਰਨ ਅਤੇ ਅਮਲਾਂ ਵਿਚ ਸੱਚੇ ਵਿਹਾਰ ਦੀ ਤਾਕੀਦ ਕਰਦਾ ਹੈ। ਗੁਰ ਵਾਕ ਹੈ: ‘ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥’ ਵੱਢੀ ਜਾਂ ਹੱਕ ਮਾਰਨਾ ਇਸ ਦੁਨੀਆ ਵਿਚ ਮਾੜਾ ਹੋਣ ਦੇ ਨਾਲ ਨਾਲ ਆਪਣੇ ਪੂਰਵਜਾਂ ਨੂੰ ਵੀ ਚੋਰ ਬਣਾਉਣਾ ਹੈ। ਆਸਾ ਦੀ ਵਾਰ ਵਿਚ ਰੋਜ਼ ਪੜ੍ਹਿਆ ਜਾਂਦਾ ਹੈ: ‘ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥’ ਗੁਰੂ ਨਾਨਕ ਜੀ ਨੇ ਤਾਂ ਕਰਤਾਰਪੁਰ ਵਿਚ ਹੱਥੀਂ ਖੇਤੀ ਕਰ ਕੇ ਕਿਰਤ-ਕਮਾਈ ਦਾ ਅਜਿਹਾ ਮਾਡਲ ਦਿੱਤਾ ਜਿਸ ਨੂੰ ਜਗਤ ਮੰਨਦਾ ਹੈ। ਮਲਿਕ ਭਾਗੋ ਦੇ ਅੰਨ ਵਿਚੋਂ ਖੂਨ ਨਿਚੋੜਨਾ ਪਾਪ ਦੀ ਕਮਾਈ ’ਤੇ ਵੱਡਾ ਵਿਅੰਗ ਸੀ। ਬਾਬਾ ਫਰੀਦ ਜੀ ਦਾ ਕਥਨ ਹੈ: ‘ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥’ ਭਾਈ ਵੀਰ ਸਿੰਘ ਦੁਆਰਾ ਰਚਿਤ ਪੰਜਾਬੀ ਜ਼ਬਾਨ ਦਾ ਪਹਿਲਾ ਨਾਵਲ ‘ਸੁੰਦਰੀ’ ਸਿੱਖ ਧਰਮ ਦੇ ਉਚੇਰੇ ਤੇ ਸੱਚੇ ਮੁੱਲਾਂ ਬਾਰੇ ਨਿਵੇਕਲੀ ਕਿਰਤ ਹੈ। ਜੇ ਅਜੋਕੇ ਪੰਜਾਬੀ ਸਮਾਜ ‘ਤੇ ਨਜ਼ਰ ਮਾਰੀਏ ਤਾਂ ਹਾਲਾਤ ਬਹੁਤ ਨਿੱਘਰ ਗਏ ਲਗਦੇ ਹਨ। ਜਿਨ੍ਹਾਂ ਹਾਲਾਤ, ਅੰਧਵਿਸ਼ਵਾਸਾਂ ਤੇ ਮਾੜੇ ਕਰਮਾਂ ਤੋਂ ਗੁਰੂਆਂ ਨੇ ਵਰਜਿਆ, ਅੱਜ ਬਹੁਤੇ ਲੋਕ ਉਧਰ ਤੁਰ ਪਏ ਹਨ। ਦੇਸ਼, ਕੌਮ ਅਤੇ ਮਜ਼ਲੂਮਾਂ ਲਈ ਆਪਾ ਵਾਰਨ ਅਤੇ ਪਰਿਵਾਰ ਦੀ ਕਰਬਾਨੀ ਦੇਣ ਵਾਲੇ ਗੁਰੂਆਂ ਦੀ ਧਰਤੀ ’ਤੇ ਆਮ ਲੋਕਾਂ, ਜਨਤਕ ਸੰਸਥਾਵਾਂ ਅਤੇ ਕੁਦਰਤ ਦੀ ਲੁੱਟ ਕਿਸੇ ਕੋਲੋਂ ਛੁਪੀ ਨਹੀਂ। ਡੇਰਿਆਂ, ਅਖੌਤੀ ਬਾਬਿਆਂ ਤੇ ਸਮਾਜਿਕ ਵੰਡਾਂ ਦਾ ਵਧਣਾ ਪੰਜਾਬੀ ਅਤੇ ਸਿੱਖ ਸਮਾਜ ਲਈ ਹੋਰ ਵੀ ਦੁਖਦਾਈ ਹੈ। ਬੇਰੁਜ਼ਗਾਰਾਂ ਦਾ ਵਧ ਰਿਹਾ ਕੁਨਬਾ, ਨਸ਼ਾਖੋਰੀ, ਵੱਖ ਵੱਖ ਤਰ੍ਹਾਂ ਦੇ ਜੁਰਮ, ਆਤਮ-ਹੱਤਿਆਵਾਂ, ਬਲਾਤਕਾਰ ਆਦਿ ਕਰ ਕੇ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਧੁੰਦਲੀ ਜਾਪ ਰਹੀ ਹੈ। ਮੱਧਕਾਲੀ ਹਿੰਦੋਸਤਾਨ ਵਿਚ ਜਿਥੇ ਬੈਰੂਨੀ ਲੁੱਟ-ਖਸੁੱਟ ਤੇ ਬੁਰਛਾਗਰਦੀ ਕਾਰਨ ਪੰਜਾਬ ਦੀ ਹਾਲਤ ਮਾੜੀ ਸੀ, ਉਥੇ ਹੁਣ ਵਧੇਰੇ ਕਰ ਕੇ ਅੰਦਰੂਨੀ ਸ਼ਕਤੀਆਂ ਤੇ ਲੋਟੂਆਂ ਟੋਲਿਆਂ ਕਰ ਕੇ ਪੰਜਾਬ ਦੇ ਆਰਥਿਕ, ਸਿਆਸੀ, ਸਮਾਜਿਕ ਤੇ ਸਭਿਆਚਾਰਕ ਹਾਲਾਤ ਪੀੜਾ ਦੇਣ ਵਾਲੇ ਬਣ ਰਹੇ ਹਨ। ਬੇਬਾਕ ਸਿਰਮੌਰ ਸੂਫ਼ੀ ਕਵੀ ਬੁੱਲ੍ਹੇ ਸ਼ਾਹ ਦੇ ਅਠਾਰਵੀਂ ਸਦੀ ਵਿਚ ਬੋਲੇ ਸ਼ਬਦ ਅੱਜ ਵੀ ਪੰਜਾਬ ਲਈ ਢੁਕਵੇਂ ਲਗਦੇ ਹਨ: ‘ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ। ਬੁਰਾ ਹਾਲ ਹੋਇਆ ਪੰਜਾਬ ਦਾ।’

ਅੱਜ ਦੇ ਸਮੇਂ ਵਧ ਰਹੀ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਕਾਰਨਾਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਦਾਰਥਵਾਦ, ਤਕਨਾਲੋਜੀ ਦੀ ਆਮਦ, ਨਵੇਂ ਉਪਜ ਰਹੇ ਜੀਵਨ ਢੰਗ ਆਦਿ ਕਰ ਕੇ ਵਧ ਰਹੇ ਲਾਲਚ ਸਦਕਾ ਇਨਸਾਨ ਆਪਣੀ ਦੋ ਨੰਬਰ ਦੀ ਕਮਾਈ ਵਲ ਪ੍ਰੇਰਿਤ ਹੋ ਰਿਹਾ ਹੈ। ਟੈਕਸ ਚੋਰੀ ਆਮ ਹੋ ਗਈ ਹੈ। ਸੰਜਮੀ ਅਤੇ ਸਬਰ ਵਾਲੇ ਯੁੱਗ ਦੇ ਦਿਨ ਲਦ ਗਏ ਹਨ। ਹੁਣ ਤਾਂ ਪਦਾਰਥ ਇਕੱਠੇ ਕਰਨ ਅਤੇ ਦਿਖਾਵੇ ਦਾ ਸਮਾਂ ਆ ਗਿਆ ਹੈ। ਵਧੇਰੇ ਪਦਾਰਥਕ ਲੋੜਾਂ ਆਮ ਕਰ ਕੇ ਆਪਣੀ ਕਿਰਤ-ਕਮਾਈ ਵਿਚੋਂ ਪੂਰੀਆਂ ਨਹੀਂ ਹੁੰਦੀਆਂ, ਇਸ ਲਈ ਰਿਸ਼ਵਤਖੋਰੀ ਹੋਰ ਪੰਜੇ ਖਿਲਾਰ ਰਹੀ ਹੈ। ਕੁਝ ਲੋਕ ਕਰਜ਼ੇ ਲੈ ਕੇ ਆਸ਼ਾਵਾਂ ਦੀ ਪੂਰਤੀ ਕਰਨ ਲਈ ਸਾਰੀ ਉਮਰ ਆਰਥਿਕ ਬੋਝ ਥੱਲੇ ਦਿਨ ਕਟੀ ਕਰਦੇ ਹਨ। ਮੱਨੁਖੀ ਜੀਵਨ ਵਿਚ ਤਕਨਾਲੋਜੀ ਦੀ ਆਮਦ ਨੇ ਜੀਵਨ ਵਿਚ ਤਲਿੱਸਮ ਪੈਦਾ ਕਰ ਦਿੱਤਾ ਹੈ ਤੇ ਇਨਸਾਨ ਨੂੰ ਅੰਨ੍ਹੀ ਦੌੜ ਵਿਚ ਪਾ ਦਿੱਤਾ ਹੈ। ਕੋਈ ਸਮਾਂ ਸੀ, ਲੋਕ ਵੱਧ ਮਿਹਨਤ ਕਰਨ ’ਤੇ ਮਾਣ ਮਹਿਸੂਸ ਕਰਦੇ ਸਨ ਪਰ ਹੁਣ ਵਧੇਰੇ ਮਨੋਰੰਜਨ, ਸੁੱਖ ਮਾਣਨ ਜਾਂ ਪਦਾਰਥਾਂ ਦੀ ਇਕੱਤਰਤਾ ਦਾ ਮਾਣ ਕੀਤਾ ਜਾਂਦਾ ਹੈ। ਹੁਣ ਤਾਂ ਕੁਦਰਤ ਦੀਆਂ ਦਾਤਾਂ ਮਾਣਨ ਦੀ ਥਾਂ ਇਸ ਨੂੰ ਲੁੱਟਣ ਅਤੇ ਕੰਟਰੋਲ ਕਰਨ ’ਤੇ ਹੀ ਵਧੇਰੇ ਜ਼ੋਰ ਹੈ। ਲੁੱਟ ਭਾਵੇਂ ਕੁਦਰਤੀ ਬਨਸਪਤੀ, ਪਾਣੀ, ਪਹਾੜ, ਹਵਾ ਜਾਂ ਧਰਤੀ ਦੀ ਹੋਵੇ, ਕੋਈ ਚੰਗੀ ਖਬਰ ਕੰਨੀ ਨਹੀਂ ਪੈਂਦੀ। ਸਮਾਜਿਕ ਕਦਰਾਂ-ਕੀਮਤਾਂ ਦੇ ਰੋਲ ਦਾ ਘਟਣਾ, ਕਾਰਪੋਰੇਟ ਜਗਤ ਦੇ ਉਪਜਾਏ ਜਾ ਰਹੇ ਜੀਵਨ ਢਬ, ਵੱਖ ਵੱਖ ਤਰ੍ਹਾਂ ਦੇ ਮੀਡੀਆ ਰਾਹੀਂ ਮਨੁੱਖੀ ਸੋਚ ’ਤੇ ਕਾਬੂ, ਕਾਨੂੰਨ ਦਾ ਡਰ ਨਾ ਹੋਣਾ ਆਦਿ ਕਰ ਕੇ ਅੱਜ ਰਿਸ਼ਵਤਖੋਰੀ ਵਧ ਰਹੀ ਹੈ। ਜਾਪਦਾ ਹੈ ਕਿ ਹੁਣ ਮਨੁੱਖ ਸਮਾਜਿਕ ਪ੍ਰਾਣੀ ਨਾ ਰਹਿ ਕੇ ਆਰਥਿਕ ਪ੍ਰਾਣੀ ਬਣ ਗਿਆ ਹੈ।

ਵੱਢੀ ਜਾਂ ਰਿਸ਼ਵਤਖੋਰੀ ਦਾ ਸਮਾਜ ਉੱਤੇ ਵੱਖ ਵੱਖ ਰੂਪਾਂ ਵਿਚ ਚਿਰ-ਸਥਾਈ ਅਸਰ ਪੈਂਦਾ ਹੈ। ਇਸ ਵਿਚ ਸਭ ਤੋਂ ਅਹਿਮ ਹੈ- ਸਮਾਜਿਕ ਤੇ ਜਨਤਕ ਸੰਸਥਾਵਾਂ ਵਿਚੋਂ ਲੋਕਾਂ ਦਾ ਭਰੋਸਾ ਟੁੱਟਣਾ ਅਤੇ ਰਿਸ਼ਵਤਖੋਰੀ ਨੂੰ ਚੇਤਨ ਜਾਂ ਅਚੇਤਨ ਤੌਰ ’ਤੇ ਸਿਸਟਮ ਦਾ ਹਿੱਸਾ ਮੰਨ ਲੈਣਾ। ਬੇਭਰੋਸਗੀ ਕਾਰਨ ਸਮਾਜ ਵਿਚ ਆਪਾ-ਧਾਪੀ ਦਾ ਮਾਹੌਲ ਪਨਪਣ ਕਰ ਕੇ ਭ੍ਰਿਸ਼ਟਾਚਾਰ ਦੀ ਲਾਗ ਵਧਦੀ ਜਾਂਦੀ ਹੈ। ਸੰਸਾਰ ਵਿਚ ਅਜਿਹਾ ਕੋਈ ਮੁਲਕ ਨਹੀਂ ਜਿਸ ਨੇ ਅਜਿਹੇ ਮਾਹੌਲ ਵਿਚ ਤਰੱਕੀ ਕੀਤੀ ਹੋਵੇ ਬਲਕਿ ਇਸ ਤੋਂ ਉਲਟ ਅਜਿਹੇ ਦੇਸ਼ਾਂ ਵਿਚ ਗੁਲਾਮੀ, ਜਹਾਲਤ ਅਤੇ ਅਸੁਰੱਖਿਅਤਾ ਵਧੀ ਹੈ। ਅਮਰੀਕੀ ਰਾਸ਼ਟਰਪਤੀ ਜੋਅੲ ਬਾਇਡਨ ਮੁਤਾਬਿਕ ‘ਰਿਸ਼ਵਤਖੋਰੀ ਅਜਿਹਾ ਕੈਂਸਰ ਹੈ ਜੋ ਲੋਕਤੰਤਰ ਵਿਚ ਨਾਗਰਿਕਾਂ ਦੇ ਵਿਸ਼ਵਾਸ ਨੂੰ ਤਬਾਹ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਸਿਰਜਣਾਤਮਕ ਸ਼ਕਤੀ ਤੇ ਨਵੀਨਤਾ ਦੀ ਮੂਲ ਪ੍ਰਵਿਰਤੀ ਨੂੰ ਖਾ ਜਾਂਦਾ ਹੈ।’

