ਰਾਮ ਨਾਲ ਜੁੜ ਕੇ ਸੱਚਾਈ, ਬਹਾਦਰੀ, ਸਬਰ ਤੇ ਤਿਆਗ ਦਾ ਅਰਥ ਸਮਝ ਆਉਂਦਾ ਹੈ

ਰਾਮ ਨਾਲ ਜੁੜ ਕੇ ਸੱਚਾਈ, ਬਹਾਦਰੀ, ਸਬਰ ਤੇ ਤਿਆਗ ਦਾ ਅਰਥ ਸਮਝ ਆਉਂਦਾ ਹੈ

ਸ੍ਰੀਰਾਮ ਮਨੁੱਖੀ ਆਚਰਣ, ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਆਤਮ-ਬਲ ਦੇ ਅਜਿਹੇ ਮਾਪਦੰਡ ਬਣ ਗਏ ਕਿ ਉਨ੍ਹਾਂ ਨੂੰ ‘ਮਰਿਆਦਾ ਪਰਸ਼ੋਤਮ’ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ। ਉਨ੍ਹਾਂ ਦੇ ਜੀਵਨ ਦੇ ਘਟਨਾਚੱਕਰ ਨੂੰ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਤਤਕਾਲੀ ਆਕਰਸ਼ਣਾਂ ਅਤੇ ਲਾਲਚਾਂ ਨੂੰ ਕਿਨਾਰੇ ਕਰਦੇ ਹੋਏ ਉਹ ਧਰਮ ਮਾਰਗ ’ਤੇ ਅਡਿੱਗ ਰਹਿੰਦੇ ਹੋਏ ਹਰੇਕ ਕਸੌਟੀ ’ਤੇ ਬੇਦਾਗ਼ ਅਤੇ ਖ਼ਰੇ ਉਤਰੇ। ਰਾਮ ਦੇ ਮਾਧਿਅਮ ਨਾਲ ਵਿਆਪਕ ਲੋਕ ਹਿੱਤ ਜਾਂ ਸਮੁੱਚੀ ਸਿ੍ਰਸ਼ਟੀ ਦਾ ਕਲਿਆਣ ਅਜਿਹਾ ਟੀਚਾ ਸਿੱਧ ਹੁੰਦਾ ਹੈ ਕਿ ਉਸ ਅੱਗੇ ਸਭ ਕੁਝ ਛੋਟਾ ਅਤੇ ਫਿੱਕਾ ਪੈ ਜਾਂਦਾ ਹੈ।

ਰਾਜ ਧਰਮ ਦਾ ਨਿਰਬਾਹ ਕਰਦੇ ਹੋਏ ਸ੍ਰੀਰਾਮ ਅਜਿਹਾ ਮਾਪਦੰਡ ਸਥਾਪਤ ਕਰਦੇ ਹਨ ਕਿ ਉਨ੍ਹਾਂ ਦਾ ਰਾਮ ਰਾਜ ਕਲਿਆਣਕਾਰੀ ਰਾਜ ਵਿਵਸਥਾ ਦਾ ਆਦਰਸ਼ ਬਣ ਗਿਆ। ਮਹਾਤਮਾ ਗਾਂਧੀ ਵੀ ਰਾਮ ਰਾਜ ਦੇ ਵਿਚਾਰ ਤੋਂ ਪ੍ਰੇਰਿਤ ਸਨ। ਅੱਜ ਵੀ ਭਾਰਤ ਦੀ ਜਨਤਾ ਆਪਣੇ ਨੇਤਾਵਾਂ-ਨਾਇਕਾਂ ਵਿਚ ਅਜਿਹੇ ਚਰਿੱਤਰ ਨੂੰ ਲੱਭਦੀ ਹੈ ਜੋ ਰਾਮ ਦੀ ਤਰ੍ਹਾਂ ਲੋਕ ਭਲਾਈ ਪ੍ਰਤੀ ਸਮਰਪਤ ਹੋਣ। ਛਲ-ਕਪਟ ਵਾਲੇ ਨੇਤਾਵਾਂ ਦੀ ਭੀੜ ਵਿਚ ਲੋਕ ਦਿ੍ਰੜ੍ਹ ਅਤੇ ਜਨਹਿੱਤ ਨੂੰ ਸਮਰਪਤ ਲੀਡਰਸ਼ਿਪ ਦੀ ਤਲਾਸ਼ ਕਰ ਰਹੇ ਹਨ।
ਮਨੁੱਖੀ ਇਤਿਹਾਸ ਵਿਚ ਰਾਮ-ਕਥਾ ਦੀ ਜਿੰਨੀ ਮਹੱਤਤਾ ਹੈ, ਉਸ ਤਰ੍ਹਾਂ ਦੀ ਅਹਿਮੀਅਤ ਸੰਸਾਰ ਵਿਚ ਸ਼ਾਇਦ ਹੀ ਕਿਸੇ ਹੋਰ ਨੂੰ ਹਾਸਲ ਹੋਵੇ। ਸ੍ਰੀਰਾਮ ਦੀ ਕਥਾ ਦੇ ਸੂਤਰ ਵੈਦਿਕ, ਬੌਧ ਜਾਤਕ ਕਥਾ, ਪ੍ਰਾਕ੍ਰਤ ਦੇ ਜੈਨ ਗ੍ਰੰਥ ‘ਪਾਊਮਚਰਿਯ’ ਵਿਚ ਵੀ ਮਿਲਦੇ ਹਨ। ਮਹਾਭਾਰਤ ਦੇ ਵਣ ਪਰਵ ਵਿਚ ਵੀ ‘ਰਾਮੋਪਾਖਯਾਨ’ ਆਉਂਦਾ ਹੈ ਪਰ ਆਦਿ-ਕਵੀ ਵਾਲਮੀਕਿ ਰਚਿਤ ਰਾਮਾਇਣ ਵਿਚ ਹੀ ਇਹ ਕਥਾ ਲਘੂ ਅਤੇ ਚੰਗੀ ਤਰ੍ਹਾਂ ਵਿਵਸਥਤ ਰੂਪ ਵਿਚ ਵਿਕਸਤ ਹੋਈ। ਭਗਤ ਸ਼੍ਰੋਮਣੀ ਗੋਸਵਾਮੀ ਤੁਲਸੀਦਾਸ ਦੀ ਰਚੀ ‘ਰਾਮਚਰਿਤਮਾਨਸ’ ਨੇ ਸ੍ਰੀਰਾਮ ਨੂੰ ਜਨ-ਜਨ ਦੇ ਹਿਰਦੇ ਵਿਚ ਬਿਠਾ ਦਿੱਤਾ। ਭਾਰਤ ਵਿਚ ਤਰ੍ਹਾਂ-ਤਰ੍ਹਾਂ ਦੀਆਂ ਰਾਮਾਇਣਾਂ ਰਚੀਆਂ ਗਈਆਂ ਹਨ।
ਕਾਲੀਦਾਸ, ਭਵਭੂਤੀ , ਭਾਸ ਅਤੇ ਰਾਜਸ਼ੇਖਰ ਨੇ ਸੰਸਕ੍ਰਿਤ ਵਿਚ ਜੋ ਸ੍ਰੇਸ਼ਠ ਰਾਮ ਕਾਵਿ ਰਚਿਆ, ਉਹ ਪਰੰਪਰਾ ਅੱਜ ਵੀ ਚੱਲ ਰਹੀ ਹੈ। ਕਵਿਤਾ, ਕਹਾਣੀ, ਨਾਟਕ ਅਤੇ ਨਾਵਲ ਆਦਿ ਸਾਰੀਆਂ ਵਿਧਾਵਾਂ ਵਿਚ ਰਾਮ ਕਥਾ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਦਾ ਸਿਰਜਣਾਤਮਕ ਪ੍ਰਗਟਾਵਾ ਹੁੰਦਾ ਆ ਰਿਹਾ ਹੈ। ਰਾਮ-ਕਥਾ ਦੇ ਸੂਤਰ ਅਤੀਤ ਵਿਚ ਭਾਰਤ ਤੋਂ ਬਾਹਰ ਸ੍ਰੀਲੰਕਾ, ਇੰਡੋਨੇਸ਼ੀਆ, ਮਲੇਸ਼ੀਆ, ਚੀਨ, ਜਾਪਾਨ, ਲਾਊਸ, ਥਾਈਲੈਂਡ, ਮਿਆਂਮਾਰ ਅਤੇ ਕੰਬੋਡੀਆ ਆਦਿ ਦੇਸ਼ਾਂ ਤੱਕ ਵੀ ਪੁੱਜੇ ਅਤੇ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਅਪਣਾਇਆ ਅਤੇ ਖ਼ੁਦ ਨੂੰ ਉਨ੍ਹਾਂ ਨਾਲ ਜੋੜਿਆ ਵੀ। ਤਿੱਬਤੀ ਰਾਮਾਇਣ, ਖੇਤਾਨੀ ਰਾਮਾਇਣ, ਕਕਬਿਨਰਾਮਾਇਣ ਅਤੇ ਥਾਈਲੈਂਡ ਦੀ ਰਾਮਕਿਯੇਨ ਰਾਮ-ਕਥਾ ਦਾ ਨਵੇਂ-ਨਵੇਂ ਰੂਪਾਂ ਵਿਚ ਗਾਇਨ ਅਤੇ ਵਰਣਨ ਕਰਦੇ ਹਨ। ਰਾਮ ਇਨ੍ਹਾਂ ਦੇਸ਼ਾਂ ਵਿਚ ਉੱਥੋਂ ਦੀ ਸਮਿ੍ਰਤੀ ਵਿਚ ਨਹੀਂ ਸਗੋਂ ਭੌਤਿਕ ਜੀਵਨ ਅਤੇ ਵਿਵਹਾਰ ਵਿਚ ਵੀ ਸ਼ਾਮਲ ਹਨ। ਉੱਥੇ ਅਯੁੱਧਿਆ ਨਗਰੀ ਵੀ ਹੈ, ਮੰਦਰ ਵੀ ਹਨ ਅਤੇ ਰਾਮਲੀਲ੍ਹਾ ਵੀ। ਸਾਹਿਤ ਦੀ ਦ੍ਰਿਸ਼ਟੀ ਨਾਲ ਰਾਮ ਕਥਾ ਵਰਤਮਾਨ ਸੰਸਾਰ ਦੇ ਜ਼ਿਆਦਾਤਰ ਖੇਤਰਾਂ ਵਿਚ ਪੁੱਜ ਚੁੱਕੀ ਹੈ।

ਇਹ ਸਦੀਆਂ ਤੋਂ ਮੌਜੂਦ ਹੈ। ਉਸ ਦੇ ਲੋਕਾਂ ਵਿਚ ਪੁੱਜਣ ਅਤੇ ਉਸ ਵਿਚ ਰਮ ਜਾਣ ਦੀ ਖਿੱਚ ਲੋਕਾਂ ਨੂੰ ਰਾਮਲੀਲ੍ਹਾ ਵੱਲ ਅੱਜ ਵੀ ਆਕਰਸ਼ਿਤ ਕਰਦੀ ਆ ਰਹੀ ਹੈ। ਸਿਰਫ਼ ਸਾਹਿਤ ਹੀ ਨਹੀਂ ਬਲਕਿ ਸੰਸਕ੍ਰਿਤੀ ਦੀਆਂ ਹੋਰ ਵੰਨਗੀਆਂ ਜਿਵੇਂ ਸੰਗੀਤ, ਨਿ੍ਰਤ ਅਤੇ ਸ਼ਿਲਪ ਵੀ ਰਾਮ ਨਾਮ ਤੋਂ ਪ੍ਰਭਾਵਤ ਹੋਈਆਂ ਹਨ। ਰਾਮ ਕਥਾ ਵਿਚ ਬਦਲਾਅ ਵੀ ਆਏ ਹਨ ਪਰ ਮੂਲ ਭਾਵ ਸੁਰੱਖਿਅਤ ਹਨ। ਭਾਰਤੀਆਂ ਦਾ ਰਾਮ ਨਾਮ ਵਿਚ ਵੱਡਾ ਭਰੋਸਾ ਹੈ। ਭਾਰਤ ਦੇ ਸਾਰੇ ਖੇਤਰਾਂ ਵਿਚ ਸ਼ਾਇਦ ਹੀ ਕੋਈ ਹੋਰ ਨਾਮ ਇੰਨਾ ਪ੍ਰਚਲਿਤ ਅਤੇ ਸਵੀਕਾਰਿਆ ਗਿਆ ਹੋਵੇ ਜਿੰਨਾ

ਰਾਮ ਨਾਮ ਹੈ।

ਅਨੇਕ ਪਰਿਵਾਰ ਉਸ ਨੂੰ ਨਾਮ ਦਾ ਸਥਾਈ ਅੰਸ਼ ਬਣਾ ਚੁੱਕੇ ਹਨ ਅਤੇ ਪੀੜ੍ਹੀ-ਦਰ ਪੀੜ੍ਹੀ ਸਭ ਦੇ ਨਾਮ ਦੇ ਨਾਲ ਰਾਮ ਨਾਮ ਦੀ ਇਹ ਉਪਾਧੀ ਚੱਲਦੀ ਆ ਰਹੀ ਹੈ। ਵੈਸੇ ਵੀ ਪ੍ਰਣਾਮ-ਅਸ਼ੀਰਵਾਦ ਵਰਗੇ ਆਮ ਰੋਜ਼ਾਨਾ ਸੰਬੋਧਨ ਵੀ ਰਾਮ ਦਾ ਨਾਮ ਲੈ ਕੇ ਕੀਤੇ ਜਾਂਦੇ ਹਨ। ਭਗਤੀ ਅਤੇ ਭਜਨ ਵਿਚ ਹੀ ਨਹੀਂ ਸਗੋਂ ਦੁੱਖ, ਦਰਦ, ਪੀੜਾ, ਭਰੋਸੇ ਅਤੇ ਹੈਰਾਨੀ ਆਦਿ ਆਮ ਮਨੋਭਾਵਾਂ ਦੇ ਪ੍ਰਗਟਾਵੇ ਲਈ ਉੱਠਦੇ, ਬੈਠਦੇ, ਚੱਲਦੇ, ਫਿਰਦੇ ਰਾਮ-ਰਾਮ, ਹਰੇ ਰਾਮ, ਜੈ-ਜੈ ਰਾਮ, ਰਾਮ-ਰਾਮ ਜੀ, ਸੀਤਾਰਾਮ ਅਤੇ ਜੈ ਸ੍ਰੀਰਾਮ ਵਰਗੇ ਲਫ਼ਜ਼ ਜ਼ੁਬਾਨ ’ਤੇ ਆ ਜਾਂਦੇ ਹਨ। ਅਜਿਹਾ ਹੋਣਾ ਸਹਿਜ-ਸੁਭਾਅ ਆਮ ਗੱਲ ਹੈ। ਰਾਮ ਦਾ ਭਾਵ ਭਾਰਤੀ ਮਾਨਸ ਅਤੇ ਪ੍ਰਗਟਾਵੇ ਦੀ ਕਦੇ ਨਾ ਮਿਟਣ ਵਾਲੀ ਅਜਿਹੀ ਪੂੰਜੀ ਹੈ ਜੋ ਸੁੱਖ-ਦੁੱਖ, ਖ਼ੁਸ਼ੀ-ਗ਼ਮੀ, ਜੰਗ-ਸ਼ਾਂਤੀ ਅਤੇ ਹੋਰ ਹਾਲਾਤ ਵਿਚ ਸਾਡੇ ਲਈ ਸੰਜੀਵਨੀ ਬੂਟੀ ਦੀ ਤਰ੍ਹਾਂ ਜਿਊਣ ਦਾ ਆਧਾਰ ਪ੍ਰਦਾਨ ਕਰਦੀ ਹੈ। ਰਾਮ ਕਥਾ ਮਨੁੱਖੀ ਜੀਵਨ ਨੂੰ ਸਰਲ ਢੰਗ ਨਾਲ ਜਿਊਣ ਦਾ ਵੱਲ ਸਿਖਾਉਂਦੀ ਹੈ। ਰਾਮ ਲੀਲ੍ਹਾ ਸਦੀਆਂ ਤੋਂ ਆਮ ਲੋਕਾਂ ਲਈ ਉਤਸੁਕਤਾ, ਖ਼ੁਸ਼ੀ ਤੇ ਸੰਵੇਦਨਾ ਦਾ ਆਸਰਾ ਬਣ ਕੇ ਮਨੋਰੰਜਨ ਕਰਦੀ ਆ ਰਹੀ ਹੈ। ਰਾਮਲੀਲ੍ਹਾ ਆਮ ਲੋਕਾਂ ਨੂੰ ਰਾਮਮਈ ਅਰਥਾਤ ਮੰਗਲਮਈ ਬਣਾਉਣ ਦਾ ਉਪਾਅ ਹੈ। ਆਮ ਤੌਰ ’ਤੇ ਇਨ੍ਹਾਂ ਦੇ ਕਿਰਦਾਰ ਸਥਾਨਕ ਸਮਾਜ ਦੇ ਉਤਸ਼ਾਹੀ ਮੈਂਬਰ ਹੁੰਦੇ ਹਨ ਜੋ ਨਾਟ ਕਰਮ ਵਿਚ ਰੁਚੀ ਰੱਖਦੇ ਹਨ। ਜਨ ਭਾਗੀਦਾਰੀ ਦੀ ਇਹ ਅਦਭੁਤ ਮਿਸਾਲ ਹੈ।

ਆਖ਼ਰ ਹੋਵੇ ਵੀ ਕਿਉਂ ਨਾ? ਅੱਜ ਵੀ ਜਨਮ ਤੋਂ ਲੈ ਕੇ ਮਰਨ ਉਪਰੰਤ ਯੱਗ ਤੇ ਕਰਮ-ਕਾਂਡਾਂ ਸਮੇਤ ਸਾਰੇ ਕਾਰਜ ਰਾਮ ਦੇ ਨਾਮ ਨਾਲ ਜੁੜ ਚੁੱਕੇ ਹਨ। ਜਨਮ, ਮੁੰਡਨ, ਯੱਗ ਅਤੇ ਵਿਆਹ ਆਦਿ ਵੱਖ-ਵੱਖ ਮੌਕਿਆਂ ’ਤੇ ਗਾਏ ਜਾਣ ਵਾਲੇ ਲੋਕ ਗੀਤਾਂ ਦੇ ਨਾਇਕ ਦੇ ਰੂਪ ਵਿਚ ਰਾਮ ਵਾਰ-ਵਾਰ ਆਉਂਦੇ ਹਨ। ਰਾਮ ਦੇ ਜੀਵਨ ਨੂੰ ਚੇਤੇ ਕਰਦੇ ਹੋਏ ਉਸ ਦੇ ਨਾਲ ਆਪਣਾ ਤਾਲਮੇਲ ਬਿਠਾਉਣਾ ਕਿਸੇ ਲਈ ਵੀ ਸਹਿਜ ਹੁੰਦਾ ਹੈ।

