ਰਾਸ਼ਟਰਪਤੀ ਰਾਜ ਲਈ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੀਆਂ ਨੇ ਅੰਦਰੂਨੀ ਤਾਕਤਾਂ: ਵੜਿੰਗ

ਰਾਸ਼ਟਰਪਤੀ ਰਾਜ ਲਈ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੀਆਂ ਨੇ ਅੰਦਰੂਨੀ ਤਾਕਤਾਂ: ਵੜਿੰਗ

ਪਟਿਆਲਾ- ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਕੁਝ ਅੰਦਰੂਨੀ ਤਾਕਤਾਂ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਲਈ ਮਾਹੌਲ ਖ਼ਰਾਬ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਨਹੀਂ ਰੱਖ ਸਕੀ ਅਤੇ ਸਰਕਾਰ ਹਰ ਮੁਹਾਜ਼ ’ਤੇ ਫੇਲ੍ਹ ਹੋ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਸਰਕਾਰ ਨਹੀਂ ਹੈ, ਕਿਉਂਕਿ ਸੂਬੇ ਦੀ ਕਮਾਨ ‘ਆਪ’ ਦੀ ਦਿੱਲੀ ਲੀਡਰਸ਼ਿਪ ਦੇ ਹੱਥਾਂ ਵਿੱਚ ਹੈ। ਉਹ ਅੱਜ ਇਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਦੇ ਤਾਜਪੋਸ਼ੀ ਸਮਾਗਮ ਵਿਚ ਆਏ ਸਨ। ਸ੍ਰੀ ਵੜਿੰਗ ਨਵਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੇ ਦਫ਼ਤਰਾਂ ਦੇ ਉਦਘਾਟਨੀ ਸਮਾਗਮਾਂ ਵਿੱਚ ਵੀ ਸ਼ਾਮਲ ਹੋਏ। ਹਰਵਿੰਦਰ ਖਨੌੜਾ ਦੀ ਅਗਵਾਈ ਹੇਠਾਂ ਮਿੰਨੀ ਸਕੱਤਰੇਤ ਨੇੜੇ ਹੋਏ ਸਮਾਗਮ ’ਚ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਵਿਸ਼ਾਲ ਇਕੱਤਰਤਾ ਲਈ ਜਿਥੇ ਖਨੌੜਾ ਦੀ ਪਿੱਠ ਥਾਪੜੀ, ਉਥੇ ਹੀ ਇਹ ਵੀ ਕਿਹਾ ਕਿ ਪਹਿਲਾਂ ਕਮਰਸ਼ੀਅਲ ਵਿਚਾਰਧਾਰਾ ਵਾਲ਼ਿਆਂ ਨੇ ਕਾਂਗਰਸ ਦਾ ਵਧੇਰੇ ਨੁਕਸਾਨ ਕੀਤਾ ਹੈ। ਕਿਉਂਕਿ ਉਨ੍ਹਾਂ ਵਰਕਰਾਂ ਨੂੰ ਦੋ ਦਹਾਕੇ ਤੱਕ ਉਨ੍ਹਾਂ ਦੇ ਹਾਲ ’ਤੇ ਛੱਡੀ ਰੱਖਿਆ, ਜਿਸ ਕਾਰਨ ਉਹ ਨਿਰਾਸ਼ ਸਨ ਪਰ ਫੇਰ ਵੀ ਵਰਕਰ ਕਾਂਗਰਸ ਨਾਲ ਖੜ੍ਹੇ ਹਨ। ਇਹ ਵੱਖਰੀ ਗੱਲ ਹੈ ਕਿ ਕਈ ਆਗੂ ਨਿੱਜੀ ਮੁਫ਼ਾਦਾਂ ਲਈ ਪਾਲਾ ਬਦਲ ਗਏ ਹਨ। ਹੁਣ ਪਾਰਟੀ ਦੇ ਬਜ਼ੁਰਗ ਆਗੂਆਂ ਦੇ ਆਸ਼ੀਰਵਾਦ ਅਤੇ ਵਫਾਦਾਰ ਸਿਪਾਹੀਆਂ ਦੀ ਮਦਦ ਨਾਲ਼ ਕਾਂਗਰਸ ’ਚ ਨਵੀਂ ਰੂਹ ਫੂਕੀ ਜਾ ਰਹੀ ਹੈ। ਉਨ੍ਹਾਂ ਸ੍ਰੀ ਖਨੌੜਾ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ਜ਼ਮੀਨ ਨਾਲ ਜੁੜੇ ਅਜਿਹੇ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਦੇ ਕੰਮਾਂ ਦੀ ਸਮੀਖਿਆ ਹੋਵੇਗੀ। ਵਧੀਆ ਕਾਰਗੁਜ਼ਾਰੀ ਨਾ ਦਿਖਾਉਣ ਵਾਲ਼ਿਆਂ ਨੂੰ ਬਦਲ ਦਿੱਤਾ ਜਾਵੇਗਾ। ਇਹੀ ਨਿਯਮ ਉਨ੍ਹਾਂ ’ਤੇ ਵੀ ਲਾਗੂ ਹੁੰਦੇ ਹਨ ਤੇ ਜੇਕਰ ਕਿਸੇ ਕਾਰਨ ਹਾਈ ਕਮਾਨ ਉਨ੍ਹਾਂ ਨੂੰ ਹਟਾਅ ਦਿੰਦੀ ਹੈ, ਤਾਂ ਉਹ ਰੁਸ ਕੇ ਘਰ ਬੈਠਣ ਦੀ ਬਜਾਏ ਵਾਗਡੋਰ ਸੰਭਾਲਣ ਵਾਲ਼ੇ ਆਗੂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਖਨੌੜਾ ਤੇ ਨਰੇਸ਼ ਦੁੱਗਲ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ਼ ਨਿਭਾਉਣ ਦਾ ਭਰੋਸਾ ਦਿਵਾਇਆ।

ਇਸ ਮੌਕੇ ਸਾਬਕਾ ਮੰਤਰੀਆਂ ਲਾਲ਼ ਸਿੰਘ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ, ਹਲਕਾ ਇੰਚਾਰਜ ਹੈਰੀਮਾਨ, ਮੋਹਿਤ ਮਹਿੰਦਰਾ, ਵਿਸ਼ਨੂੰ ਸ਼ਰਮਾ ਦਰਬਾਰਾ ਸਿੰਘ ਸ਼ੁਤਰਾਣਾ, ਰਿੱਕੀ ਮਾਨ, ਗੁਰਸ਼ਰਨ ਕੌਰ ਰੰਧਾਵਾ, ਅਸ਼ਵਨੀ ਬੱਤਾ, ਸਤਬੀਰ ਖੱਟੜਾ, ਧਰਮਾ ਪਹਾੜਪੁਰ, ਸੁਖਪਾਲ ਸਿੱਧੂਵਾਲ, ਰਘਬੀਰ ਖੱਟੜਾ, ਗੁਰਦੀਪ ਕੌਰ ਖਨੌੜਾ, ਗੌਰਵ ਸੰਧੂ ਆਦਿ ਵੀ ਮੌਜੂਦ ਸਨ।