ਸਾਡੇ ਸਮਾਜ ਵਿਚ ਹੁਣ ਆਮ ਲੋਕਾਂ ਵਲੋਂ ਬੱਚਿਆਂ ਨੂੰ ਛੇਤੀ ਛੇਤੀ ਬਾਹਰ ਭੇਜਣ ਪਿੱਛੇ ਸੰਸਥਾਵਾਂ ਵਿਚ ਬੇਭਰੋਸਗੀ ਦਾ ਵਾਤਾਵਰਨ ਬਹੁਤ ਹੱਦ ਤੱਕ ਜਿ਼ੰਮੇਵਾਰ ਹੈ। ਮੈਰਿਟ ਦਾ ਮੁੱਲ ਪੈਸ ਦੀ ਥਾਂ ਸਿਫਾਰਸ਼ ਕਲਚਰ, ਜੁਰਮਾਂ ਵਿਚ ਵਾਧਾ, ਗੈਂਗਸਟਰਵਾਦ, ਚੋਰੀਆਂ, ਠੱਗੀਆਂ, ਕਤਲਾਂ, ਬਲਾਤਕਾਰਾਂ ਆਦਿ ਦੀਆਂ ਖਬਰਾਂ ਸੁਣ ਕੇ ਅੱਜ ਲੋਕਾਂ ਦਾ ਦੇਸ਼ ਪ੍ਰੇਮ ਦੀ ਥਾਂ ਪਰਾ-ਦੇਸ਼ ਪ੍ਰੇਮ ਵਧ ਰਿਹਾ ਹੈ ਜਿਸ ਸਦਕਾ ਭ੍ਰਿਸ਼ਟਾਚਾਰੀ ਤਾਂ ਭਾਵੇਂ ਪ੍ਰਫਲਿਤ ਹੋਣ ਪਰ ਕਿਸੇ ਵੇਲੇ ਨਿਰਮਲ ਆਬਾਂ ਅਤੇ ਕੁਦਰਤੀ ਦਾਤਾਂ ਨਾਲ ਲਰਜ਼ਦੀ ਪੰਜਾਬ ਦੀ ਧਰਤ ਨੀਰਸਤਾ ਵੱਲ ਵਧ ਰਹੀ ਹੈ। ਨਸ਼ਾਖੋਰੀ, ਵਧ ਰਹੀਆਂ ਬਿਮਾਰੀਆਂ, ਭਾਈਚਾਰਕ ਸਾਂਝਾਂ ਦਾ ਟੁੱਟਣਾ ਹੋਰ ਗੰਭੀਰ ਸਿੱਟੇ ਹਨ। ਕਾਨੂੰਨ ਦੀ ਸਖਤੀ ਨਾਲ ਪਾਲਣਾ, ਭ੍ਰਿਸ਼ਟਾਚਾਰੀਆਂ ਨੂੰ ਮਿਸਾਲੀ ਸਜ਼ਾਵਾਂ, ਸਮਾਜ ਦੇ ਮੁਹਤਬਰਾਂ, ਖਾਸਕਰ ਸਿਆਸੀ ਲੀਡਰਾਂ ਦੇ ਕਿਰਦਾਰਾਂ ਦਾ ਉੱਚ ਰੋਲ ਮਾਡਲ ਬਣ ਕੇ ਅਤੇ ਸਿਸਟਮ ਵਿਚ ਭਰੋਸਗੀ ਪੈਦਾ ਕਰਨ ਨਾਲ ਹੀ ਸਮਾਜ ਤੇ ਦੇਸ਼ ਦੇ ਚੰਗੇਰੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਕਿਰਤ-ਕਮਾਈ ਦੀ ਵਿਸ਼ੇਸ਼ਤਾ ਬਾਰੇ ਵਾਰਿਸ ਸ਼ਾਹ ਦੇ ਬੋਲ ਯਾਦ ਰੱਖਣੇ ਚਾਹੀਦੇ ਹਨ:

ਵਾਰਿਸ ਸ਼ਾਹ ਨੇ ਬੇੜੇ ਪਾਰ ਤਿਨ੍ਹਾਂ ਦੇ

ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ।