ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਸਜਾਈ

ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਸਜਾਈ

ਜਲੰਧਰ- ਰਾਮਨੌਮੀ ਦੇ ਮੌਕੇ ਅੱਜ ਇਥੋਂ ਦੇ ਰਾਮ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਜਿੰਦਰ ਕੌਰ ਭੱਠਲ, ਪਵਨ ਕੁਮਾਰ ਟੀਨੂੰ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਜੋਗਿੰਦਰ ਸਿੰਘ ਮਾਨ, ‘ਆਪ’ ਤੇ ਲੋਕ ਸਭਾ ਇੰਚਾਰਜ ਮੰਗਲ ਸਿੰਘ, ਬਲਕਾਰ ਸਿੰਘ ਸਮੇਤ ਹੋਰ ਕਈ ਸਿਆਸੀ ਆਗੂਆਂ ਤੇ ਰਾਮ ਭਗਤਾਂ ਨੇ ਯਾਤਰਾ ਵਿਚ ਹਿੱਸਾ ਲਿਆ। ਇਹ ਯਾਤਰਾ ਰਾਮ ਚੌਕ ਤੋਂ ਸ਼ੁਰੂ ਹੋ ਕੇ ਨਹਿਰੂ ਗਾਰਡਨ, ਜੋਤੀ ਚੌਕ, ਭਗਵਾਨ ਵਾਲਮੀਕ ਚੌਕ, ਸਿਵਲ ਹਸਪਤਾਲ, ਪਟੇਲ ਚੌਕ, ਪੁਰਾਣੀ ਸਬਜ਼ੀ ਮੰਡੀ, ਮਾਈ ਹੀਰਾ ਗੇਟ, ਖੀਂਗਰਾ ਗੇਟ, ਪੰਜ ਪੀਰ ਚੌਕ, ਭਗਤ ਸਿੰਘ ਚੌਕ, ਫਗਵਾੜਾ ਗੇਟ, ਮਿਲਾਪ ਚੌਕ ਤੋਂ ਹੁੰਦੀ ਹੋਈ ਰਾਮ ਚੌਕ ਵਿਖੇ ਸਮਾਪਤ ਹੋਈ। ਇਸੇ ਤਰ੍ਹਾਂ ਆਦਮਪੁਰ ਵਿਚ ਵੀ ਧਾਰਮਿਕ ਉਤਸਵ ਸਮਿਤੀ ਵਲੋਂ ਸਵਾਮੀ ਰਾਮ ਭਾਰਤੀ ਦੀ ਅਗਵਾਈ ਅਤੇ ਮੰਗਤ ਰਾਮ ਸ਼ਰਮਾ ਦੀ ਦੇਖ ਰੇਖ ਹੇਠ ਸ਼ਿਵ ਮੰਦਰ ਐਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੋਭਾ ਯਾਤਰਾ ਕੱਢੀ ਗਈ।

ਕਾਦੀਆਂ (ਪੱਤਰ ਪ੍ਰੇਰਕ): ਰਾਮ ਨੌਮੀ ਮੌਕੇ ਅੱਜ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਵੱਖ ਵੱਖ ਧਰਮਾਂ ਦੇ ਨਾਲ ਸਬੰਧਿਤ ਲੋਕਾਂ ਨੇ ਸ਼ਿਰਕਤ ਕੀਤੀ। ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕਾਦੀਆਂ ਦੀ ਸਾਬਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ, ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ, ਐਸਜੀਪੀਸੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ, ਜਮਾਤ ਅਹਿਮਦੀਆ ਦੇ ਸਦਰ ਅਮੂਮੀ ਨੂਰ ਉਦ ਦੀਨ ਸ਼ਾਮਲ ਸਨ।