ਰਾਹੁਲ ਗਾਂਧੀ ਨੇ ਜਲੰਧਰ ਤੋਂ ਮੁੜ ਆਰੰਭੀ ਯਾਤਰਾ

ਰਾਹੁਲ ਗਾਂਧੀ ਨੇ ਜਲੰਧਰ ਤੋਂ ਮੁੜ ਆਰੰਭੀ ਯਾਤਰਾ

ਦੇਵੀ ਤਲਾਬ ਮੰਦਰ ਵਿੱਚ ਨਤਮਸਤਕ ਹੋਏ ਰਾਹੁਲ ਗਾਂਧੀਵੀ ਤਲਾਬ ਮੰਦਰ ਵਿੱਚ ਨਤਮਸਤਕ ਹੋਏ ਰਾਹੁਲ ਗਾਂਧੀ
ਜਲੰਧਰ-ਰਾਹੁਲ ਗਾਂਧੀ ਨੇ ਅੱਜ ਬਾਅਦ ਦੁਪਹਿਰ ਦੇਵੀ ਤਲਾਬ ਮੰਦਰ ਵਿੱਚ ਮੱਥਾ ਟੇਕ ਕੇ ਲਾਇਲਪੁਰ ਖਾਲਸਾ ਕਾਲਜ ਤੋਂ ਮੁੜ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰ ਦਿੱਤੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਪੈਦਲ ਯਾਤਰਾ ਸ਼ਹਿਰ ਵਿੱਚੋਂ ਲੰਘੀ। ‘ਭਾਰਤ ਜੋੜੋ ਯਾਤਰਾ’ ਚੌਧਰੀ ਸੰਤੋਖ ਸਿੰਘ ਦੇ ਅਚਾਨਕ ਦੇਹਾਂਤ ਕਾਰਨ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਚੌਧਰੀ ਸੰਤੋਖ ਸਿੰਘ ਦੇ ਸਸਕਾਰ ਮਗਰੋਂ ਅੱਜ ਇਹ ਯਾਤਰਾ ਮੁੜ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਚੱਲੀ। ਲਾਇਲਪੁਰ ਖਾਲਸਾ ਕਾਲਜ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਯਾਤਰਾ ਵਿੱਚ ਸ਼ਾਮਲ ਹੋਏ ਤੇ ਉਹ ਰਾਹੁਲ ਗਾਂਧੀ ਨਾਲ ਕੁਝ ਦੂਰੀ ਤੱਕ ਪੈਦਲ ਵੀ ਚੱਲੇ।

ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੇ ਜੀਜਾ ਰੌਬਰਟ ਵਾਡਰਾ ਵੀ ਲਾਇਲਪੁਰ ਖਾਲਸਾ ਕਾਲਜ ਆਏ ਹੋਏ ਸਨ ਪਰ ਉਹ ਯਾਤਰਾ ਦੌਰਾਨ ਕਿਧਰੇ ਦਿਖਾਈ ਨਹੀਂ ਦਿੱਤੇ। ਸ਼ਹਿਰ ਵਿੱਚੋਂ ਲੰਘਦਿਆਂ ਰਾਹੁਲ ਗਾਂਧੀ ਹੱਥ ਹਿਲਾ ਕੇ ਲੋਕਾਂ ਨੂੰ ਸ਼ੁਭ ਇੱਛਾਵਾਂ ਦੇ ਰਹੇ ਸਨ। ਅੱਜ ਸ਼ਾਮ ਨੂੰ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ’ ਉੱਤੇ ਚੌਧਰੀ ਸੰਤੋਖ ਸਿੰਘ ਦੇ ਅਚਾਨਕ ਦੇਹਾਂਤ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਸੀ।

ਅੱਜ ਯਾਤਰਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਾਅਰਾ ਨਹੀਂ ਲੱਗਿਆ ਤੇ ਨਾ ਹੀ ਕੋਈ ਗੀਤ ਚਲਾਇਆ ਗਿਆ, ਜਦਕਿ ਇਸ ਤੋਂ ਪਹਿਲਾਂ ਇਹ ਸਾਰਾ ਕੁਝ ਯਾਤਰਾ ਦਾ ਅਹਿਮ ਹਿੱਸਾ ਬਣਿਆ ਹੋਇਆ ਸੀ। ਲਾਇਲਪੁਰ ਖਾਲਸਾ ਕਾਲਜ ਤੋਂ ਸ਼ੁਰੂ ਹਈ ਇਹ ਯਾਤਰਾ ਬੀਐੱਸਐੱਫ ਚੌਕ ਤੋਂ ਹੁੰਦੀ ਹੋਈ ਲਾਡੋਵਾਲੀ ਰੋਡ, ਅਲਾਸਕਾ ਚੌਕ, ਰੇਲਵੇ ਸਟੇਸ਼ਨ, ਦਮੋਰੀਆ ਪੁਲ, ਕਿਸ਼ਨਪੁਰਾ, ਦੋਆਬਾ ਚੌਕ, ਕੇਐੱਮਵੀ ਕਾਲਜ ਦੇ ਸਾਹਮਣੇ ਤੋਂ ਪਠਾਨਕੋਟ ਚੌਕ ਵਿੱਚੋਂ ਲੰਘੀ। ਵੱਖ-ਵੱਖ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇਸੇ ਦੌਰਾਨ ਆਰਥਿਕ ਮਾਮਲਿਆਂ ਦੇ ਮਾਹਿਰ ਦਵਿੰਦਰ ਸ਼ਰਮਾ ਵੀ ਯਾਤਰਾ ਵਿੱਚ ਸ਼ਾਮਲ ਹੋਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਯਾਤਰਾ ਵਿੱਚ ਸ਼ਾਮਲ ਹੋਣ ਲਈ ਸਦਾ ਪੱਤਰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਉਪਰਾਲਿਆਂ ’ਤੇ ਚਰਚਾ ਕੀਤੀ ਜਾਵੇ। ਇਸ ਤੋਂ ਪਹਿਲਾਂ ਯਾਤਰਾ ਵਿੱਚ ਸ਼ਾਮਲ ਹੋਏ ਬਲਕੌਰ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਭੇਟ ਕੀਤੀ।

