ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਹੋਰਨਾਂ ਆਗੂਆਂ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਹੋਰਨਾਂ ਆਗੂਆਂ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ

ਬਾਬਾ ਸਾਹਿਬ ਦੇ ਸੰਘਰਸ਼ ਨੇ ਲੱਖਾਂ ਲੋਕਾਂ ਦੀਆਂ ਉਮੀਦਾਂ ਜਗਾਈਆਂ: ਮੋਦੀ;

ਖੜਗੇ ਤੇ ਰਾਹੁਲ ਨੇ ਟਵੀਟ ਕਰ ਕੇ ਿਦੱਤੀ ਸ਼ਰਧਾਂਜਲੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ ਨਿਰਮਾਤਾ ਬੀ ਆਰ ਅੰਬੇਡਕਰ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਨੇ ਲੱਖਾਂ ਲੋਕਾਂ ਨੂੰ ਉਮੀਦ ਦਿੱਤੀ। ਉਨ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਸੰਸਦੀ ਕੰਪਲੈਕਸ ਵਿੱਚ ਡਾ. ਅੰਬੇਡਕਰ ਦੀ ਤਸਵੀਰ ’ਤੇ ਫੁੱਲ੍ਹ ਚੜ੍ਹਾਏ। ਸੋਨੀਆ ਗਾਂਧੀ ਅਤੇ ਹੋਰ ਮੰਤਰੀਆਂ ਨੇ ਵੀ ਸੰਸਦ ਵਿੱਚ ਡਾਕਟਰ ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘‘ ਮਹਾਪ੍ਰੀਨਿਰਵਾਣ ਦਿਵਸ ’ਤੇ, ਮੈਂ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਉਨ੍ਹਾਂ ਦੀ ਰਾਸ਼ਟਰ ਸੇਵਾ ਨੂੰ ਚੇਤੇ ਕਰਦਾ ਹਾਂ। ਉਨ੍ਹਾਂ ਦੇ ਸੰਘਰਸ਼ ਨੇ ਲੱਖਾਂ ਲੋਕਾਂ ਨੂੰ ਉਮੀਦ ਦਿੱਤੀ ਅਤੇ ਭਾਰਤ ਨੂੰ ਇੰਨਾ ਵਿਆਪਕ ਸੰਵਿਧਾਨ ਦੇਣ ਲਈ ਕੀਤੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ‘‘ ਬਾਬਾ ਸਾਹਿਬ ਦੇ ਮਹਾਪ੍ਰੀਨਿਰਵਾਣ ਦਿਵਸ ’ਤੇ, ਇਹ ਸਮਾਂ ਆਜ਼ਾਦੀ, ਸਮਾਨਤਾ, ਭਾਈਚਾਰਕ ਸਾਂਝ ਅਤੇ ਨਿਆਂ ਦੇ ਆਦਰਸ਼ਾਂ ਦੀ ਤਸਦੀਕ ਕਰਨ ਦਾ ਹੈ ਜਿਸ ਦੇ ਉਹ ਸੱਚੇ ਹਮਾਇਤੀ ਸਨ।’’ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸਾਰੇ ਪਹਿਲਾਂ ਅਤੇ ਅਖੀਰ ਵਿੱਚ ਭਾਰਤੀ ਹਾਂ ਅਤੇ ਜੋ ਕੁਝ ਇਸ ਦੇ ਉਲਟ ਹੈ, ਉਹ ਬਾਬਾ ਸਾਹਿਬ ਨੂੰ ਮਨਜ਼ੂਰ ਨਹੀਂ ਸੀ ਤੇ ਇਹ ਸਾਨੂੰ ਵੀ ਮਨਜ਼ੂਰ ਨਹੀਂ ਜੋ ਉਨ੍ਹਾਂ ਦੀ ਸੰਵਿਧਾਨਕ ਰਾਹ ’ਤੇ ਚਲ ਰਹੇ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਜ਼ਰਤਗੰਜ ਇਲਾਕੇ ਵਿੱਚ ਅੰਬੇਡਕਰ ਦੇ ਬੁੱਤ ’ਤੇ ਹਾਰ ਪਾ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਨਾਂ ’ਤੇ ਵਿਸ਼ਾਲ ਸਭਿਆਚਾਰਕ ਕੇਂਦਰ ਤੇ ਯਾਦਗਾਰ ਬਣਾਏਗੀ। ਬਹੁਜਨ ਸਮਾਜ ਪਾਰਟੀ ਪ੍ਰਮੁੱਖ ਮਾਇਆਵਤੀ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਲੋਕ ਭਲਾਈ ਲਈ ਸੰਵਿਧਾਨ ਦੇ ਆਦਰਸ਼ਾਂ ਨੂੰ ਜ਼ਮੀਨੀ ਹਕੀਕਤ ਵਿੱਚ ਬਦਲਣ ਵਿੱਚ ਦੇਸ਼ ਦੀਆਂ ਸਰਕਾਰਾਂ ਦੀ ਅਸਫਲਤਾ ਦੁਖਦਾਈ ਅਤੇ ਚਿੰਤਾਜਨਕ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿੱਚ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚਲ ਰਹੀ ਹੈ ਅਤੇ ਉਹ ਸਭਨਾਂ ਤੋਂ ਅਪੀਲ ਕਰਦੇ ਹਨ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ ਭਰੇ ਜੀਵਨ ਤੋਂ ਪ੍ਰੇਰਣਾ ਲੈਣ।