ਰਾਹੁਲ ਨੇ ਖੇਤ ’ਚ ਕੱਦੂ ਕਰ ਕੇ ਝੋਨਾ ਲਾਇਆ

ਰਾਹੁਲ ਨੇ ਖੇਤ ’ਚ ਕੱਦੂ ਕਰ ਕੇ ਝੋਨਾ ਲਾਇਆ

ਚੰਡੀਗੜ੍ਹ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਵੇਰੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਮਦੀਨਾ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨਾਲ ਸਮਾਂ ਬਿਤਾਇਆ। ਹਰਿਆਣਾ ਕਾਂਗਰਸ ਦੇ ਆਗੂ ਨੇ ਦੱਸਿਆ ਕਿ ਰਾਹੁਲ ਨੇ ਇਸ ਦੌਰਾਨ ਖੇਤਾਂ ਵਿੱਚ ਕੱਦੂ (ਟਰੈਕਟਰ ਚਲਾਇਆ) ਕੀਤਾ, ਝੋਨਾ ਲਾਇਆ ਅਤੇ ਮਜ਼ਦੂਰ ਔਰਤਾਂ ਵੱਲੋਂ ਲਿਆਂਦਾ ਭੋਜਨ ਛਕਿਆ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਜਦੋਂ ਪਿੰਡ ਵਿੱਚ ਸਵੇਰੇ 6.40 ਵਜੇ ਪਹੁੰਚੇ ਤਾਂ ਹਲਕੀ ਬੂੰਦਾਬਾਂਦੀ ਹੋ ਰਹੀ ਸੀ। ਉਹ ਇੱਥੇ ਲਗਪਗ ਢਾਈ ਘੰਟੇ ਰਹੇ।
ਸੋਨੀਪਤ ਦੇ ਗੋਹਾਣਾ ਤੋਂ ਕਾਂਗਰਸ ਵਿਧਾਇਕ ਜਗਬੀਰ ਸਿੰਘ ਮਲਿਕ ਨੇ ਕਿਹਾ, ‘‘ਇਹ ਦੌਰਾ ਅਚਾਨਕ ਕੀਤਾ ਗਿਆ ਸੀ।… ਉਨ੍ਹਾਂ ਖੇਤਾਂ ਵਿੱਚ ਕੰਮ ਕਰ ਰਹੇ ਪਿੰਡ ਵਾਸੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਰਾਹੁਲ ਜੀ ਨੇ ਝੋਨਾ ਵੀ ਲਾਇਆ ਅਤੇ ਟਰੈਕਟਰ ਵੀ ਚਲਾਇਆ।’’ ਵਿਧਾਇਕ ਨੇ ਕਿਹਾ, ‘‘ਸਾਨੂੰ ਉਨ੍ਹਾਂ ਦੇ ਦੌਰੇ ਬਾਰੇ ਅਗਾਊਂ ਜਾਣਕਾਰੀ ਨਹੀਂ ਸੀ ਪਰ ਅਸੀਂ ਅਤੀਤ ਵਿੱਚ ਵੀ ਉਨ੍ਹਾਂ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਭਾਵੇਂ ਉਹ ਟਰੱਕ ਡਰਾਈਵਰ ਹੋਣ, ਔਰਤਾਂ, ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਹੋਣ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਜਾਣਨ ਲਈ ਇਸ ਤਰ੍ਹਾਂ ਅਣਅਧਿਕਾਰਿਤ ਪੜਾਅ ਕਰਦੇ ਦੇਖਿਆ ਹੈ।’’ ਮਲਿਕ ਪਾਰਟੀ ਵਿਧਾਇਕ ਇੰਦੂਰਾਜ ਨਰਵਾਲ ਨਾਲ ਇੱਥੇ ਪੁੱਜੇ। ਰਾਹੁਲ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੇ ਸਮੇਂ ਇਸ ਪਿੰਡ ਵਿੱਚ ਰੁਕੇ। ਕਾਂਗਰਸ ਦੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਰਾਹੁਲ ਗਾਂਧੀ ਆਪਣੀ ਚਰਚਿਤ ਸਫੈਦ ਟੀ-ਸ਼ਰਟ ਅਤੇ ਟਰਾਊਜ਼ਰ ਵਿੱਚ ਨਜ਼ਰ ਆ ਰਹੇ ਹਨ। ਬੜੌਦਾ ਤੋਂ ਵਿਧਾਇਕ ਨਰਵਾਲ ਨੇ ਦੱਸਿਆ ਕਿ ਰਾਹੁਲ ਨੇ ਪਿੰਡ ਵਾਸੀਆਂ ਤੇ ਕਿਸਾਨਾਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਗੱਲਬਾਤ ਕੀਤੀ। –