ਅੱਜ ਦੇ ਇਸ ਦੌਰ ਵਿਚ ਜਦ ਈਰਖਾ, ਸਾੜੇ, ਵੈਰ-ਵਿਰੋਧ, ਬੇਇੱਜ਼ਤੀ ਦੀਆਂ ਭਾਵਨਾਵਾਂ, ਹੋਰਾਂ ਦਾ ਮਾੜਾ ਕਰਨ ਅਤੇ ਅੜਿੱਕਿਆਂ ਦਾ ਰਾਵਣ ਟਾਹਰਾਂ ਮਾਰ ਰਿਹਾ ਹੈ ਤਾਂ ਅਜਿਹੀ ਹਾਲਤ ਵਿਚ ਸ੍ਰੀਰਾਮ ਨਾਲ ਜੁੜ ਕੇ ਹੀ ਆਮ ਲੋਕ ਊਰਜਾ ਹਾਸਲ ਕਰਦੇ ਹਨ। ਉਸੇ ਦੇ ਚਾਨਣ ਵਿਚ ਉਸ ਦੇ ਸਾਰੇ ਰਿਸ਼ਤੇ ਅਰਥਾਂ ਵਾਲੇ ਬਣਦੇ ਹਨ।

ਰਾਮ ਨਾਲ ਜੁੜ ਕੇ ਸੱਚਾਈ, ਬਹਾਦਰੀ, ਸਬਰ ਅਤੇ ਤਿਆਗ ਦੀਆਂ ਕਦਰਾਂ-ਕੀਮਤਾਂ ਦਾ ਅਰਥ ਸਮਝ ਵਿਚ ਆਉਂਦਾ ਹੈ ਅਤੇ ਇਹ ਵੀ ਕਿ ਧਰਮ ਦੇ ਮਾਰਗ ’ਤੇ ਚੱਲ ਕੇ ਹੀ ਮਨੁੱਖੀ ਜੀਵਨ ਸਾਰਥਕ ਬਣਾਇਆ ਜਾ ਸਕਦਾ ਹੈ। ਝੂਠ ਅਤੇ ਬੁਰਾਈ ਦੇ ਪ੍ਰਤੀਕ ਰਾਵਣ ’ਤੇ ਸੱਚ ਅਤੇ ਨਿਆਂ ਦੇ ਪ੍ਰਤੀਕ ਸ੍ਰੀਰਾਮ ਦੀ ਜਿੱਤ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਵੱਕਾਰ ਅਤੇ ਬੇਇਨਸਾਫ਼ੀ ਤੋਂ ਮੁਕਤੀ ਲਈ ਸਮਰਪਣ ਦਾ ਸੱਦਾ ਹੈ।

ਵਿਜੈ-ਦਸ਼ਮੀ ’ਤੇ ਸ੍ਰੀਰਾਮ ਦੀਆਂ ਜੀਵਨ ਕਦਰਾਂ-ਕੀਮਤਾਂ ’ਤੇ ਪੂਰੀ ਤਰ੍ਹਾਂ ਅਮਲ ਕਰਨਾ ਹੀ ਸਾਡਾ ਸੰਕਲਪ ਹੋਣਾ ਚਾਹੀਦਾ ਹੈ। ਪ੍ਰਭੂ ਰਾਮ ਦੇ ਦਿਖਾਏ ਮਾਰਗ ’ਤੇ ਚੱਲ ਕੇ ਹੀ ਅਸੀਂ ਆਪਣੇ ਜੀਵਨ ਦੇ ਸਫ਼ਰ ਨੂੰ ਸਫਲ ਬਣਾ ਸਕਦੇ ਹਾਂ ਅਤੇ ਸੰਸਾਰ ਵਿਚ ਜਸ ਖੱਟ ਸਕਦੇ ਹਾਂ। ਸ੍ਰੀਰਾਮ ਦੇ ਮਾਪਿਆਂ ਦੇ ਆਗਿਆਕਾਰੀ ਤੇ ਵਾਅਦੇ ਦੇ ਪੱਕੇ ਹੋਣ ਵਾਲੇ ਗੁਣਾਂ ’ਤੇ ਅਮਲ ਕਰ ਕੇ ਵੀ ਜੀਵਨ ਨੂੰ ਸੰਵਾਰਿਆ ਜਾ ਸਕਦਾ ਹੈ।
-ਗਿਰੀਸ਼ਵਰ ਮਿਸ਼ਰ