ਰਾਮ ਦੇ ਰੰੰਗ ਵਿੱਚ ਰੰਗਿਆ ‘ਸੋਹਣਾ ਸ਼ਹਿਰ’ ਚੰਡੀਗੜ੍ਹ

ਰਾਮ ਦੇ ਰੰੰਗ ਵਿੱਚ ਰੰਗਿਆ ‘ਸੋਹਣਾ ਸ਼ਹਿਰ’ ਚੰਡੀਗੜ੍ਹ

ਚੰਡੀਗੜ੍ਹ- ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਸਿਟੀ ਬਿਊਟੀਫੁੱਲ ਵਿੱਚ ਵੀ ਉਤਸ਼ਾਹ ਦਾ ਮਾਹੌਲ ਹੈ। ਅਯੁੱਧਿਆ ’ਚ ਹੋਣ ਜਾ ਰਹੇ ਇਸ ਧਾਰਮਿਕ ਸਮਾਗਮ ਮੌਕੇ ਚੰਡੀਗੜ੍ਹ ਸ਼ਹਿਰ ’ਚ ਭਗਵਾਨ ਸ੍ਰੀ ਰਾਮ ਦੇ ਗੁਣਗਾਨ ਕਰਦੇ ਹੋਏ ਰਾਮ ਭਗਤਾਂ ਵਲੋਂ ਸ਼ਹਿਰ ਦੇ ਲਗਪਗ ਹਰ ਗਲੀ ਮੁਹੱਲੇ ਸਮੇਤ ਮਾਰਕੀਟਾਂ ਵਿੱਚ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਪੈਦਲ ਯਾਤਰਾ ਕਰਨ ਦਾ ਦੌਰ ਜਾਰੀ ਰਿਹਾ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ ਲਗਪਗ ਚਾਰ ਸੌ ਥਾਵਾਂ ’ਤੇ ਲੰਗਰ ਲਗਾਏ ਗਏ। ਇਸ ਸਮਾਗਮ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਜਾ ਰਹੇ ਹਨ ਅਤੇ ਪੂਜਾ ਪਾਠ ਸਮੇਤ ਕਈ ਥਾਂਵਾਂ ’ਤੇ ਖੂਨਦਾਨ ਕੈਂਪ ਲਗਾਏ ਗਏ। ਸ਼ਹਿਰ ਦੇ ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ।

ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਪੂਰਾ ਦੇਸ਼ ਰਾਮ ਦੇ ਰੰਗ ’ਚ ਰੰਗਿਆ ਹੋਇਆ ਹੈ ਅਤੇ ਪੂਰੇ ਦੇਸ਼ ’ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਦੇਸ਼ ਫਿਰ ਤੋਂ ਦੀਵਾਲੀ ਮਨਾ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਸ਼ਰਧਾਲੂਆਂ ਅਤੇ ਚੰਡੀਗੜ੍ਹ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਇਸਦੇ ਨਾਲ ਹੀ ਪਿੰਡ ਬੁੜੈਲ ਵਿੱਚ ਸ੍ਰੀ ਸਨਾਤਨ ਯੁਵਾ ਸੰਗਠਨ ਵੱਲੋਂ ਪਦਯਾਤਰਾ ਕੱਢੀ ਗਈ। ਇਸ ਵਿੱਚ ਏਰੀਆ ਕੌਂਸਲਰ ਕੰਵਰ ਰਾਣਾ ਅਤੇ ਸੰਗਠਨ ਦੇ ਅਹੁਦੇਦਾਰਾਂ ਮੁਕੇਸ਼ ਸ਼ਾਸਤਰੀ, ਸ਼ੁਸ਼ੀਲ ਜੈਨ ,ਵਿਕਾਸ ਸ਼ਰਮਾ, ਅਮਿਤ ਸ਼ਰਮਾ, ਮੀਨਾ ਚੱਢਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਦੂਜੇ ਪਾਸੇ ਸੈਕਟਰ 46 ਸਥਿਤ ਸ੍ਰੀ ਸਨਾਤਨ ਧਰਮ ਮੰਦਰ ਵਿੱਚ ਵੀ 31 ਦਸੰਬਰ ਤੋਂ ਸਮਾਗਮ ਕਰਵਾਏ ਜਾ ਰਹੇ ਹਨ। ਸਭਾ ਦੇ ਪ੍ਰਧਾਨ ਜਤਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਮੰਦਰ ਭਵਨ ਵਿਖੇ ਖੂਨ ਦਾਨ ਕੈਂਪ ਦੇ ਨਾਲ-ਨਾਲ ਪੂਰੇ ਦਿਨ ਭੰਡਾਰਾ ਵੀ ਲਗਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੰਜਾਬ ਪੁਲੀਸ ਦੇ ਏਡੀਜੀਪੀ ਏ ਕੇ ਪਾਂਡੇ, ਜੀਜੀਡੀ ਐੱਸਡੀ ਕਾਲੇਜ ਸੈਕਟਰ-32 ਦੇ ਪ੍ਰਿੰਸੀਪਲ ਅਜੇ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਅਤੇ ਖੂਨਦਾਨ ਕਰਨ ਵਾਲਿਆਂ ਦੀ ਹੌਸਲਾਅਫ਼ਜਾਈ ਕੀਤੀ। ਸ਼ਿਵਾਨੰਦ ਚੌਬੇ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ ਲਗਪਗ ਇੱਕ ਸੌ ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ।

ਇਸਦੇ ਨਾਲ ਹੀ ਇਥੇ ਸੈਕਟਰ-34 ਸਥਿਤ ਪ੍ਰਦਰਸ਼ਨੀ ਮੈਦਾਨ ਵਿਖੇ ਵੀ 15 ਜਨਵਰੀ ਤੋਂ ਵਿਸ਼ੇਸ਼ ਪੰਡਾਲ ਲਗਾਇਆ ਹੋਇਆ ਹੈੈ। ਉਧਰ, ਸ੍ਰੀ ਰਾਮ ਮੰਦਰ ਨੂੰ ਲੈ ਕੇ ਸ਼ਹਿਰ ਦੀਆਂ ਲਗਪਗ ਸਾਰੀਆਂ ਮਾਰਕੀਟਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਮਾਰਕੀਟਾਂ ਵਿੱਚ ਲਗਾਈਆਂ ਗਈਆਂ ਰੰਗ-ਬਿਰੰਗੀਆਂ ਲਾਈਟਾਂ ਕਾਰਨ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ।