ਰਿਆਇਤੀ ਦਰਾਂ ’ਤੇ ਮਿਲੇਗਾ ‘ਭਾਰਤ ਆਟਾ’

ਰਿਆਇਤੀ ਦਰਾਂ ’ਤੇ ਮਿਲੇਗਾ ‘ਭਾਰਤ ਆਟਾ’

ਨਵੀਂ ਦਿੱਲੀ: ਦੀਵਾਲੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅੱਜ ਰਿਆਇਤੀ ਦਰਾਂ ’ਤੇ ਆਟਾ ਦੇਣ ਦੀ ਰਸਮੀ ਸ਼ੁਰੂਆਤ ਕੀਤੀ ਹੈ। ਇਸ ਤਹਤਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ‘ਭਾਰਤ ਆਟਾ’ ਦੇ ਬਰਾਂਡ ਹੇਠ ਕਣਕ ਦਾ ਆਟਾ 27.50 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਮੁਹੱਈਆ ਕਰਵਾਇਆ ਜਾਵੇਗਾ। ‘ਭਾਰਤ ਆਟਾ’ ਨੈਫੈੱਡ, ਐੱਨਸੀਸੀਐੱਫ ਅਤੇ ਕੇਂਦਰੀ ਭੰਡਾਰ ਵੱਲੋਂ 800 ਮੋਬਾਈਲ ਵੈਨਾਂ ਤੇ ਦੇਸ਼ ਭਰ ਵਿੱਚ 2000 ਵਿਕਰੀ ਕੇਂਦਰਾਂ ਰਾਹੀਂ ਵੇਚਿਆ ਜਾਵੇਗਾ। ਇਸ ਆਟੇ ਦਾ ਰਿਆਇਤੀ ਭਾਅ ਮਾਰਕੀਟ ਰੇਟ 36.70 ਪ੍ਰਤੀ ਕਿੱਲੋ ਤੋਂ ਘੱਟ ਹੈ। ਸਰਕਾਰ ਨੇ ਪੀਐੱਸਐਫ ਸਕੀਮ ਤਹਤਿ ਫਰਵਰੀ ’ਚ ਸਹਿਕਾਰੀ ਸੰਸਥਾਵਾਂ ਦੇ ਕੁਝ ਵਿਕਰੀ ਕੇਂਦਰਾਂ ਰਾਹੀਂ 18,000 ਟਨ ਆਟਾ 29.50 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਵੇਚਿਆ ਸੀ। ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਅੱਜ ਕਰਤਵਯਾ ਪਥ ਤੋਂ ‘ਭਾਰਤ ਆਟਾ’ ਦੀਆਂ 100 ਵੈਨਾਂ ਹਰੀ ਝੰਡੀ ਦਿਖਾਉਂਦਿਆਂ ਕਿਹਾ, ‘‘ਅਸੀਂ ਇਹ ਫ਼ੈਸਲਾ ਇਸ ਲਈ ਕੀਤਾ ਹੈ ਤਾਂ ਕਿ ਦੇਸ਼ ਵਿੱਚ ਹਰ ਜਗ੍ਹਾ ਲੋਕਾਂ ਨੂੰ ਆਟਾ 27.50 ਰੁਪਏ ਪ੍ਰਤੀ ਕਿੱਲੋ ਦੀ ਦਰ ’ਤੇ ਮਿਲ ਸਕੇ।’’