ਰਿਸ਼ੀ ਸੂਨਕ ਵੱਲੋਂ ਪਰਿਵਾਰ ਦੇ ਧੰਨਵਾਦ ਨਾਲ ਚੋਣ ਮੁਹਿੰਮ ਖ਼ਤਮ

ਲੰਡਨ

ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਤੇ ਬਰਤਾਨਵੀ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਆਪਣੇ ਮਾਤਾ-ਪਿਤਾ ਤੇ ਪਤਨੀ ਅਕਸ਼ਤਾ ਮੂਰਤੀ ਵੱਲੋਂ ਮਿਲੀ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਆਪਣੀ ਚੋਣ ਮੁਹਿੰਮ ਸਮਾਪਤ ਕਰ ਦਿੱਤੀ ਹੈ। 

ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਸੂਨਕ ਦਾ ਮੁਕਾਬਲਾ ਵਿਦੇਸ਼ ਮੰਤਰੀ ਲਿਜ਼ ਟਰੱਸ ਨਾਲ ਹੈ। ਟੋਰੀ ਮੈਂਬਰਾਂ ਵੱਲੋਂ ਵੋਟ ਪਾਉਣ ਦਾ ਅਮਲ ਸ਼ੁੱਕਰਵਾਰ ਸ਼ਾਮ ਨੂੰ ਖ਼ਤਮ ਹੋ ਜਾਵੇਗਾ। ਵੋਟਾਂ ਦੀ ਗਿਣਤੀ ਮਗਰੋਂ ਨਵੇਂ ਬਰਤਾਨਵੀ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਹੋਵੇਗਾ, ਜਦੋਂਕਿ ਹਲਫ਼ਦਾਰੀ ਸਮਾਗਮ ਅਗਲੇ ਦਿਨ ਹੋਵੇਗਾ। ਭਾਰਤ ਮੂਲ ਦੇ ਸਾਬਕਾ ਚਾਂਸਲਰ ਰਿਸ਼ੀ ਸੂਨਕ ਨੇ ਬੁੱਧਵਾਰ ਰਾਤ ਨੂੰ ਲੰਡਨ ਦੇ ਵੈਂਬਲੀ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੋਣ ਮੁੁਹਿੰਮ ਦੌਰਾਨ ਪਰਿਵਾਰ ਵੱਲੋਂ ਮਿਲੀ ਹਮਾਇਤ ਲਈ ਧੰਨਵਾਦ ਕੀਤਾ। ਸੂਨਕ ਨੇ ਕਿਹਾ, ‘‘ਚੋਣ ਮੁਹਿੰਮ ਦਾ ਇਹ ਆਖਰੀ ਪੜਾਅ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਜਿਨ੍ਹਾਂ ਦੋ ਲੋਕਾਂ- ਮੇਰੀ ਮਾਂ ਤੇ ਪਿਤਾ, ਨੇ ਮੈਨੂੰ ਲੋਕ ਸੇਵਾ ਦੇ ਖੇਤਰ ਵਿੱਚ ਦਾਖ਼ਲ ਹੋਣ ਲਈ ਪ੍ਰੇਰਨਾ ਦਿੱਤੀ, ਅੱਜ ਰਾਤ ਉਹ ਇਥੇ ਮੌਜੂਦ ਹਨ।’’ ਸੂਨਕ ਦੇ ਪਿਤਾ ਯਸ਼ਵੀਰ ਪੇਸ਼ੇ ਵਜੋਂ ਡਾਕਟਰ ਜਦੋਂਕਿ ਮਾਂ ਊਸ਼ਾ ਫਾਰਮਾਸਿਸਟ ਹਨ। ਸਮਾਗਮ ਵਿੱਚ ਸੂਨਕ ਦੀ ਪਤਨੀ ਅਕਸ਼ਤਾ ਵੀ ਮੌਜੂਦ ਸੀ। ਅਕਸ਼ਤਾ ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਤੇ ਲੇਖਿਕਾ ਸੁਧਾ ਮੂਰਤੀ ਦੀ ਧੀ ਹੈ।