ਰਾਸ਼ਟਰਪਤੀ ਚੋਣ: ਪੰਜਾਬ ਦੇ 114 ਵਿਧਾਇਕਾਂ ਨੇ ਪਾਈਆਂ ਵੋਟਾਂ

ਰਾਸ਼ਟਰਪਤੀ ਚੋਣ: ਪੰਜਾਬ ਦੇ 114 ਵਿਧਾਇਕਾਂ ਨੇ ਪਾਈਆਂ ਵੋਟਾਂ

ਚੰਡੀਗੜ੍ਹ – ਪੰਜਾਬ ਵਿਚ ਅੱਜ ਰਾਸ਼ਟਰਪਤੀ ਚੋਣਾਂ ਲਈ ਪੰਜਾਬ ਵਿਧਾਨ ਸਭਾ ਦੇ 114 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪਾਉਣ ਦਾ ਅਮਲ ਸ਼ਾਮ ਪੰਜ ਵਜੇ ਤੱਕ ਚੱਲਿਆ। ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ’ਚੋਂ ਤਿੰਨ ਵਿਧਾਇਕਾਂ ਨੇ ਅੱਜ ਵੋਟ ਦੇ ਹੱਕ ਦੀ ਵਰਤੋਂ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਚੋਣਾਂ ਦਾ ਬਾਈਕਾਟ ਕੀਤਾ ਜਦੋਂ ਕਿ ਹਲਕਾ ਸ਼ਾਹਕੋਟ ਤੋਂ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਅਤੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਵੋਟ ਨਹੀਂ ਪਾਈ। ਡਾ.ਚੱਬੇਵਾਲ ਵਿਦੇਸ਼ ਗਏ ਹੋਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੁਪਹਿਰ ਵਕਤ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿਚ ਬਣਾਏ ਪੋਲਿੰਗ ਸੈਂਟਰ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮਗਰੋਂ ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ‘‘ਅੱਜ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਚੋਣਾਂ ’ਚ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕੀਤਾ। ਉਮੀਦ ਕਰਦੇ ਹਾਂ, ਜੋ ਵੀ ਮਾਣਯੋਗ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਣਗੇ, ਦੇਸ਼ ਦੀ ਤਰੱਕੀ, ਸਰਬ ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਏਕਤਾ ਅਖੰਡਤਾ ਬਰਕਰਾਰ ਰੱਖਣ ਲਈ ਕੰਮ ਕਰਨਗੇ।’’
ਆਮ ਆਦਮੀ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਯਸ਼ਵੰਤ ਸਿਨਹਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਸੀ। ਉਧਰ ਕਾਂਗਰਸ ਪਾਰਟੀ ਵੱਲੋਂ ਵੀ ਸਿਨਹਾ ਦਾ ਸਮਰਥਨ ਕੀਤਾ ਗਿਆ। ਅੱਜ ‘ਆਪ’ ਦੇ 92 ਵਿਧਾਇਕਾਂ ਨੇ ਆਪਣੀ ਵੋਟ ਪਾਈ ਜਦੋਂ ਕਿ ਕਾਂਗਰਸ ਦੇ 18 ’ਚੋਂ 16 ਵਿਧਾਇਕਾਂ ਨੇ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕਾਂ ’ਚੋਂ ਦੋ ਵਿਧਾਇਕਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਬੈਲੇਟ ਪੇਪਰ ਰਾਹੀਂ ਆਪਣੀ ਵੋਟ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਦੂਜੇ ਸੂਬਿਆਂ ਦੇ ਕਿਸੇ ਵੀ ਵਿਧਾਇਕ ਅਤੇ ਸੰਸਦ ਮੈਂਬਰ ਨੇ ਸੂਬੇ ਦੇ ਪੋਲਿੰਗ ਸਥਾਨਾਂ ’ਤੇ ਆਪਣੀ ਵੋਟ ਨਹੀਂ ਪਾਈ। ਡਾ. ਰਾਜੂ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਚੋਣ ਦੇ ਅੰਤ ਵਿੱਚ ਚੋਣ ਲੜ ਰਹੇ ਹਰੇਕ ਉਮੀਦਵਾਰ ਦੇ ਅਧਿਕਾਰਤ ਪ੍ਰਤੀਨਿਧੀ ਨੂੰ ਫਾਰਮ 6 (ਬੈਲੇਟ ਪੇਪਰ ਅਕਾਊਂਟ) ਦੀ ਇੱਕ ਕਾਪੀ ਉਪਲੱਬਧ ਕਰਵਾਈ ਗਈ ਹੈ। ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਅਤੇ ਨਿਗਰਾਨ ਦੀ ਹਾਜ਼ਰੀ ਵਿੱਚ ਬੈਲੇਟ ਬਾਕਸ ਅਤੇ ਹੋਰ ਦਸਤਾਵੇਜ਼ਾਂ ਨੂੰ ਲੱਕੜ ਦੇ ਡੱਬੇ ਵਿੱਚ ਸੀਲ ਕਰ ਦਿੱਤਾ ਗਿਆ।

ਹਰਿਆਣਾ ਦੇ 88 ਵਿਧਾਇਕਾਂ ਨੇ ਚੰਡੀਗੜ੍ਹ ਅਤੇ ਬਿਸ਼ਨੋਈ ਨੇ ਦਿੱਲੀ ’ਚ ਪਾਈ ਵੋਟ
ਚੰਡੀਗੜ੍ਹ : ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਹਰਿਆਣਾ ਵਿਧਾਨ ਸਭਾ ਵਿੱਚ ਵੋਟਿੰਗ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ। ਹਰਿਆਣਾ ਦੇ 90 ਵਿਧਾਇਕਾਂ ਵਿੱਚੋਂ 88 ਨੇ ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨ ਸਭਾ ਅਤੇ ਇਕ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਦਿੱਲੀ ਸੰਸਦ ਭਵਨ ਵਿੱਚ ਆਪਣੇ ਵੋਟ ਦੀ ਵਰਤੋਂ ਕੀਤੀ ਹੈ। ਵਿਧਾਇਕ ਨੈਨਾ ਚੌਟਾਲਾ ਵੋਟਿੰਗ ਮੌਕੇ ਗੈਰਹਾਜ਼ਰ ਰਹੇ। ਇਹ ਜਾਣਕਾਰੀ ਰਾਸ਼ਟਰਪਤੀ ਚੋਣ ਦੇ ਰਿਟਰਨਿੰਗ ਅਫ਼ਸਰ ਰਾਜਿੰਦਰ ਕੁਮਾਰ ਨਾਂਗਲ ਨੇ ਦਿੱਤੀ।