ਰਾਹੁਲ ਨੂੰ ਦੇਖਣ ਲਈ ਸ਼ਹਿਰਾਂ ਤੇ ਕਸਬਿਆਂ ਤੋਂ ਪੁੱਜੇ ਲੋਕ

ਯਾਤਰਾ ਦੇ ਸਵਾਗਤ ਲਈ ਇਕੱਲੇ ਜਲੰਧਰ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੋਂ ਕਾਂਗਰਸੀ ਵਰਕਰ ਪਹੁੰਚੇ ਹੋਏ ਸਨ। ਕੁਝ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਿਰਫ਼ ਰਾਹੁਲ ਗਾਂਧੀ ਨੂੰ ਦੇਖਣ ਆੲੇ ਹੋਏ ਸਨ ਕਿ ਇੰਨਾ ਵੱਡਾ ਲੀਡਰ ਕਿਵੇਂ ਸੜਕਾਂ ’ਤੇ ਘੁੰਮ ਰਿਹਾ ਹੈ। ਕੁਝ ਲੋਕਾਂ ਨੇ ਦੱਸਿਆ ਕਿ ਉਹ ਰਾਹੁਲ ਗਾਂਧੀ ਨੂੰ ਦੇਖਣ ਲਈ ਹੀ ਆਏ ਸਨ ਪਰ ਉਸ ਦੇ ਆਲੇ-ਦੁਆਲੇ ਪੁਲੀਸ ਅਤੇ ਕਾਂਗਰਸੀ ਵਰਕਰ ਜ਼ਿਆਦਾ ਹੋਣ ਕਾਰਨ ਰਾਹੁਲ ਕਿਤੇ ਦਿਖਾਈ ਹੀ ਨਹੀਂ ਦਿੱਤਾ। ਰਾਹੁਲ ਗਾਂਧੀ ਦੀ ਯਾਤਰਾ ਕਾਰਨ ਪੀਏਪੀ, ਰਾਮਾ ਮੰਡੀ ਤੇ ਹੋਰ ਥਾਵਾਂ ’ਤੇ ਟਰੈਫਿਕ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ ਹੋ ਗਏ। ਨੈਸ਼ਨਲ ਹਾਈਵੇਅ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਯਾਤਰਾ ਵਿੱਚ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਵਿਧਾਇਕ ਸ਼ੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਵੀ ਸ਼ਾਮਲ ਹੋਏ।

ਸਿੱਬਲ ਵੱਲੋਂ ਭਾਰਤ ਜੋੜੋ ਯਾਤਰਾ ਤੇ ਰਾਹੁਲ ਦੀ ਸ਼ਲਾਘਾ

ਕਾਂਗਰਸ ਦੇ ਸਾਬਕਾ ਆਗੂ ਕਪਿਲ ਸਿੱਬਲ ਨੇ ਅੱਜ ਭਾਰਤ ਜੋੜੋ ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਮਾਜ ਦੇ ਵੱਖ-ਵੱਖ ਤਬਕਿਆਂ ਨੂੰ ਨਾਲ ਲਿਆਉਣ ’ਚ ਕਾਮਯਾਬ ਰਹੇ ਹਨ ਅਤੇ ਉਨ੍ਹਾਂ ਇਹ ਅਹਿਸਾਸ ਕਰਵਾਇਆ ਹੈ ਕਿ ਦੇਸ਼ ’ਚ ਏਕਤਾ ਕਿੰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਕਾਮਯਾਬ ਹੁੰਦੀ ਪ੍ਰਤੀਤ ਹੁੰਦੀ ਹੈ ਅਤੇ ਇਸ ਨੂੰ ਗ਼ੈਰ-ਕਾਂਗਰਸੀ ਲੋਕਾਂ ਤੋਂ ਵੀ ਹਮਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਵਿਚਾਰਕ ਤੌਰ ’ਤੇ ਇਹ ਯਾਤਰਾ ਇੱਕ ਸ਼ਾਨਦਾਰ ਵਿਚਾਰ ਹੈ ਅਤੇ ਇਹ ਯਾਤਰਾ ਅਜਿਹੀ ਹੈ ਜਿਸ ਦੀ ਸ਼ਲਾਘਾ ਕੀਤੇ ਜਾਣ ਦੀ ਲੋੜ ਹੈ।