ਰਾਮਬਨ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ 800 ਤੋਂ ਵੱਧ ਵਾਹਨ ਫਸੇ

ਰਾਮਬਨ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ 800 ਤੋਂ ਵੱਧ ਵਾਹਨ ਫਸੇ

ਜੰਮੂ-ਸ੍ਰੀਨਗਰ ਕੌਮੀ ਮਾਰਗ ਲਗਾਤਾਰ ਤੀਜੇ ਦਿਨ ਰਿਹਾ ਬੰਦ; ਮਲਬਾ ਸਾਫ਼ ਕਰਨ ਦਾ ਕੰਮ ਜਾਰੀ
ਜੰਮੂ – ਰਾਮਬਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ ਸੜਕ ’ਤੇ 800 ਤੋਂ ਵੱਧ ਵਾਹਨ ਫਸ ਗਏ। ਇਸ ਦੌਰਾਨ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਅੱਜ ਲਗਾਤਾਰ ਤੀਜੇ ਦਿਨ ਵੀ ਆਵਾਜਾਈ ਲਈ ਬੰਦ ਰਹੀ।

ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ 270 ਕਿਲੋਮੀਟਰ ਲੰਬਾ ਇਹ ਇੱਕੋ-ਇੱਕ ਕੌਮੀ ਮਾਰਗ ਸੋਮਵਾਰ ਨੂੰ ਜ਼ਿਲ੍ਹੇ ਵਿੱਚ ਚੰਦਰਕੋਟ ਤੇ ਬਨਿਹਾਲ ਵਿਚਾਲੇ ਢਿੱਗਾਂ ਤੇ ਚੱਟਾਨਾਂ ਡਿੱਗਣ ਕਾਰਨ ਬੰਦ ਹੋ ਗਿਆ ਸੀ। ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘‘ਅੱਜ ਸਵੇਰੇ ਬਨਿਹਾਲ ਤਹਿਸੀਲ ਵਿੱਚ ਪੈਂਦੇ ਰਾਮਪਰੀ ਖੇਤਰ ਵਿੱਚ ਕੌਮੀ ਮਾਰਗ ਅਤੇ ਕਈ ਹੋਰ ਥਾਵਾਂ ’ਤੇ ਢਿੱਗਾਂ ਡਿੱਗੀਆਂ। ਅਧਿਕਾਰੀ ਨੇ ਦੱਸਿਆ ਕਿ ਕੌਮੀ ਮਾਰਗ ’ਤੇ ਆਵਾਜਾਈ ਬਹਾਲ ਕਰਨ ਲਈ ਅਮਲਾ ਤੇ ਮਸ਼ੀਨਰੀ ਲਗਾ ਦਿੱਤੀ ਗਈ ਹੈ ਅਤੇ ਮਾਰਗ ਤੋਂ ਮਲਬਾ ਸਾਫ ਕਰਨ ਵਿੱਚ ਕਈ ਘੰਟੇ ਲੱਗਣਗੇ। ਇਸੇ ਦੌਰਾਨ ਟਰੈਫਿਕ ਅਧਿਕਾਰੀਆਂ ਨੇ ਐਡਵਾਈਜ਼ਰੀ ਜਾਰੀ ਕਰ ਕੇ ਯਾਤਰੀਆਂ ਨੂੰ ਕੌਮੀ ਮਾਰਗ ’ਤੇ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਨੁਸਾਰ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਦੇ ਪੁਣਛ ਜ਼ਿਲ੍ਹੇ ਨਾਲ ਜੋੜਦਾ ਮੁਗ਼ਲ ਰੋਡ ਵੀ ਭਾਰੀ ਬਰਫਬਾਰੀ ਕਾਰਨ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਉੱਚੀ ਚੋਟੀਆਂ ਵਾਲੇ ਜ਼ਿਲ੍ਹਿਆਂ ਵਿੱਚ ਹੋਈ ਭਾਰੀ ਬਰਫਬਾਰੀ ਕਾਰਨ ਕਈ ਅੰਤਰ-ਜ਼ਿਲ੍ਹਾ ਸੜਕਾਂ ਬੰਦ ਹੋ ਗਈਆਂ ਹਨ।