ਰਾਸ਼ਟਰਪਤੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਰਾਸ਼ਟਰਪਤੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦੇਸ਼ ਦੀ ਖੁਸ਼ਹਾਲੀ, ਤਰੱਕੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਵਿਖੇ ਵੀ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਮ੍ਰਿਤਸਰ ਦੌਰੇ ’ਤੇ ਰਾਸ਼ਟਰਪਤੀ ਮੁਰਮੂ ਮਗਰੋਂ ਸ੍ਰੀ ਦੁਰਗਿਆਣਾ ਮੰਦਰ ਅਤੇ ਇਤਿਹਾਸਕ ਰਾਮ ਤੀਰਥ ਮੰਦਰ ਵਿਖੇ ਵੀ ਨਤਮਸਤਕ ਹੋੲੇ। ਇਸ ਦੌਰਾਨ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਸ਼ਾਮਲ ਸਨ।

ਸ੍ਰੀ ਦਰਬਾਰ ਸਾਹਿਬ ਪਹੁੰਚਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਰਾਸ਼ਟਰਪਤੀ ਮੁਰਮੂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ‘ਜੀ ਆਇਆਂ’ ਕਿਹਾ। ਰਾਸ਼ਟਰਪਤੀ ਦੋ ਘੰਟੇ ਤੋਂ ਵੱਧ ਸਮਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹੇ। ਉਨ੍ਹਾਂ ਨੇ ਦੇਸ਼ ਵਿਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਇਸ ਰੂਹਾਨੀ ਅਸਥਾਨ ਬਾਰੇ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਉਨ੍ਹਾਂ ਯਾਤਰੂ ਕਿਤਾਬ ਵਿੱਚ ਲਿਖਿਆ, ‘‘ਇਸ ਪਵਿੱਤਰ ਅਸਥਾਨ ’ਤੇ ਆ ਕੇ ਮੈਂ ਬਹੁਤ ਖੁਸ਼ ਹਾਂ, ਇਹ ਅਸਥਾਨ ਸੁੰਦਰ ਭਵਨ ਉਸਾਰੀ ਕਲਾ ਅਤੇ ਰੂਹਾਨੀ ਸ਼ਾਂਤੀ ਵਾਲਾ ਹੈ, ਜਿੱਥੇ ਸ਼ਾਂਤੀ ਅਤੇ ਆਪਸੀ ਸਦਭਾਵਨਾ ਦੀਆਂ ਭਾਵਨਾਵਾਂ ਉਜਾਗਰ ਹੁੰਦੀਆਂ ਹਨ।’’ ਉਨ੍ਹਾਂ ਕਿਹਾ ਕਿ ਖਾਸ ਕਰਕੇ ਲੰਗਰ ਘਰ ਵਿੱਚ ਸ਼ਰਧਾਲੂਆਂ ਨੂੰ ਸੇਵਾ ਅਤੇ ਸ਼ਰਧਾ ਭਾਵਨਾ ਨਾਲ ਨਿਸ਼ਕਾਮ ਸੇਵਾ ਕਰਦਿਆਂ ਦੇਖ ਕੇ ਖੁਸ਼ੀ ਹੋਈ ਹੈ। ਉਨ੍ਹਾਂ ਪ੍ਰਾਰਥਨਾ ਕੀਤੀ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਲਈ ਪ੍ਰੇਰਿਤ ਕਰਦੀਆਂ ਰਹਿਣ।
ਇਸ ਤੋਂ ਪਹਿਲਾਂ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ ਵਿਖੇ ਨਤਮਸਤਕ ਹੋਣ ਸਮੇਂ ਰੁਮਾਲਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕੀਤੀ। ਉਨ੍ਹਾਂ ਕੁਝ ਦੇਰ ਗੁਰਬਾਣੀ ਦਾ ਕੀਰਤਨ ਸੁਣਿਆ। ਗੁਰੂ ਘਰ ਅੰਦਰ ਉਨ੍ਹਾਂ ਨੂੰ ਪਤਾਸਾ ਪ੍ਰਸ਼ਾਦ ਅਤੇ ਫੁੱਲਾਂ ਦਾ ਹਾਰ ਦੇ ਕੇ ਸਨਮਾਨ ਦਿੱਤਾ ਗਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਵੀ ਮੱਥਾ ਟੇਕਿਆ। ਬਾਅਦ ਵਿੱਚ ਲੰਗਰ ਘਰ ਗਏ ਅਤੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਉਨ੍ਹਾਂ ਲੰਗਰ ਘਰ ਵਿੱਚ ਚੱਲ ਰਹੀ ਸੇਵਾ ਨੂੰ ਵੀ ਦੇਖਿਆ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਚੜ੍ਹਾਏ ਗਏ ਸੋਨੇ ਬਾਰੇ ਵਿਸ਼ੇਸ਼ ਰੁਚੀ ਦਿਖਾਈ ਅਤੇ ਪੁੱਛਿਆ ਕਿ ਇਹ ਕਦੋਂ ਤੇ ਕਿਵੇਂ ਚੜਾਇਆ ਗਿਆ ਸੀ। ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਾਲ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਦਰਬਾਰ ਸਾਹਿਬ ਦਾ ਮਾਡਲ ਤੇ ਸੋਨੇ ਦਾ ਯਾਦਗਾਰੀ ਸਿੱਕਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ। ਮੁੱਖ ਮੰਤਰੀ, ਰਾਜਪਾਲ ਤੇ ਹੋਰਨਾਂ ਨੇ ਰਾਸ਼ਟਰਪਤੀ ਨੂੰ ਹਵਾਈ ਅੱਡੇ ਉੱਤੇ ਜੀ ਆਇਆਂ ਕਿਹਾ। ਇਸ ਦੌਰੇ ਦੌਰਾਨ ਉਹ ਰਾਸ਼ਟਰਪਤੀ ਦੇ ਨਾਲ ਰਹੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਅੰਮ੍ਰਿਤਸਰ ਵਿਚ ਪੰਜਾਬੀਆਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੈ ਅਤੇ ਗੁਰੂ-ਘਰ ਤੋਂ ਆਸ਼ੀਰਵਾਦ ਲਿਆ ਹੈ, ਜਿਸ ’ਤੇ ਸੂਬਾ ਸਰਕਾਰ ਮਾਣ ਮਹਿਸੂਸ ਕਰਦੀ ਹੈ। ਰਾਸ਼ਟਰਪਤੀ ਇਤਿਹਾਸਕ ਜਲ੍ਹਿਆਂਵਾਲਾ ਬਾਗ ਵੀ ਗਏ, ਜਿੱਥੇ ਉਨ੍ਹਾਂ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾ ਭੇਟ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਬਾਅਦ ਵਿੱਚ ਉਹ ਦੁਰਗਿਆਨਾ ਮੰਦਿਰ ਗਏ ਜਿੱਥੇ ਮੰਦਿਰ ਕਮੇਟੀ ਦੀ ਮੁਖੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਸਨਮਾਨਿਤ ਕੀਤਾ। ਉਹ ਇਤਿਹਾਸਕ ਰਾਮ ਤੀਰਥ ਮੰਦਰ ਵਿਖੇ ਵੀ ਮੱਥਾ ਟੇਕਣ ਗਏ। ਇਸ ਦੌਰਾਨ ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ੍ਰੀ ਦੁਰਗਿਆਨਾ ਮੰਦਰ ਦੇ ਖੁੱਲ੍ਹਣ ਦਾ ਸਮਾਂ 3 ਵਜੇ ਹੋਣ ਕਾਰਨ ਰਾਸ਼ਟਰਪਤੀ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਕੁਝ ਵਾਧੂ ਸਮਾਂ ਰੁਕਣਾ ਪਿਆ। ਨਿਰਧਾਰਿਤ ਪ੍ਰੋਗਰਾਮ ਮੁਤਾਬਕ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਲਗਪਗ ਡੇਢ ਘੰਟਾ ਰੁਕਣਾ ਸੀ, ਪਰ ਇਸ ਕਾਰਨ ਉਨ੍ਹਾਂ ਨੂੰ ਦੋ ਘੰਟੇ ਤੋਂ ਵੱਧ ਸਮਾਂ ਰੁਕਣਾ ਪਿਆ।

