ਰਾਸ਼ਟਰਪਤੀ ਤੋਂ ਮੁਆਫ਼ੀ ਮੰਗਾਂਗਾ, ‘ਪਾਖੰਡੀਆਂ’ ਤੋਂ ਨਹੀਂ: ਅਧੀਰ

ਰਾਸ਼ਟਰਪਤੀ ਤੋਂ ਮੁਆਫ਼ੀ ਮੰਗਾਂਗਾ, ‘ਪਾਖੰਡੀਆਂ’ ਤੋਂ ਨਹੀਂ: ਅਧੀਰ

ਨਵੀਂ ਦਿੱਲੀ: ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਕਿ ਜ਼ੁਬਾਨ ਫਿਸਲਣ ਕਾਰਨ ਉਸ ਤੋਂ ‘ਰਾਸ਼ਟਰਪਤਨੀ’ ਆਖਿਆ ਗਿਆ ਅਤੇ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੁਆਫ਼ੀ ਮੰਗਣਗੇ ਪਰ ‘ਪਾਖੰਡੀਆਂ’ ਤੋਂ ਕੋਈ ਮੁਆਫ਼ੀ ਨਹੀਂ ਮੰਗੀ ਜਾਵੇਗੀ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਗਲਤੀ ਨਾਲ ਮੂੰਹ ’ਚੋਂ ਨਿਕਲੇ ਇਕ ਸ਼ਬਦ ’ਤੇ ਉਹ ‘ਰਾਈ ਦਾ ਪਹਾੜ’ ਬਣਾ ਰਹੀ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਮੈਨੂੰ ਵੀ ਅਹਿਸਾਸ ਹੈ ਕਿ ਮੈਂ ਗਲਤ ਸ਼ਬਦ ਬੋਲਿਆ ਹੈ। ਮੈਂ ਤਾਂ ਮੀਡੀਆ ਕਰਮੀਆਂ ਨੂੰ ਕਿਹਾ ਸੀ ਕਿ ਉਹ ਇਸ ਸਬੰਧੀ ਮੇਰਾ ਵੀਡੀਓ ਨਾ ਦਿਖਾਉਣ ਜਿਥੇ ਮੈਂ ਗਲਤੀ ਕੀਤੀ ਸੀ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਕਾਂਗਰਸ ਪਾਰਟੀ ਵਿਜੈ ਚੌਕ ’ਤੇ ਪ੍ਰਦਰਸ਼ਨ ਕਰ ਰਹੀ ਸੀ। ਪੱਤਰਕਾਰਾਂ ਨੇ ਪੁੱਛਿਆ ਸੀ ਕਿ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ। ਤਾਂ ਮੈਂ ਕਿਹਾ ਸੀ ‘ਰਾਸ਼ਟਰਪਤਨੀ’ ਕੋਲ।’’ ਬਾਅਦ ’ਚ ਉਨ੍ਹਾਂ ਕਿਹਾ ਕਿ ਉਹ ਬੰਗਾਲੀ ਹਨ ਅਤੇ ਹਿੰਦੀ ਜ਼ਿਆਦਾ ਨਹੀਂ ਜਾਣਦੇ ਹਨ। ‘ਮੈਂ ਗਲਤੀ ਕੀਤੀ ਹੈ ਅਤੇ ਇਸ ਨੂੰ ਮੰਨਦਾ ਹਾਂ।’ ਕਾਂਗਰਸ ਆਗੂ ਨੇ ਕਿਹਾ ਕਿ ਉਸ ਨੇ ਭਲਕੇ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਅਤੇ ਉਹ ਉਨ੍ਹਾਂ ਤੋਂ ਮੁਆਫ਼ੀ ਮੰਗਣਗੇ। ਉਨ੍ਹਾਂ ਇਕ ਵੀਡੀਓ ਸੁਨੇਹੇ ’ਚ ਵੀ ਕਿਹਾ ਕਿ ਦੇਸ਼ ਦਾ ਰਾਸ਼ਟਰਪਤੀ ਭਾਵੇਂ ਬ੍ਰਾਹਮਣ ਹੋਵੇ ਜਾਂ ਆਦਿਵਾਸੀ, ਸਾਰੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਚੌਧਰੀ ਮੁਤਾਬਕ ਭਾਜਪਾ ਕੋਲ ਕਾਂਗਰਸ ਖ਼ਿਲਾਫ਼ ਕੁਝ ਵੀ ਨਹੀਂ ਹੈ ਅਤੇ ਉਹ ਉਸ ਖ਼ਿਲਾਫ਼ ‘ਮਸਾਲਾ’ ਲਭਦੀ ਫਿਰ ਰਹੀ ਹੈ।