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਤੇ ਹਰਿਆਣਾ ਗੁਰਦੁਆਰਾ ਐਕਟ ਰੱਦ ਕਰਨ ਦੀ ਮੰਗ ਰੱਖੀ

ਅੰਮ੍ਰਿਤਸਰ:
ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲ ਅੱਜ ਬੰਦੀ ਸਿੱਖਾਂ ਦੀ ਰਿਹਾਈ ਅਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਲਈ ਬਣਾਏ ਗਏ ਐਕਟ ਨੂੰ ਰੱਦ ਕਰਨ ਦੀ ਮੰਗ ਰੱਖੀ ਹੈ, ਜਿਸ ਦਾ ਰਾਸ਼ਟਰਪਤੀ ਵੱਲੋਂ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ। ਇਹ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰਨਾਂ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਨੂੰ ਦੋ ਵੱਖ ਵੱਖ ਮੰਗ ਪੱਤਰ ਦਿੱਤੇ ਅਤੇ ਗੱਲਬਾਤ ਵੀ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਬੜੇ ਸਹਿਜ ਸੁਭਾਅ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਹੈ ਅਤੇ ਹਾਂ-ਪੱਖੀ ਹੁੰਗਾਰਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਰਾਸ਼ਟਰਪਤੀ ਨੇ ਇੰਨਾ ਖੁੱਲ੍ਹਾ ਸਮਾਂ ਦਿੱਤਾ ਅਤੇ ਖੁੱਲ੍ਹ ਕੇ ਗੱਲਬਾਤ ਵੀ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਰਾਸ਼ਟਰਪਤੀ ਇਨ੍ਹਾਂ ਮੰਗਾਂ ਨੂੰ ਜ਼ਰੂਰ ਪੂਰਾ ਕਰਨਗੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਲੰਮੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਵੀ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹ ਮਨੁੱਖੀ ਅਧਿਕਾਰਾਂ ਦਾ ਵੱਡਾ ਉਲੰਘਣ ਹੈ। ਰਾਸ਼ਟਰਪਤੀ ਪਾਸੋਂ ਮੰਗ ਕੀਤੀ ਗਈ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਸਰਕਾਰ ਨੂੰ ਬੰਦੀ ਸਿੱਖ ਰਿਹਾਅ ਕਰਨ ਲਈ ਆਦੇਸ਼ ਜਾਰੀ ਕਰਨ। ਦੂਸਰੇ ਮੰਗ ਪੱਤਰ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।